
ਸਬਰੀਮਾਲਾ 'ਚ ਕਈ ਘੰਟਿਆਂ ਤਕ ਚੱਲੇ ਨਾਟਕੀ ਘਟਨਾਕ੍ਰਮ ਅਤੇ ਤਣਾਅ ਵਿਚਕਾਰ ਦੋ ਔਰਤਾਂ ਸ਼ੁਕਰਵਾਰ ਨੂੰ ਪਹਾੜੀ ਦੀ ਚੋਟੀ ਤਕ ਪੁੱਜੀਆਂ..........
ਸਬਰੀਮਾਲਾ/ਤਿਰੂਵਨੰਤਪੁਰਮ : ਸਬਰੀਮਾਲਾ 'ਚ ਕਈ ਘੰਟਿਆਂ ਤਕ ਚੱਲੇ ਨਾਟਕੀ ਘਟਨਾਕ੍ਰਮ ਅਤੇ ਤਣਾਅ ਵਿਚਕਾਰ ਦੋ ਔਰਤਾਂ ਸ਼ੁਕਰਵਾਰ ਨੂੰ ਪਹਾੜੀ ਦੀ ਚੋਟੀ ਤਕ ਪੁੱਜੀਆਂ ਪਰ ਭਗਵਾਨ ਅਯੱਪਾ ਦੇ ਸ਼ਰਧਾਲੂਆਂ ਦੇ ਵਿਆਪਕ ਪ੍ਰਦਰਸ਼ਨ ਕਰ ਕੇ ਉਨ੍ਹਾਂ ਨੂੰ ਮੰਦਰ ਦੇ ਗਰਭਗ੍ਰਹਿ 'ਚ ਪੁੱਜਣ ਤੋਂ ਪਹਿਲਾਂ ਹੀ ਪਰਤਣਾ ਪਿਆ। ਗਰਭਗ੍ਰਹਿ ਵਲ ਜਾਣ ਵਾਲੀਆਂ 18 ਪਵਿੱਤਰ ਪੌੜੀਆਂ ਤੋਂ ਕੁੱਝ ਹੀ ਮੀਟਰ ਦੂਰ ਸਥਿਤ ਕਤਾਰ ਕੈਂਪਸ, ਵਲੀਆ ਨਦਾਪੰਡਾਲ 'ਚ ਔਰਤਾਂ ਅਤੇ ਉਨ੍ਹਾਂ ਨੂੰ ਸੁਰੱਖਿਆ ਦੇ ਰਹੇ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਲੂਆਂ ਨੇ ਰੋਕ ਦਿਤਾ।
ਜਿਉਂ ਹੀ ਦੋਵੇਂ ਪਰਤ ਰਹੀਆਂ ਸਨ ਤਾਂ 46 ਸਾਲ ਦੀ ਇਕ ਔਰਤ ਨੇ ਪੰਬਾ ਤੋਂ ਪੰਜ ਕਿਲੋਮੀਟਰ ਦੂਰ ਮੰਦਰ 'ਚ ਜਾਣ ਦੀ ਕੋਸ਼ਿਸ਼ ਕੀਤੀ ਪਰ ਸ਼ਰਧਾਲੂਆਂ ਦੇ ਵਿਰੋਧ ਕਰ ਕੇ ਉਨ੍ਹਾਂ ਨੂੰ ਪਰਤਣਾ ਪਿਆ। ਬਜ਼ੁਰਗਾਂ ਅਤੇ ਬੱਚਿਆਂ ਸਮੇਤ ਸ਼ਰਧਾਲੂਆਂ ਨੇ ਮੰਦਰ 'ਚ ਨੌਜਵਾਨ ਔਰਤਾਂ ਦੇ ਦਾਖ਼ਲੇ ਦਾ ਵਿਰੋਧ ਕੀਤਾ। ਔਰਤਾਂ ਦੇ ਵਾਪਸ ਪਰਤਣ ਮਗਰੋਂ ਹੀ ਤਣਾਅ ਖ਼ਤਮ ਹੋਇਆ। ਸੂਬਾ ਸਰਕਾਰ ਨੇ ਸਪੱਸ਼ਟ ਕੀਤਾ ਕਿ ਉਹ ਪ੍ਰਦਰਸ਼ਨਕਾਰੀ ਸ਼ਰਧਾਲੂਆਂ ਵਿਰੁਧ ਹਿੰਸਾ ਨਾਲ ਔਰਤਾਂ ਨੂੰ ਮੰਦਰ ਤਕ ਨਹੀਂ ਲੈ ਕੇ ਜਾਣਾ ਚਾਹੁੰਦੀ। ਮੰਦਰ ਦੇ 'ਤੰਤਰੀ' (ਮੁੱਖ ਪੁਜਾਰੀ) ਨੇ ਕਿਹਾ ਕਿ ਜੇਕਰ ਔਰਤਾਂ ਨੂੰ ਗਰਭਗ੍ਰਹਿ ਤਕ ਲਿਆਂਦਾ ਗਿਆ ਤਾਂ ਉਹ ਮੰਦਰ ਬੰਦ ਕਰ ਦੇਣਗੇ।
ਇਸ ਤੋਂ ਬਾਅਦ ਹੀ ਔਰਤਾਂ ਨੂੰ ਵਾਪਸ ਪਰਤਣ ਲਈ ਮਨਾਇਆ ਗਿਆ। ਇਸ ਤੋਂ ਪਹਿਲਾਂ ਔਰਤਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਮੰਦਰ ਜਾਣਾ ਚਾਹੁੰਦੀਆਂ ਹਨ। ਹਾਲਾਂਕਿ ਬਾਅਦ 'ਚ ਪੁਲਿਸ ਨੇ ਉਨ੍ਹਾਂ ਨੂੰ ਸਥਿਤੀ ਦੀ ਗੰਭੀਰਤਾ ਬਾਰੇ ਸਮਝਾਇਆ ਅਤੇ ਉਨ੍ਹਾਂ ਨੂੰ ਸਰਕਾਰ ਅਤੇ ਮੁੱਖ ਪੁਜਾਰੀ ਵਲੋਂ ਚੁੱਕੇ ਕਦਮ ਬਾਰੇ ਰਾਜ਼ੀ ਕਰ ਲਿਆ। ਜੇਕਰ ਅੱਜ ਔਰਤਾਂ ਸਬਰੀਮਾਲਾ ਮੰਦਰ ਪੁੱਜ ਜਾਂਦੀਆਂ ਤਾਂ ਉਹ ਸੁਪਰੀਮ ਕੋਰਟ ਦੇ ਹੁਕਮ ਮਗਰੋਂ ਸਬਰੀਮਾਲਾ ਦੇ ਭਗਵਾਨ ਅਯੱਪਾ ਮੰਦਰ ਜਾਣ ਵਾਲੀਆਂ ਰਜਸਵਾਲਾ ਉਮਰ ਦੀਆਂ ਪਹਿਲੀਆਂ ਔਰਤਾਂ ਹੁੰਦੀਆਂ।
