
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਲੜੇਗਾ ਅਤੇ ਜਿੱਤੇਗਾ..............
ਸ਼ਾਹਬਾਦ ਮਾਰਕੰਡਾ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਲੜੇਗਾ ਅਤੇ ਜਿੱਤੇਗਾ। ਉਹ ਪਿੱਪਲੀ ਵਿਖੇ ਹੋਏ ਅਕਾਲੀ ਦਲ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਬਾਦਲ ਨੇ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਅੱਜ ਸਾਬਤ ਕਰ ਦਿਤਾ ਹੈ ਕਿ ਉਹ ਅਕਾਲੀ ਦਲ ਨਾਲ ਹਨ। ਉਨ੍ਹਾਂ ਕਿਹਾ ਕਿ ਹੁਣ ਮੌਕਾ ਹੈ ਇਕੱਠੇ ਹੋਣ ਦਾ, ਤਾਕਤ ਵਿਖਾਉਣ ਦਾ। ਜਿਹੜੀ ਕੌਮ ਦਾ ਝੰਡਾ ਮਜ਼ਬੂਤ ਹੁੰਦਾ ਹੈ, ਉਸ ਨੂੰ ਕੋਈ ਨਹੀਂ ਹਰਾ ਸਕਦਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ 25 ਤੋਂ 30 ਲੱਖ ਸਿੱਖ ਹਨ।
ਜੇ ਇਹ ਸਾਰੇ ਇਕੱਠੇ ਹੋ ਜਾਣ ਤਾਂ ਹਰਿਆਣਾ ਵਿਚ ਅਕਾਲੀ ਦਲ ਦੀ ਸਰਕਾਰ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਹਰਿਆਣਾ ਵਿਚ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਅਕਾਲੀ ਦਲ ਹਰਿਆਣਾ ਦੇ ਲੋਕਾਂ ਦੀ ਤਕਦੀਰ ਬਦਲ ਸਕਦਾ ਹੈ। ਬਾਦਲ ਨੇ ਕਿਹਾ ਕਿ ਪੰਜਾਬ ਦੀ ਤਰਜ਼ 'ਤੇ ਹਰਿਆਣਾ ਵਿਚ ਵੀ ਕਿਸਾਨਾਂ ਦੇ ਟਿਊਬਵੈੱਲਾਂ ਦੇ ਬਿਜਲੀ ਦੇ ਬਿਲ ਦੇ ਮਾਫ਼ ਕਰ ਦਿਤੇ ਜਾਣਗੇ। ਉਨ੍ਹਾਂ ਕਿਹਾ, 'ਕਾਂਗਰਸ ਮਗਰੋਂ ਅਕਾਲੀ ਦਲ ਸੱਭ ਤੋਂ ਪੁਰਾਣੀ ਪਾਰਟੀ ਹੈ। 1920 ਵਿਚ ਅਕਾਲੀ ਪਾਰਟੀ ਦਾ ਗਠਨ ਹੋਇਆ ਸੀ।
ਅਕਾਲੀ ਦਲ 36 ਬਿਰਾਦਰੀਆਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ ਅਤੇ ਗ਼ਰੀਬ, ਮਜ਼ਦੂਰ ਅਤੇ ਕਿਸਾਨ ਦੇ ਹੱਕ ਵਿਚ ਕੰਮ ਕਰਦੀ ਹੈ।' ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਿੱਖਾਂ 'ਤੇ ਸਮੇਂ ਦੀਆਂ ਸਰਕਾਰਾਂ ਨੇ ਜ਼ੁਲਮ ਕੀਤੇ ਹਨ। ਪਿਛਲੇ ਹਫ਼ਤੇ ਹਿਸਾਰ ਵਿਚ ਸਿੱਖ ਪਰਵਾਰ 'ਤੇ ਹਮਲਾ ਕੀਤਾ ਗਿਆ। ਅਕਾਲੀ ਦਲ ਮਹਿਲਾ ਵਿੰਗ ਦੀ ਕੌਮੀ ਪ੍ਰਧਾਨ ਜਗੀਰ ਕੌਰ ਨੇ ਕਿਹਾ ਕਿ ਰੈਲੀ ਵਿਚ ਏਨਾ ਇਕੱਠ ਹੋਇਆ ਹੈ ਕਿ ਅੱਧੀ ਲੜਾਈ ਹਰਿਆਣਾ ਦੇ ਲੋਕਾਂ ਨੇ ਅੱਜ ਜਿੱਤ ਲਈ ਹੈ।
ਹਰਿਆਣਾ ਅਕਾਲੀ ਦਲ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੌਥਾ ਨੇ ਅਪੀਲ ਕੀਤੀ ਕਿ ਦਿੱਲੀ ਦੀ ਤਰਜ਼ 'ਤੇ ਅਕਾਲੀ ਦਲ ਹਰਿਆਣਾ ਵਿਚ ਚੋਣ ਲੜੇ ਅਤੇ ਚੋਣਾਂ ਤਕ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਹਰਿਆਣਾ ਵਿਚ ਡੇਰਾ ਲਗਾ ਕੇ ਬੈਠ ਜਾਣ। ਰੈਲੀ ਵਿਚ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਤਿਰਲੋਚਨ ਸਿੰਘ, ਐਨ ਕੇ ਸ਼ਰਮਾ, ਬਕਲੌਰ ਸਿੰਘ, ਕਰਤਾਰ ਕੌਰ, ਰਣਜੀਤ ਕੌਰ, ਰਵਿੰਦਰ ਕੌਰ ਵੀ ਮੌਜੂਦ ਸਨ।