
ਅਕਾਲੀ ਦਲ ਦਾ 100 ਸਾਲਾ ਸਥਾਪਨਾ ਦਿਵਸ
ਨਵੀਂ ਦਿੱਲੀ: 14 ਦਸੰਬਰ, 2020 ਨੂੰ ਅਕਾਲੀ ਦਲ ਨੇ ਅਪਣੀ ਸਥਾਪਨਾ ਦੇ 100 ਸਾਲ ਪੂਰੇ ਕਰ ਲਏ ਹਨ। ਉਂਜ ਤਾਂ 1920 ਤੋਂ 1925 ਤੱਕ ਦਾ ਸਮਾਂ ਸ਼੍ਰੋਮਣੀ ਕਮੇਟੀ, ਅਕਾਲੀ ਦਲ ਤੇ ਸਿੰਘ ਸਭਾਵਾਂ ਦਾ ਰਲਿਆ-ਮਿਲਿਆ ਹੈ, ਉਸ ਸਮੇਂ ਦਾ ਪੂਰਾ ਵਰਣਨ ਪ੍ਰੋ: ਹਰਬੰਸ ਸਿੰਘ ਦੀ ਕਿਤਾਬ ‘ਦਾ ਹੈਰੀਟੇਜ ਆਫ਼ ਸਿਖਜ਼’ ਵਿਚ ਬੜਾ ਵਿਸਥਾਰ ਨਾਲ ਲਿਖਿਆ ਮਿਲਦਾ ਹੈ। ਸ: ਹਰਬੰਸ ਸਿੰਘ ਦੀ ਸਭ ਤੋਂ ਵੱਡੀ ਦੇਣ ਤਾਂ ਸਿੱਖ ਐਨਸਾਈਕਲੋਪੀਡੀਆ ਹੈ ਜੋ ਚਾਰ ਜਿਲਦਾਂ ਵਿਚ ਮਿਲਦਾ ਹੈ ਪਰ ਇਸ ਕਿਤਾਬ ਵਿਚ ਕਈ ਘਟਨਾਵਾਂ ਦਾ ਫ਼ਿਲਮੀ ਸੀਨ ਵਾਂਗੂੰ ਤੇ ਸਰਕਾਰੀ ਰਿਕਾਰਡ ’ਤੇ ਆਧਾਰਤ ਵੇਰਵਾ ਦਰਜ ਹੈ। ਸਿੱਖਾਂ ਦੀ ਜਥੇਬੰਦਕ ਸਰਗਰਮੀ 1873 ਵਿਚ ਸਿੰਘ ਸਭਾਵਾਂ ਬਣਨ ਤੋਂ ਆਰੰਭ ਹੋਈ ਸੀ, ਫਿਰ ਖ਼ਾਲਸਾ ਕਾਲਜ ਅੰਮਿ੍ਰਤਸਰ ਦੀ ਸਥਾਪਨਾ 1892 ਵਿਚ ਹੋਈ। ਚੀਫ਼ ਖ਼ਾਲਸਾ ਦੀਵਾਨ ਦਾ ਪਹਿਲਾ ਸੈਸ਼ਨ 1902 ਵਿਚ ਹੋਇਆ ਸੀ। ਹਰਬੰਸ ਸਿੰਘ ਨੇ ਲਿਖਿਆ ਹੈ ਕਿ 1891 ਵਿਚ ਖ਼ਾਲਸਾ ਵਿਦਿਆਰਥੀ ਸਭਾ ਬਣੀ ਜਿਸ ਦਾ ਨਾਂਅ ਸਿੱਖ ਸਟੂਡੈਂਟਸ ਕਲੱਬ ਰਖਿਆ ਗਿਆ ਸੀ। ਡਾ: ਸੁੰਦਰ ਸਿੰਘ ਸੋਢਬੰਸ ਦਾ ਇਸ ਵਿਚ ਵੱਡਾ ਯੋਗਦਾਨ ਹੈ। 