
Jammu Road Accident : ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਨੌਜਵਾਨ
Car collides with gas tanker parked on Jammu-Pathankot highway, 2 Died, 1 injured Latest News in Punjabi : ਸਾਂਬਾ : ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਸਾਂਬਾ ਦੇ ਮਹੇਸ਼ਵਰ ਫ਼ੌਜੀ ਖੇਤਰ ਨੇੜੇ ਐਤਵਾਰ ਸਵੇਰੇ ਇਕ ਦਰਦਨਾਕ ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਹੋਰ ਨੌਜਵਾਨ ਜ਼ਖ਼ਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਤਿੰਨੋਂ ਨੌਜਵਾਨ JK02BK2963 ਨੰਬਰ ਵਾਲੀ ਕਾਰ ਵਿਚ ਸਫ਼ਰ ਕਰ ਰਹੇ ਸਨ, ਜੋ ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ। ਸਾਂਬਾ ਦੇ ਫ਼ੌਜੀ ਖੇਤਰ ਦੇ ਨੇੜੇ ਕਾਰ ਅਚਾਨਕ NLAA01 0248 ਨੰਬਰ ਵਾਲੇ ਇਕ ਖੜ੍ਹੇ ਗੈਸ ਟੈਂਕਰ ਨਾਲ ਟਕਰਾ ਗਈ।
ਇਸ ਹਾਦਸੇ ਵਿਚ 2 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਤੀਜਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਕਾਰ ਨਾਲ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਹ ਟੈਂਕਰ ਦੇ ਹੇਠਾਂ ਬੁਰੀ ਤਰ੍ਹਾਂ ਧਸ ਕੇ ਫਸ ਗਈ। ਲਾਸ਼ਾਂ ਨੂੰ ਕੱਢਣ ਲਈ ਪੁਲਿਸ ਨੂੰ ਸਖ਼ਤ ਮਿਹਨਤ ਕਰਨੀ ਪਈ।
ਜ਼ਿਕਰਯੋਗ ਹੈ ਕਿ ਪੁਲਿਸ ਜ਼ਖ਼ਮੀ ਨੌਜਵਾਨ ਨੂੰ ਸਾਂਬਾ ਜ਼ਿਲ੍ਹਾ ਦੇ ਹਸਪਤਾਲ ਲਿਜਾਇਆ ਗਿਆ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਾਂਬਾ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਮ੍ਰਿਤਕਾਂ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਬੰਤੂ ਡੋਗਰਾ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸ਼ੁਭਮ ਸ੍ਰੀਵਾਸਤਵ ਵਜੋਂ ਹੋਈ ਹੈ। ਜਦੋਂ ਕਿ ਜ਼ਖ਼ਮੀ ਨੌਜਵਾਨ ਦੀ ਪਛਾਣ ਰਾਕੇਸ਼ ਕੁਮਾਰ ਪੁੱਤਰ ਰਾਮ ਦਾਸ ਵਾਸੀ ਪਿੰਡ ਕਿਸ਼ਨਪੁਰ ਤਹਿਸੀਲ ਬਿੱਲਾਵਰ ਜ਼ਿਲ੍ਹਾ ਕਠੂਆ ਵਜੋਂ ਹੋਈ ਹੈ। ਜ਼ਖ਼ਮੀ ਨੌਜਵਾਨ ਦਾ ਸਾਂਬਾ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।