ਇਨ੍ਹਾਂ ਔਰਤਾਂ ਦੀ ਪਛਾਣ ਹੈਦਰਾਬਾਦ ਦੀ ਪੱਤਰਕਰ ਅਤੇ ਕੋਚੀ ਦੀ ਇਕ ਸਮਾਜਕ ਕਾਰਕੁਨ ਵਜੋਂ ਹੋਈ ਹੈ। ਇਕ ਮਹੱਤਵਪੂਰਨ ਘਟਨਾਕ੍ਰਮ ਤਹਿਤ ਸ਼ਰਾਵਣਕੋਰ ਦੇਵੋਸਵੋਮ ਬੋਰਡ (ਟੀ.ਡੀ.ਬੀ.) ਨੇ ਕਿਹਾ ਕਿ ਮੰਦਰ 'ਚ ਹਰ ਉਮਰ ਵਰਗ ਦੀਆਂ ਔਰਤਾਂ ਨੂੰ ਦਾਖ਼ਲੇ ਦੀ ਇਜਾਜ਼ਤ ਦੇਣ ਬਾਬਤ ਸਿਖਰਲੀ ਅਦਾਲਤ ਦੇ ਫ਼ੈਸਲੇ ਨੂੰ ਸਰਕਾਰ ਵਲੋਂ ਲਾਗੂ ਕੀਤੇ ਜਾਣ ਦਾ ਫ਼ੈਸਲਾ ਕੀਤੇ ਜਾਣ ਮਗਰੋਂ ਸੂਬੇ 'ਚ ਪਸਰੀ ਤਣਾਅਪੂਰਨ ਸਥਿਤੀ ਨੂੰ ਸ਼ਾਂਤ ਕਰਨ ਲਈ ਉਹ ਸੁਪਰੀਮ ਕੋਰਟ ਦਾ ਰੁਖ ਕਰੇਗਾ।
ਕੇਂਦਰ ਸਰਕਾਰ ਨੇ ਸਬਰੀਮਾਲਾ ਵਿਵਾਦ ਦੇ ਮੱਦੇਨਜ਼ਰ ਤਿੰਨ ਦਖਣੀ ਸੂਬਿਆਂ ਕੇਰਲ, ਤਾਮਿਲਨਾਡੂ ਅਤੇ ਕਰਨਾਟਕ ਨੂੰ ਸੁਰੱਖਿਆ ਵਿਵਸਥਾ ਸਖ਼ਤ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਪਿੱਛੇ ਜਿਹੇ ਅਪਣੇ ਫ਼ੈਸਲੇ 'ਚ ਸਬਰੀਮਾਲਾ ਮੰਦਰ 'ਚ 10-50 ਸਾਲ ਦੀ ਉਮਰ ਦੀਆਂ ਔਰਤਾਂ ਦੇ ਦਾਖ਼ਲੇ ਦੀ ਇਜਾਜ਼ਤ ਦਿਤੀ ਸੀ। ਇਸ ਹੁਕਮ ਵਿਰੁਧ ਪ੍ਰਦਰਸ਼ਨ ਜਾਰੀ ਹੈ।
ਅਪਣੀ ਸਲਾਹ 'ਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਨ੍ਹਾਂ ਤਿੰਨ ਸੂਬਿਆਂ ਨੂੰ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਸੇਵਾਵਾਂ ਰਾਹੀਂ ਵੱਖੋ-ਵੱਖ ਵਿਰੋਧ ਦੇ ਸੰਦੇਸ਼ਾਂ ਦੇ ਪ੍ਰਸਾਰ ਉਤੇ ਵੀ ਨੇੜਿਉਂ ਨਜ਼ਰ ਰੱਖਣ ਲਈ ਕਿਹਾ ਹੈ। ਗ੍ਰਹਿ ਮੰਤਰਾਲਾ ਦੇ ਅੰਦਰੂਨੀ ਸੁਰੱਖਿਆ ਵਿਭਾਗ ਵਲੋਂ ਭੇਜੀ ਇਸ ਸਲਾਹ 'ਚ ਕਿਹਾ ਗਿਆ ਹੈ ਕਿ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਸਾਰੇ ਜ਼ਰੂਰੀ ਅਹਿਤਿਆਤੀ ਕਦਮ ਚੁੱਕੇ ਜਾਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਢੁਕਵੇਂ ਸੁਰੱਖਿਆ ਪ੍ਰਬੰਧ ਕੀਤੇ ਜਾਣ। (ਏਜੰਸੀਆਂ)