22 ਜੂਨ, 1897 ਨੂੰ ਵੱਡੀ ਜਦੋਜਹਿਦ ਨਾਲ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਵਿਚ ਬਿਜਲੀ ਲਗਾਈ ਗਈ ਸੀ, ਜਿਸ ਦਾ ਖ਼ਰਚਾ ਮਹਾਰਾਜਾ ਫ਼ਰੀਦਕੋਟ ਬਿਕਰਮ ਸਿੰਘ ਨੇ ਦਿਤਾ ਸੀ। ਇਸੇ ਪ੍ਰਕਾਰ ਸਿੱਖ ਪਛੜੀਆਂ ਸ਼੍ਰੇਣੀਆਂ ਨੂੰ ਸ੍ਰੀ ਦਰਬਾਰ ਸਾਹਿਬ ਕੜਾਹ ਪ੍ਰਸ਼ਾਦ ਭੇਟ ਕਰਨ ਦੀ ਪ੍ਰਵਾਨਗੀ ਬੜੀ ਮੁਸ਼ਕਲ ਨਾਲ 12 ਅਕਤੂਬਰ, 1920 ਨੂੰ ਮਿਲੀ ਸੀ। ਇਹ ਗੁਰਦਵਾਰਾ ਨਿਜ਼ਾਮ ਵਿਰੁਧ ਇਕ ਜਿੱਤ ਸੀ।
Akali Dal
ਇਸ ਸਮੇਂ ਦੇ ਸਿੱਖ ਇਤਿਹਾਸ ਵਿਚ ਗ਼ਦਰ ਲਹਿਰ ਤੇ ਕਾਮਾਗਾਟਾਮਾਰੂ ਜਹਾਜ਼ ਦੇ ਸੁਨਹਿਰੀ ਤੇ ਯਾਦਗਾਰੀ ਪੰਨੇ ਵੀ ਸ਼ਾਮਲ ਹਨ, ਪਹਿਲੀ ਵੱਡੀ ਜੰਗ ਵਿਚ ਸਿੱਖਾਂ ਦੀ ਭਰਤੀ ਨੇ ਉਨ੍ਹਾਂ ਵਿਚ ਜਾਗਿ੍ਰਤੀ ਲਿਆਂਦੀ ਅਤੇ ਅੰਗਰੇਜ਼ ਸਰਕਾਰ ਨੂੰ ਵੀ ਸਿੱਖ ਪੱਖੀ ਹੋਣ ਲਈ ਮਜਬੂਰ ਹੋਣਾ ਪਿਆ ਸੀ। ਫਿਰ 1919 ਵਿਚ ਜਲਿ੍ਹਆਂਵਾਲਾ ਬਾਗ਼ ਦਾ ਖ਼ੂਨੀ ਸਾਕਾ ਵਾਪਰਿਆ ਤੇ ਪੰਜਾਬ ਵਿਚ ਮਾਰਸ਼ਲ ਲਾਅ ਲੱਗ ਗਿਆ। ਇਨ੍ਹਾਂ ਹਾਲਾਤ ਵਿਚ ਸਿੱਖ ਸਿਆਸਤ ਦਾ ਦੌਰ ਆਰੰਭ ਹੋਇਆ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਏ। ਉਸ ਸਮੇਂ ਖ਼ਾਲਸਾ ਕਾਲਜ ਦੇ ਸਿੱਖ ਪ੍ਰੋਫ਼ੈਸਰਾਂ ਨੇ ਬੜਾ ਯੋਗਦਾਨ ਪਾਇਆ ਸੀ। ਉਨ੍ਹਾਂ ਦੀ ਸਿਆਣਪ ਦਾ ਕੌਮ ਨੂੰ ਲਾਭ ਮਿਲਿਆ ਸੀ। ਸਿੱਖਾਂ ਦੀ ਸਮੁੱਚੇ ਭਾਰਤ ਵਿਚ ਸਿਆਸੀ ਦਿਖ ਇਨ੍ਹਾਂ ਸੰਸਥਾਵਾਂ ਕਰ ਕੇ ਉੱਭਰ ਕੇ ਸਾਹਮਣੇ ਆਈ ਸੀ। ਗੁਰਦਵਾਰਾ ਮੋਰਚਿਆਂ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਦਾ ਜੈਤੋ ਆ ਕੇ ਕੈਦ ਹੋਣਾ ਵੱਡਾ ਹੁੰਗਾਰਾ ਸੀ। ਚਾਬੀਆਂ ਦੇ ਮੋਰਚੇ ਵਿਚ ਮਹਾਤਮਾ ਗਾਂਧੀ ਨੇ ਮੰਨਿਆ ਕਿ ਇਹ ਭਾਰਤ ਦੀ ਆਜ਼ਾਦੀ ਦੀ ਪਹਿਲੀ ਜਿੱਤ ਸੀ, ਇਸ ਕਾਰਨ ਕਾਂਗਰਸ ਪਾਰਟੀ ਨੇ ਅਕਾਲੀ ਲੀਡਰਾਂ ਨੂੰ ਅਪਣੀ ਪਾਰਟੀ ਵਿਚ ਵੀ ਮੈਂਬਰ ਬਣਨ ਦਾ ਹੱਕ ਦੇ ਦਿਤਾ, ਜੋ 1942 ਤਕ ਚਲਦਾ ਰਿਹਾ। ਬਾਬਾ ਖੜਕ ਸਿੰਘ ਇਕੋ ਸਮੇਂ ਅਕਾਲੀ ਦਲ ਤੇ ਪੰਜਾਬ ਕਾਂਗਰਸ ਪਾਰਟੀ ਦੇ ਵੀ ਪ੍ਰਧਾਨ ਸਨ।
SGPC
ਅਕਾਲੀ ਪਾਰਟੀ ਦੀ ਉਸ ਸਮੇਂ ਦੀ ਲੀਡਰਸ਼ਿਪ ਨੂੰ ਦਾਦ ਦਿੰਦਾ ਹਾਂ ਕਿ ਉਨ੍ਹਾਂ ਨੇ ਸਿੱਖ ਹੱਕਾਂ ਲਈ ਉਸ ਸਮੇਂ ਤੋਂ ਹੀ ਆਵਾਜ਼ ਉਠਾਉਣੀ ਆਰੰਭ ਕਰ ਦਿਤੀ ਸੀ। ਬੜਾ ਲੰਮਾ ਇਤਿਹਾਸ ਹੈ ਇਸ ਮੁਹਿੰਮ ਦਾ ਕਿਉਂਕਿ ਅੰਗਰੇਜ਼ ਸਰਕਾਰ ਨੇ 1930 ਤੋਂ ਹੀ ਮੁਸਲਿਮ ਲੀਗ ਪੱਖੀ ਰਵਈਆ ਅਪਣਾਇਆ ਹੋਇਆ ਸੀ। ਪੰਜਾਬ ਕੌਂਸਲ ਵਿਚ ਅਕਾਲੀ ਪਹਿਲਾਂ ਇਕ ਮੈਂਬਰ ਸੀ, ਫਿਰ ਦੋ ਮੈਂਬਰ ਬਣਵਾ ਲਏ ਗਏ। ਕਾਂਗਰਸ ਪਾਰਟੀ ਨੇ ਉਸ ਸਮੇਂ ਤੋਂ ਆਜ਼ਾਦੀ ਮਿਲਣ ਪਿਛੋਂ ਬਣਨ ਵਾਲੇ ਕਾਨੂੰਨਾਂ ਦੀ ਵਿਆਖਿਆ ਕਰਨੀ ਆਰੰਭ ਕਰ ਦਿਤੀ। ਮੋਤੀ ਲਾਲ ਨਹਿਰੂ ਦੀ ਰੀਪੋਰਟ ਵਿਚ ਘੱਟ ਗਿਣਤੀਆਂ ਵਿਚੋਂ ਸਿੱਖਾਂ ਨੂੰ ਪੂਰਾ ਹੱਕ ਨਾ ਦਿਤੇ ਜਾਣ ਦਾ ਅਕਾਲੀ ਲੀਡਰਾਂ ਨੇ ਵਿਰੋਧ ਕੀਤਾ। ਉਸ ਸਮੇਂ ਅਕਾਲੀ ਦਲ ਨੂੰ ਸਾਰੇ ਸਿੱਖ ਸਮਾਜ ਤੇ ਵਿਦਵਾਨਾਂ ਦੀ ਮਦਦ ਮਿਲਦੀ ਸੀ। 1936 ਵਿਚ ਜਦ ਪੰਜਾਬ ਵਿਚ ਪਹਿਲੀ ਵਾਰ ਅਸੰਬਲੀ ਦੀਆਂ ਚੋਣਾਂ ਹੋਈਆਂ ਤਾਂ ਅਕਾਲੀ ਦਲ ਨੇ ਸਿੱਖ ਹਲਕਿਆਂ ਵਿਚ ਵੱਡੀ ਜਿੱਤ ਪ੍ਰਾਪਤ ਕੀਤੀ। ਉਸ ਸਦਕਾ ਯੂਨੀਅਨਿਸਟ ਪਾਰਟੀ ਦੀ ਸਰਕਾਰ ਵਿਚ ਸਿੱਖ ਵਜ਼ੀਰ ਲਏ ਗਏ।
