
Bihar News : ਖੜਗੇ ਨੇ ਦੋਸ਼ ਲਾਇਆ ਕਿ ਕਾਨੂੰਨ ’ਚ ਹਾਲ ਹੀ ’ਚ ਕੀਤੀਆਂ ਸੋਧਾਂ ਲੋਕਾਂ ਨੂੰ ਵੰਡਣ ਦੀ ਭਾਰਤੀ ਜਨਤਾ ਪਾਰਟੀ-ਆਰ.ਐੱਸ.ਐੱਸ. ਦੀ ਸਾਜ਼ਸ਼ ਦਾ ਹਿੱਸਾ
Bihar News in Punjabi : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਨੈਸ਼ਨਲ ਹੇਰਾਲਡ ਮਾਮਲੇ ’ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਰਗੇ ਚੋਟੀ ਦੇ ਨੇਤਾਵਾਂ ਨੂੰ ਫਸਾ ਕੇ ਉਨ੍ਹਾਂ ਦੀ ਪਾਰਟੀ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਵਕਫ ਮੁੱਦੇ ’ਤੇ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਖੜਗੇ ਨੇ ਦੋਸ਼ ਲਾਇਆ ਕਿ ਕਾਨੂੰਨ ’ਚ ਹਾਲ ਹੀ ’ਚ ਕੀਤੀਆਂ ਗਈਆਂ ਸੋਧਾਂ ਲੋਕਾਂ ਨੂੰ ਵੰਡਣ ਦੀ ਭਾਰਤੀ ਜਨਤਾ ਪਾਰਟੀ (ਭਾਜਪਾ)-ਆਰ.ਐੱਸ.ਐੱਸ. ਦੀ ਸਾਜ਼ਸ਼ ਦਾ ਹਿੱਸਾ ਹਨ।
ਬਕਸਰ ਦੇ ਦਲਸਾਗਰ ਸਟੇਡੀਅਮ ’ਚ ਪਾਰਟੀ ਦੀ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ, ‘‘ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵਰਗੇ ਸਾਡੇ ਨੇਤਾਵਾਂ ਨੂੰ ਨੈਸ਼ਨਲ ਹੇਰਾਲਡ ਮਾਮਲੇ ’ਚ ਫਸਾ ਕੇ ਕਾਂਗਰਸ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਕਿਸੇ ਤੋਂ ਨਹੀਂ ਡਰਦੇ ਅਤੇ ਨਾ ਹੀ ਅਸੀਂ ਕਿਸੇ ਦੇ ਅੱਗੇ ਝੁਕਾਂਗੇ। ਕੇਂਦਰੀ ਜਾਂਚ ਏਜੰਸੀਆਂ ਦੇ ਅਧਿਕਾਰੀਆਂ ਨੇ ਤਲਾਸ਼ੀਆਂ ਲਈਆਂ ਪਰ ਕੁੱਝ ਵੀ ਨਹੀਂ ਮਿਲਿਆ। ਸਾਡੇ ਨੇਤਾ ਡਰੇ ਹੋਏ ਨਹੀਂ ਹਨ। ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਵਰਗੇ ਸਾਡੇ ਨੇਤਾਵਾਂ ਨੇ ਦੇਸ਼ ਲਈ ਅਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ।’’
ਖੜਗੇ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਨੇ ਬ੍ਰਿਟਿਸ਼ ਸ਼ਾਸਨ ਦੌਰਾਨ ‘ਨੈਸ਼ਨਲ ਹੇਰਾਲਡ’ ਅਤੇ ‘ਕੌਮੀ ਅਵਾਜ਼’ ਅਖਬਾਰਾਂ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ, ‘‘ਇਨ੍ਹਾਂ ਅਖ਼ਬਾਰਾਂ ਨੂੰ ਸ਼ੁਰੂ ਕਰਨ ਦਾ ਮਕਸਦ ਆਜ਼ਾਦੀ ਸੰਗਰਾਮ ਦੌਰਾਨ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਸੀ ਤਾਂ ਜੋ ਬ੍ਰਿਟਿਸ਼ ਸ਼ਾਸਨ ਵਿਰੁਧ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤ ਕੀਤਾ ਜਾ ਸਕੇ। ਦੂਜੇ ਪਾਸੇ, ਆਰ.ਐਸ.ਐਸ. ਦੇ ਨੇਤਾ ਅੰਗਰੇਜ਼ਾਂ ਦੇ ਏਜੰਟ ਸਨ ਅਤੇ ਉਨ੍ਹਾਂ ਲਈ ਕੰਮ ਕਰ ਰਹੇ ਸਨ। ਪਰ ਹੁਣ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ। ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਸੀ.ਬੀ.ਆਈ., ਈ.ਡੀ. ਅਤੇ ਇਨਕਮ ਟੈਕਸ ਵਰਗੀਆਂ ਕੇਂਦਰੀ ਏਜੰਸੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ।’’
ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਨੈਸ਼ਨਲ ਹੇਰਾਲਡ ਮਾਮਲੇ ’ਚ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਦੋਸ਼ ’ਚ ਕਾਂਗਰਸ ਨੇਤਾ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰਾਂ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਹੈ। ਖੜਗੇ ਨੇ ਦੋਸ਼ ਲਾਇਆ ਕਿ ਭਾਜਪਾ ਅਤੇ ਆਰ.ਐਸ.ਐਸ. ਗਰੀਬਾਂ, ਔਰਤਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਵਿਰੁਧ ਹਨ।
ਉਨ੍ਹਾਂ ਕਿਹਾ ਕਿ ਉਹ (ਆਰ.ਐਸ.ਐਸ.-ਭਾਜਪਾ) ਸਮਾਜ ਦੀ ਬਿਹਤਰੀ ਲਈ ਨਹੀਂ ਸੋਚ ਸਕਦੇ। ਉਹ ਜਾਤ ਅਤੇ ਧਰਮ ਦੇ ਅਧਾਰ ’ਤੇ ਸਮਾਜ ਨੂੰ ਵੰਡਣ ’ਚ ਵਿਸ਼ਵਾਸ ਰਖਦੇ ਹਨ। ਕੇਂਦਰ ’ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਮੋਦੀ ਜੀ ਅਤੇ ਹੋਰ ਭਾਜਪਾ ਨੇਤਾ ਸਿਰਫ ਹਿੰਦੂ-ਮੁਸਲਿਮ ਦੀ ਗੱਲ ਕਰਦੇ ਹਨ ਅਤੇ ਮੁੱਖ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ।
ਉਨ੍ਹਾਂ ਕਿਹਾ, ‘‘ਮਹਾਤਮਾ ਗਾਂਧੀ ਦੇ ਆਦਰਸ਼ ਅਤੇ ਡਾ. ਬੀ.ਆਰ. ਅੰਬੇਡਕਰ ਦੇ ਸਿਧਾਂਤ ਸਾਡੀ ਵਿਚਾਰਧਾਰਾ ਦੀ ਨੀਂਹ ਹਨ ਅਤੇ ਇਨ੍ਹਾਂ ਤੋਂ ਹੀ ਅਸੀਂ ਅਪਣੀ ਤਾਕਤ ਪ੍ਰਾਪਤ ਕਰਦੇ ਹਾਂ। ਇਸੇ ਤਾਕਤ ਨਾਲ ਅਸੀਂ ਅਨਿਆਂ ਵਿਰੁਧ ਲੜਾਂਗੇ ਅਤੇ ਨਫ਼ਰਤ ਦੀ ਵਿਚਾਰਧਾਰਾ ਨੂੰ ਹਰਾਵਾਂਗੇ।’’
ਜਨਤਾ ਦਲ (ਯੂ) ਅਤੇ ਭਾਜਪਾ ਦਰਮਿਆਨ ਗਠਜੋੜ ਨੂੰ ‘ਮੌਕਾਪ੍ਰਸਤ’ ਦਸਿਆ
ਇਸ ਤੋਂ ਇਲਾਵਾ ਕਾਂਗਰਸ ਪ੍ਰਧਾਨ ਨੇ ਬਿਹਾਰ ’ਚ ਸੱਤਾਧਾਰੀ ਜਨਤਾ ਦਲ (ਯੂ) ਅਤੇ ਭਾਜਪਾ ਦਰਮਿਆਨ ਗਠਜੋੜ ਨੂੰ ‘ਮੌਕਾਪ੍ਰਸਤ’ ਕਰਾਰ ਦਿਤਾ ਅਤੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਸਿਰਫ ਕੁਰਸੀ ਲਈ ਪਾਰਟੀ ਬਦਲਦੇ ਹਨ। ਉਨ੍ਹਾਂ ਕਿਹਾ, ‘‘ਨਿਤੀਸ਼ ਕੁਮਾਰ ਅਤੇ ਭਾਜਪਾ ਦਾ ਗਠਜੋੜ ਮੌਕਾਪ੍ਰਸਤ ਹੈ। ਇਹ ਸੂਬੇ ਦੇ ਲੋਕਾਂ ਲਈ ਚੰਗਾ ਨਹੀਂ ਹੈ। ਉਨ੍ਹਾਂ ਨੇ ਸਿਰਫ ਕੁਰਸੀ (ਮੁੱਖ ਮੰਤਰੀ ਦੇ ਅਹੁਦੇ) ਲਈ ਪਾਰਟੀ ਬਦਲੀ ਹੈ। ਜਨਤਾ ਦਲ (ਯੂ) ਮੁਖੀ ਨੇ ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲੀ ਵਿਚਾਰਧਾਰਾ ਨਾਲ ਹੱਥ ਮਿਲਾਇਆ ਹੈ। ਭਾਜਪਾ-ਜੇ.ਡੀ. (ਯੂ) ਗਠਜੋੜ ਸਿਰਫ ਸੱਤਾ ਸਾਂਝਾ ਕਰਨ ਲਈ ਬਣਾਇਆ ਗਿਆ ਹੈ। ਉਨ੍ਹਾਂ ਨੂੰ ਬਿਹਾਰ ਦੇ ਵਿਕਾਸ ਦੀ ਕੋਈ ਚਿੰਤਾ ਨਹੀਂ ਹੈ।’’ ਖੜਗੇ ਨੇ ਇਹ ਵੀ ਪੁਛਿਆ ਕਿ ਬਿਹਾਰ ਲਈ 1.25 ਲੱਖ ਕਰੋੜ ਰੁਪਏ ਦੇ ਪੈਕੇਜ ਦੇ ਮੋਦੀ ਦੇ ਵਾਅਦੇ ਦਾ ਕੀ ਹੋਇਆ ਅਤੇ ਪ੍ਰਧਾਨ ਮੰਤਰੀ ’ਤੇ ਝੂਠ ਦੀ ਫੈਕਟਰੀ ਚਲਾਉਣ ਦਾ ਦੋਸ਼ ਲਾਇਆ।
(For more news apart from National Herald case aimed at intimidating Congress: Kharge News in Punjabi, stay tuned to Rozana Spokesman)