
ਪ੍ਰਧਾਨ ਮੰਤਰੀ ਮੋਦੀ ਲਗਾਤਾਰ ਸਤਵੀਂ ਵਾਰ ਲਾਲ ਕਿਲੇ ਤੋਂ ਦੇਸ਼ ਨੂੰ ਸੰਬੋਧਨ ਕਰਨਗੇ
ਨਵੀਂ ਦਿੱਲੀ, 14 ਅਗੱਸਤ : ਇਸ ਸਾਲ ਲਾਲ ਕਿਲੇ 'ਤੇ 74ਵੇਂ ਆਜ਼ਾਦੀ ਦਿਵਸ ਸਮਾਗਮਾਂ ਲਈ ਬਹੁਪਰਤੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਲਾਜ਼ਮੀ ਤੌਰ 'ਤੇ ਪਾਲਣਾ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਿਚਰਵਾਰ ਨੂੰ ਦੇਸ਼ ਨੂੰ ਲਾਲ ਕਿਲੇ ਦੀ ਫ਼ਸੀਲ ਤੋਂ ਸੰਬੋਧਨ ਕਰਨਗੇ। ਉਹ ਲਗਾਤਾਰ ਸਤਵੀਂ ਵਾਰ ਲਾਲ ਕਿਲੇ ਤੋਂ ਦੇਸ਼ ਨੂੰ ਭਾਸ਼ਨ ਦੇਣਗੇ। ਲਾਲ ਕਿਲੇ ਦੇ ਆਲੇ ਦੁਆਲੇ ਐਨਐਸਜੀ ਸਨਾਈਪਰਜ਼, ਸਵਾਤ ਕਮਾਂਡੋ ਅਤੇ ਪਤੰਗ ਫੜਨ ਵਾਲੇ ਮੁਲਾਜ਼ਮਾਂ ਸਮੇਤ ਸੁਰੱਖਿਆ ਘੇਰਾ ਤੈਨਾਤ ਰਹੇਗਾ।
ਦਿੱਲੀ ਪੁਲਿਸ ਦੇ ਵਧੀਕ ਜਨ ਸੰਪਰਕ ਅਧਿਕਾਰੀ ਅਨਿਲ ਮਿੱਤਲ ਨੇ ਦਸਿਆ, 'ਦਿੱਲੀ ਪੁਲਿਸ ਨੇ ਆਜ਼ਾਦੀ ਦਿਵਸ ਸਮਾਗਮਾਂ ਦੇ ਸਬੰਧ ਵਿਚ ਬਹੁਪਰਤੀ ਸੁਰੱਖਿਆ ਇੰਤਜ਼ਾਮ ਕੀਤੇ ਹਨ। ਐਨਐਸਜੀ, ਐਸਪੀਜੀ ਅਤੇ ਆਈਟੀਬੀਪੀ ਜਿਹੀਆਂ ਹੋਰ ਏਜੰਸੀਆਂ ਨਾਲ ਜ਼ਰੂਰੀ ਤਾਲਮੇਲ ਕੀਤਾ ਗਿਆ ਹੈ।'
ਉਨ੍ਹਾਂ ਕਿਹਾ ਕਿ ਸਾਰੀਆਂ ਏਜੰਸੀਆਂ ਇਕ ਦੂਜੇ ਦੇ ਸੰਪਰਕ ਵਿਚ ਰਹਿਣਗੀਆਂ। ਸਵਾਤ ਟੀਮ ਅਤੇ ਬੁਲੇਟ ਪਰੂਫ਼ ਵਾਹਨਾਂ ਨੂੰ ਰਣਨੀਤਕ ਰੂਪ ਵਿਚ ਤੈਨਾਤ ਕੀਤਾ ਗਿਆ ਹੈ।
File Photo
ਪ੍ਰਧਾਨ ਮੰਤਰੀ ਦੇ ਲਾਲ ਕਿਲੇ ਜਾਣ ਦੇ ਰਾਹ 'ਤੇ ਭਾਰੀ ਸੁਰੱਖਿਆ ਫ਼ੋਰਸ ਤੈਨਾਤ ਰਹੇਗੀ। ਪੁਲਿਸ ਨੇ ਦਸਿਆ ਕਿ ਸੁਰੱਖਿਆ ਲਈ 300 ਤੋਂ ਵੱਧ ਕੈਮਰੇ ਲਾਏ ਗਏ ਹਨ ਅਤੇ ਉਨ੍ਹਾਂ ਦੀ ਫ਼ੁਟੇਜ 'ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ। ਲਾਲ ਕਿਲੇ 'ਤੇ ਲਗਭਗ 4000 ਸੁਰੱਖਿਆ ਮੁਲਾਜ਼ਮ ਤੈਨਾਤ ਰਹਿਣਗੇ ਅਤੇ ਉਹ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਡਟੇ ਰਹਿਣਗੇ। ਕਈ ਥਾਵਾਂ 'ਤੇ ਮੈਡੀਕਲ ਬੂਥ ਬਣਾਏ ਗਏ ਹਨ। ਐਂਬੂਲੈਂਸਾਂ ਵੀ ਤੈਨਾਤ ਕੀਤੀਆਂ ਗਈਆਂ ਹਨ। ਸਮਾਗਮ ਵਿਚ ਆਉਣ ਵਾਲੇ ਸਾਰੇ ਲੋਕਾਂ ਲਈ ਥਰਮਲ ਸਕਰੀਨਿੰਗ ਦੀ ਯੋਜਨਾ ਬਣਾਈ ਗਈ ਹੈ।
ਅਧਿਕਾਰੀਆਂ ਨੈ ਦਸਿਆ ਕਿ ਲਾਲ ਕਿਲੇ ਦੇ ਅੰਦਰ ਅਤੇ ਬਾਹਰ ਦੇ ਇਲਾਕੇ ਨੂੰ ਲਾਗ ਮੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਿਹਰੇ ਢੱਕ ਕੇ ਆਉਣ ਲਈ ਕਿਹਾ ਗਿਆ ਹੈ। ਪ੍ਰੋਗਰਾਮ ਵਾਲੀ ਥਾਂ 'ਤੇ ਵੰਡਣ ਲਈ ਭਾਰੀ ਗਿਣਤੀ ਵਿਚ ਮਾਸਕ ਤਿਆਰ ਰੱਖੇ ਗਏ ਹਨ। ਤੈਅ ਥਾਵਾਂ 'ਤੇ ਹੈਂਡ ਸੈਨੇਟਾਈਜ਼ਰ ਵੀ ਰੱਖੇ ਗਏ ਹਨ। ਰੇਲਵੇ ਸਟੇਸ਼ਨਾਂ ਦੇ ਆਲੇ ਦੁਆਲੇ ਵੀ ਸੁਰੱਖਿਆ ਸਖ਼ਤ ਕਰ ਦਿਤੀ ਗਈ ਹੈ। ਲਾਲ ਕਿਲੇ ਲਾਗਲੀਆਂ ਪਟੜੀਆਂ 'ਤੇ ਸਵੇਰੇ 6.45 ਵਜੇ ਤੋਂ 8.45 ਵਜੇ ਵਿਚਾਲੇ ਟਰੇਨਾਂ ਦੀ ਆਵਾਜਾਈ ਨਹੀਂ ਹੋਵੇਗੀ। (ਏਜੰਸੀ)