Mahatma Gandhi
ਦੂਜੀ ਵੱਡੀ ਜੰਗ 1939 ਤੋਂ ਆਰੰਭ ਹੋ ਗਈ ਸੀ। ਉਸ ਵਕਤ ਕਾਂਗਰਸ ਪਾਰਟੀ ਨੇ ਮਹਾਤਮਾ ਗਾਂਧੀ ਦੀ ਸਰਪ੍ਰਸਤੀ ਹੇਠ ਜੰਗ ’ਚ ਅੰਗਰੇਜ਼ਾਂ ਦੀ ਮਦਦ ਨਾ ਕਰਨ ਦਾ ਫ਼ੈਸਲਾ ਕੀਤਾ, ਪਰ ਉਸ ਸਮੇਂ ਅਕਾਲੀ ਲੀਡਰਸ਼ਿਪ ਨੇ ਫ਼ੈਸਲਾ ਕੀਤਾ ਕਿ ਉਹ ਜੰਗ ਵਿਚ ਅੰਗਰੇਜ਼ ਦੀ ਮਦਦ ਕਰਨਗੇ ਜੋ ਇਕ ਇਤਿਹਾਸ ਬਣ ਗਿਆ। ਕਾਂਗਰਸ ਪਾਰਟੀ ਨਾਲ ਨਾਤਾ ਟੁੱਟ ਗਿਆ ਤੇ ਕੁੱਝ ਅਕਾਲੀ ਵੀ ਪਾਰਟੀ ਛੱਡ ਕੇ ਕਾਂਗਰਸ ਵਿਚ ਜਾ ਕੇ ਜੇਲ੍ਹ ਚਲੇ ਗਏ। ਅੱਜ ਇਸ ਬਾਰੇ ਕਈ ਵਿਚਾਰਾਂ ਹੁੰਦੀਆਂ ਹਨ। ਅਕਾਲੀ ਲੀਡਰ ਜਿਨ੍ਹਾਂ ਵਿਚ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਸ਼ਾਮਲ ਸਨ, ਉਸ ਸਮੇਂ ਸਿੱਖਾਂ ਨੂੰ ਫ਼ੌਜ ਵਿਚ ਭਰਤੀ ਕਰਵਾਉਣ ਦੇ ਲਾਭ ਦਸਦੇ ਸਨ। ਲੱਖਾਂ ਨੌਜਵਾਨ ਫ਼ੌਜ ਵਿਚ ਭਰਤੀ ਹੋਏ ਅਤੇ ਵੱਡੇ ਅਫ਼ਸਰ ਬਣੇ। ਸਾਰੇ ਵੱਡੇ ਠੇਕੇ ਸਿੱਖਾਂ ਨੂੰ ਦਿਤੇ ਗਏ। ਸਿੱਖਾਂ ਦੀ ਆਰਥਕ ਸਥਿਤੀ ਪਹਿਲੀ ਵਾਰ ਮਜ਼ਬੂਤ ਹੋਈ। ਬੇਰੁਜ਼ਗਾਰੀ ਖ਼ਤਮ ਹੋਈ ਤੇ ਸਿੱਖਾਂ ਨੂੰ ਵਿਦੇਸ਼ਾਂ ਵਿਚ ਜਾਣ ਦਾ ਮੌਕਾ ਵੀ ਮਿਲ ਗਿਆ। ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਉਸ ਸਮੇਂ ਅਕਾਲੀ ਦਲ ਦੀ ਹਮਾਇਤ ਵਿਚ ਖੜਾ ਸੀ।
Mahatma Gandhi
