
ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਤਕ ਦਿੱਲੀ ਵਿਚ ਡਟੇ ਰਹਿਣ ਦਾ ਅਹਿਦ
ਨਵੀਂ ਦਿੱਲੀ : ਦਿੱਲੀ ਦੁਆਲੇ ਘੇਰਾ ਘੱਤੀ ਬੈਠੀਆਂ ਕਿਸਾਨ ਜਥੇਬੰਦੀਆਂ ਦਾ ਧਰਨਾ ਲਗਾਤਾਰ 25ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਦੇ ਹੱਕ ਵਿਚ ਦੇਸ਼-ਵਿਦੇਸ਼ ਤੋਂ ਲੋਕਾਂ ਦਾ ਆਉਣਾ ਲਗਾਤਾਰ ਜਾਰੀ ਹੈ। ਇਸ ਆਮਦ ਨੇ ਜਿੱਥੇ ਪਿਛਲੇ ਸਾਰੇ ਰਿਕਾਰਡ ਤੋੜ ਸੁਟੇ ਹਨ ਉਥੇ ਹੀ ਸਫਰ ਦੇ ਢੰਗ-ਤਰੀਕਿਆਂ ਨੇ ਹੀ ਨਵੀਆਂ ਪੈੜਾਂ ਪਾਈਆਂ ਹਨ। ਇਥੇ ਆਉਣ ਵਾਲਿਆਂ ਵਿਚ ਪੈਦਲ ਤੋਂ ਇਲਾਵਾ ਹਾਥੀ, ਘੋੜੇ ਅਤੇ ਸਾਈਕਲ ਸਵਾਰ ਸ਼ਾਮਲ ਹਨ। ਸੰਘਰਸ਼ ਦੀ ਵਿਲੱਖਤਾ ਹੈ ਕਿ ਜਿਸ ਨੂੰ ਜੋ ਵੀ ਸਾਧਨ ਮਿਲਿਆ, ਉਹ ਉਸੇ ਸਹਾਰੇ ਹੀ ਦਿੱਲੀ ਵੱਲ ਨੂੰ ਹੋ ਤੁਰਿਆ ਹੈ।
Delhi Dharna
ਹੁਣ ਤੱਕ ਲੱਖਾਂ ਦੀ ਤਾਦਾਦ ਵਿਚ ਦਿੱਲੀ ਪਹੁੰਚੇ ਲੋਕਾਂ ਦੇ ਸਫਲ ਸਾਧਨ ਭਾਵੇਂ ਵੱਖ-ਵੱਖ ਹਨ, ਪਰ ਸਾਰਿਆਂ ਦੀ ਮੰਜ਼ਲ ਅਤੇ ਟੀਚਾ ‘ਦਿੱਲੀ ਪਹੁੰਚ ਕੇ ਕਾਲੇ ਖੇਤੀ ਕਾਨੂੰਨਾਂ’ ਰੱਦ ਕਰਵਾਉਣਾ ਹੈ। ਇਨ੍ਹਾਂ ਵਿਚ ਹੀ ਇਕ ਨਾਮ ਬਿਹਾਰ ਦੇ ਸੀਵਾਨ ਜ਼ਿਲ੍ਹੇ ਤੋਂ 60 ਸਾਲ ਦੇ ਸੱਤਿਅਦੇਵ ਮਾਂਝੀ ਨਾਂ ਸ਼ਾਮਲ ਹੈ ਜੋ ਸੀਤ ਲਹਿਰ ਅਤੇ ਹਜ਼ਾਰ ਮੀਲ ਦੀ ਦੂਰੀ ਤੈਅ ਕਰ ਮੰਜ਼ਿਲ ਤੇ ਪਹੁੰਚਿਆ ਹੈ। ਇਸ ਬਜ਼ੁਰਗ ਕਿਸਾਨ 11 ਦਿਨਾਂ ਤੱਕ ਸਾਈਕਲ ਚਲਾ ਕੇ ਕਰੀਬ 1,000 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਟਿਕਰੀ ਬਾਰਡਰ ਪਹੁੰਚਿਆ ਹੈ।
Farmers Delhi March
ਮਾਂਝੀ ਨੇ ਕਿਹਾ ਕਿ ਮੈਨੂੰ ਆਪਣੇ ਗ੍ਰਹਿ ਜ਼ਿਲ੍ਹੇ ਸੀਵਾਨ ਤੋਂ ਇੱਥੇ ਪਹੁੰਚਣ ’ਚ 11 ਦਿਨ ਲੱਗ ਗਏ। ਮੈਂ ਕੇਂਦਰ ਸਰਕਾਰ ਤੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਬੇਨਤੀ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਮੰਗਾਂ ਮੰਨੇ ਜਾਣ ਤਕ ਇਥੇ ਹੀ ਡਟਿਆ ਰਹੇਗਾ। ਕਾਬਲੇਗੌਰ ਹੈ ਕਿ ਕਿਸਾਨੀ ਸੰਘਰਸ਼ ਨੂੰ ਸ਼ੁਰੂ ਹੋਇਆ ਅੱਜ 25ਵੇਂ ਦਿਨ ਵਿਚ ਅੱਜ ਦਾਖਲ ਹੋ ਗਿਆ ਹੈ।
Farmers Protest
ਹੁਣ ਤਕ 40 ਦੇ ਕਰੀਬ ਕਿਸਾਨ ਆਪਣੀਆਂ ਜਾਨਾਂ ਨੂੰ ਹੱਥ ਧੋ ਬੈਠੇ ਹਨ। ਇੰਨਾਂ ਹੀ ਨਹੀਂ, ਹਰਿਆਣਾ ਦੇ ਕਰਨਾਲ ਸਥਿਤ ਇਕ ਡੇਰੇ ਦੇ ਸੰਚਾਲਕ ਨੇ ਕਿਸਾਨਾਂ ਦੀ ਹਾਲਤ ਤੋਂ ਨਿਰਾਸ਼ ਹੁੰਦਿਆਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਵੀ ਕਰ ਲਈ ਹੈ। ਇਸ ਦੇ ਬਾਵਜੂਦ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਵਿਚ ਸੋਧ ਕਰਨ ਨੂੰ ਤਾਂ ਰਾਜੀ ਹੋ ਗਈ ਹੈ ਪਰ ਕਾਨੂੰਨ ਵਾਪਸ ਨਾ ਲੈਣ ਤੇ ਅੜੀ ਹੋਈ ਹੈ। ਕਿਸਾਨਾਂ ਨੂੰ ਮਿਲ ਰਹੀ ਹਰ ਵਰਗ ਦੀ ਮਦਦ ਨਾਲ ਇਹ ਸੰਘਰਸ਼ ਹੁਣ ਕੁਲ ਲੋਕਾਈ ਦੇ ਘੋਲ ਵਿਚ ਤਬਦੀਲ ਹੋ ਚੁਕਾ ਹੈ।