ਫਿਰ ਦੌਰ ਆ ਗਿਆ ਭਾਰਤ ਦੀ ਆਜ਼ਾਦੀ ਦਾ। ਸਿੱਖਾਂ ਨੂੰ ਬੜੀ ਉਮੀਦ ਸੀ ਕਿ ਫ਼ੌਜ ਦੀ ਜੰਗ ਵਿਚ ਕੀਤੀ ਸੇਵਾ ਬਦਲੇ ਅੰਗਰੇਜ਼ ਉਨ੍ਹਾਂ ਨੂੰ ਕੁੱਝ ਦੇਣਗੇ। ਬੜੀਆਂ ਮੁਲਾਕਾਤਾਂ ਹੋਈਆਂ, ਕਈ ਫਾਰਮੂਲੇ ਸਿੱਖਾਂ ਨੇ ਦਿਤੇ ਪਰ ਆਬਾਦੀ ਘੱਟ ਹੋਣ ਕਰ ਕੇ ਕੁੱਝ ਵੀ ਪੱਲੇ ਨਾ ਪਿਆ। ਸਿੱਖ ਲੀਡਰਾਂ ਦੀ ਹਿੰਮਤ ਨਾਲ ਪੰਜਾਬ ਦੀ ਵੰਡ ਹੋ ਗਈ, ਵਰਨਾ ਸਾਰਾ ਪੰਜਾਬ ਪਾਕਿਸਤਾਨ ਵਿਚ ਚਲੇ ਜਾਣਾ ਸੀ। ਅੰਗਰੇਜ਼ ਤੇ ਕਾਂਗਰਸ, ਦੋਵੇਂ ਇਸ ਲਈ ਸਹਿਮਤ ਹੋ ਗਏ ਸਨ ਕਿਉਂਕਿ ਪੂਰੇ ਵੱਡੇ ਪੰਜਾਬ ਵਿਚ ਮੁਸਲਮਾਨਾਂ ਦੀ ਬਹੁਗਿਣਤੀ ਸੀ। ਕਈ ਭੁੱਲੜ ਸਿੱਖ ਮਾਸਟਰ ਤਾਰਾ ਸਿੰਘ ਨੂੰ ਕੋਸਦੇ ਹਨ ਕਿ ਉਸ ਨੇ 7 ਮਾਰਚ, 1947 ਨੂੰ ਨੰਗੀ ਤਲਵਾਰ ਨਾਲ ਪਾਕਿਸਤਾਨ ਦਾ ਝੰਡਾ ਫਾੜ ਦਿਤਾ ਸੀ, ਜਿਸ ਕਰ ਕੇ ਫ਼ਸਾਦ ਆਰੰਭ ਹੋਏ ਸਨ। ਭਾਰਤ ਵਾਸੀਆਂ ਨੂੰ ਉਹ ਦਿਨ ਹਮੇਸ਼ਾ ਯਾਦ ਰਖਣਾ ਚਾਹੀਦਾ ਹੈ ਜਿਸ ਦਿਨ ਅਕਾਲੀ ਪਾਰਟੀ ਨੇ ਮੁਸਲਿਮ ਲੀਗ ਨੂੰ ਪੰਜਾਬ ਵਿਚ ਸਰਕਾਰ ਬਣਾਉਣ ਤੋਂ ਰੋਕ ਲਿਆ ਸੀ ਨਹੀਂ ਤਾਂ, ਮੁਸਲਿਮ ਲੀਗ ਨੇ ਅਸੰਬਲੀ ਵਿਚ ਸਾਰੇ ਪੰਜਾਬ ਨੂੰ ਪਾਕਿਸਤਾਨ ਵਿਚ ਰੱਖਣ ਦਾ ਮਤਾ ਪਾਸ ਕਰ ਦੇਣਾ ਸੀ। ਫਿਰ ਪਾਕਿਸਤਾਨ ਦੀ ਹੱਦ ਗੁੜਗਾਉਂ ਤਕ ਹੁੰਦੀ, ਅਟਾਰੀ ਵਾਹਗਾ ਨਹੀਂ। ਅਕਾਲੀ ਪਾਰਟੀ ਦੀ ਮੀਟਿੰਗ ਪੰਜਾਬ ਅਸੰਬਲੀ ਵਿਚ ਉਸ ਦਿਨ ਹੋਈ ਤੇ ਉਸ ਨੇ ਮੁਸਲਿਮ ਲੀਗ ਦੀ ਪੇਸ਼ਕਸ਼ ਠੁਕਰਾ ਦਿਤੀ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾ ਕੇ ਬਾਹਰ ਨਿਕਲ ਆਏ। ਇਨ੍ਹਾਂ ਵਿਚ ਸ: ਸਵਰਨ ਸਿੰਘ ਵੀ ਸ਼ਾਮਲ ਸਨ। ਉਥੇ ਕੋਈ ਝੰਡਾ ਹੀ ਨਹੀਂ ਸੀ, ਫਿਰ ਪਾੜਨਾ ਕਿਸ ਨੇ ਸੀ?
ਅਕਾਲੀ ਦਲ ਦੀ ਇਕ ਹੋਰ ਦੇਣ ਹੈ। ਜਦ ਮਾਰਚ 1947 ਵਿਚ ਫਸਾਦ ਹੋਏ ਜਿਸ ਵਿਚ ਸਿੱਖਾਂ ’ਤੇ ਜ਼ੁਲਮ ਕੀਤੇ ਗਏ, ਉਸ ਸਮੇਂ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਨੂੰ ਇਲਾਕਾ ਛੱਡ ਕੇ ਪੰਜਾਬ ਆਉਣ ਦੀ ਅਪੀਲ ਕੀਤੀ। ਉਦੋਂ ਕਿਸੇ ਨੂੰ ਖਿਆਲ ਨਹੀਂ ਸੀ ਕਿ ਪਾਕਿਸਤਾਨ ਇੰਨੀ ਛੇਤੀ ਬਣ ਜਾਵੇਗਾ ਤੇ ਉਹ ਫਸ ਜਾਣਗੇ। ਪੰਜਾਬ ਦੀ ਵੰਡ ਦਾ ਸਿਹਰਾ ਅਕਾਲੀ ਦਲ ਨੂੰ ਜਾਂਦਾ ਹੈ, ਜਿਸ ਦੀ ਭਾਰਤੀਆਂ ਨੇ ਕਦਰ ਨਹੀਂ ਪਾਈ। ਇਕ ਹੋਰ ਅਕਾਲੀ ਲੀਡਰਾਂ ਦੀ ਮਿਹਰਬਾਨੀ ਹੈ, ਜਦ ਰੈਡਕਲਿਫ਼ ਨੇ ਪੰਜਾਬ ਦੀ ਵੰਡ ਦਾ ਫ਼ੈਸਲਾ ਕਰ ਦਿਤਾ ਤਾਂ ਫ਼ਿਰੋਜ਼ਪੁਰ, ਜ਼ੀਰਾ ਤੇ ਗੁਰਦਾਸਪੁਰ ਦੇ ਕੁੱਝ ਇਲਾਕੇ ਪਾਕਿਸਤਾਨ ਵਿਚ ਜਾ ਰਹੇ ਸਨ ਤੇ ਅਕਾਲੀ ਤੁਰਤ ਦਿ¾ਲੀ ਪੁੱਜੇ ਤੇ ਲਾਰਡ ਮਾਊਂਟਬੈਟਨ, ਵਾਇਸਰਾਇ ਤੋਂ ਇਹ ਹੁਕਮ ਰਦ ਕਰਵਾਏ। ਅੰਗਰੇਜ਼ਾਂ ਵਲੋਂ ਕੇਵਲ ਇਹੋ ਮਦਦ ਸਿੱਖਾਂ ਨੂੰ ਦਿਤੀ ਗਈ ਸੀ। ਉਸ ਸਮੇਂ ਆਜ਼ਾਦੀ ਪਿਛੋਂ ਅਕਾਲੀ ਐਮ.ਐਲ.ਏ. ਸਾਰੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਸ: ਬਲਦੇਵ ਸਿੰਘ ਅਕਾਲੀ ਭਾਰਤ ਦੇ ਪਹਿਲੇ ਰਖਿਆ ਮੰਤਰੀ ਬਣੇ। ਕਾਂਗਰਸ ਪਾਰਟੀ ਨੂੰ ਨਵੇਂ ਭਾਰਤ ਦੇ ਸੰਵਿਧਾਨ ਵਿਚ ਸਿੱਖਾਂ ਨੂੰ ਕੋਈ ਖ਼ਾਸ ਸਹੂਲਤ ਨਾ ਦੇਣ ਕਰ ਕੇ ਸ: ਹੁਕਮ ਸਿੰਘ ਤੇ ਸ: ਭੁਪਿੰਦਰ ਸਿੰਘ ਮਾਨ ਨੇ ਸੰਵਿਧਾਨ ’ਤੇ ਦਸਤਖ਼ਤ ਨਹੀਂ ਸਨ ਕੀਤੇ। ਅਕਾਲੀਆਂ ਨੇ ਕਾਂਗਰਸ ’ਤੇ ਵਾਅਦਾ ਖ਼ਿਲਾਫ਼ੀ ਤੇ ਵਿਸ਼ਵਾਸਘਾਤ ਦਾ ਇਲਜ਼ਾਮ ਲਗਾਇਆ ਅਤੇ ਉਨ੍ਹਾਂ ਦੇ ਆਪਸੀ ਸਬੰਧ ਵਿਗੜ ਗਏ। ਮਾਸਟਰ ਤਾਰਾ ਸਿੰਘ ਨੂੰ ਮਾਰਚ 1949 ਵਿਚ ਦਿੱਲੀ ਵਿਚ ਫੜ ਕੇ ਜੇਲ੍ਹ ਭੇਜ ਦਿਤਾ ਗਿਆ। ਅਕਾਲੀਆਂ ਤੇ ਕੇਂਦਰੀ ਸਰਕਾਰ ਦੀ ਸਿੱਧੀ ਟੱਕਰ ਦਾ ਆਰੰਭ ਉਸ ਦਿਨ ਤੋਂ ਹੀ ਹੋ ਗਿਆ, ਜੋ ਸਾਲਾਂਬੱਧੀ ਚੱਲੀ। ਪੰਜਾਬੀ ਸੂਬੇ ਦੀ ਮੰਗ ਉਠੀ ਤੇ ਉਸ ਬਾਰੇ ਮੋਰਚਾ 15 ਸਾਲ ਚਲਿਆ। ਅਖੀਰ 1966 ਵਿਚ ਨਵਾਂ ਪੰਜਾਬ, ਜਿਸ ਵਿਚ ਸਿੱਖ ਬਹੁਗਿਣਤੀ ਸੀ, ਬਣ ਗਿਆ ਤੇ ਅਕਾਲੀਆਂ ਨੂੰ ਰਾਜ ਕਰਨ ਦਾ ਅਵਸਰ ਮਿਲ ਗਿਆ।
ਨਵੇਂ ਪੰਜਾਬ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਲੀਡਰ ਬਣ ਕੇ ਸਾਹਮਣੇ ਆਏ। ਮਾਸਟਰ ਤਾਰਾ ਸਿੰਘ ਤੇ ਸੰਤ ਫਤਹਿ ਸਿੰਘ ਦੀ ਲੜਾਈ ਕਰ ਕੇ ਬੜਾ ਨੁਕਸਾਨ ਹੋਇਆ। ਜਸਟਿਸ ਗੁਰਨਾਮ ਸਿੰਘ ਕੁੱਝ ਦੇਰ ਮੁੱਖ ਮੰਤਰੀ ਬਣੇ ਪਰ ਬਗ਼ਾਵਤ ਕਾਰਨ ਉਨ੍ਹਾਂ ਨੂੰ ਹਟਣਾ ਪਿਆ। ਸ: ਬਾਦਲ ਦੀ ਅੱਜ ਤਕ ਅਕਾਲੀ ਦਲ ’ਤੇ ਕਮਾਂਡ ਕਾਇਮ ਹੈ। ਉਨ੍ਹਾਂ ਦੇ ਹੁੰਦੇ ਕੋਈ ਨਵੀਂ ਲੀਡਰਸ਼ਿਪ ਨਾ ਪੁੰਗਰੀ ਸਗੋਂ ਪੁਰਾਣੇ ਵੀ ਅਲੋਪ ਹੁੰਦੇ ਗਏ। ਪਾਰਟੀ ਦਾ ਨਾਂਅ ਵੀ ‘ਬਾਦਲ ਅਕਾਲੀ ਦਲ’ ਹੋ ਗਿਆ ਹੈ। ਅਕਾਲੀ ਦਲ ਦੀ ਸੱਭ ਤੋਂ ਵੱਡੀ ਸਿਆਸੀ ਅਸਫ਼ਲਤਾ 1984 ਵਿਚ ਹੋਈ ਜਦੋਂ ਭਾਰਤੀ ਫ਼ੌਜ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ। ਇਥੇ ਅਕਾਲੀ ਦਲ ਦੀ ਸਿਆਣਪ ਫੇਲ੍ਹ ਹੋਈ, ਕਿੰਨੇ ਅਵਸਰ ਕੇਂਦਰ ਸਰਕਾਰ ਨਾਲ ਸਬੰਧ ਸੁਧਾਰਨ ਦੇ ਆਏ ਪਰ ਅਪਣੀ ਹਠਧਰਮੀ ਕਾਰਨ ਇਨ੍ਹਾਂ ਨੇ ਗਵਾ ਲਏ। ਗੱਲਬਾਤ ਰਾਹੀਂ ਮਸਲੇ ਹੱਲ ਕਰਨ ਨੂੰ ਕਦੇ ਤਰਜੀਹ ਨਾ ਦਿਤੀ। ਕਈ ਵਾਰ ਕੇਂਦਰ ਵਿਚ ਰਾਜ ਕਰਨ ਦਾ ਮੌਕਾ ਮਿਲਿਆ ਪਰ ਉਦੋਂ ਅਕਾਲੀ ਆਗੂਆਂ ਵਲੋਂ ਚੰਡੀਗੜ੍ਹ ਤੇ ਹੋਰ ਪੰਜਾਬ ਦੇ ਮਸਲੇ ਭੁਲਾ ਦਿਤੇ ਗਏ। ਪਾਰਟੀ ਪੰਥਕ ਏਜੰਡੇ ਤੋਂ ਵੀ ਦੂਰ ਚਲੀ ਗਈ, ਜਿਸ ਨਾਲ ਅਕਾਲੀ ਅਪਣਾ ਵੋਟ ਬੈਂਕ ਗਵਾ ਬੈਠੇ। ਅੱਜ ਇਹ ਹਾਲਾਤ ਹਨ ਕਿ 1947 ਵਿਚ ਕਾਂਗਰਸ ਮੁਸਲਿਮ ਲੀਗ ਤੇ ਅਕਾਲੀ ਤਿੰਨ ਧਿਰਾਂ ਮੰਨੀਆਂ ਗਈਆਂ ਸਨ, ਇਨ੍ਹਾਂ ਤਿੰਨਾਂ ਨੇ ਲੰਡਨ ਵਿਚ ਭਾਰਤ ਦੀ ਆਜ਼ਾਦੀ ਦੇ ਫ਼ੈਸਲੇ ’ਤੇ ਦਸਤਖ਼ਤ ਕੀਤੇ ਸਨ। ਉਦੋਂ ਅਕਾਲੀ ਪਾਰਟੀ ਸਿਖ਼ਰ ’ਤੇ ਸੀ। ਅੱਜ ਪੰਜਾਬ ਅਸੰਬਲੀ ਵਿਚ ਵਿਰੋਧੀ ਪਾਰਟੀ ਦੇ ਹੱਕ ਨੂੰ ਵੀ ਗਵਾ ਬੈਠੀ ਹੈ, ਇਸ ਲਈ ਲੀਡਰਸ਼ਿਪ ਜ਼ਿੰਮੇਵਾਰ ਹੈ। ਪਰ ਉਹ ਇਹ ਸੁਣਨ ਤੇ ਸਮਝਣ ਨੂੰ ਤਿਆਰ ਨਹੀਂ। ਇਹ ਹੈ 100 ਸਾਲ ਦੇ ਸਫ਼ਰ ਦੀਆਂ ਕੁੱਝ ਝਲਕੀਆਂ। ਲੋਕ ਅੱਜ ਵੀ ਅਕਾਲੀ ਦਲ ਦੀ ਚੜ੍ਹਤ ਚਾਹੁੰਦੇ ਹਨ ਤੇ ਇਸ ਦੀ ਖੇਤਰੀ ਲੋੜ ਨੂੰ ਮੰਨਦੇ ਹਨ।
ਤਰਲੋਚਨ ਸਿੰਘ-ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ।