
ਜਸਟਿਸ ਗੋਗੋਈ ਨੇ ਸੁਣਵਾਈ ਤੋਂ ਅਪਣੇ ਆਪ ਨੂੰ ਵੱਖ ਕਰਦਿਆਂ ਕਿਹਾ ਕਿ ਉਹ ਅਗਲੇ ਸੀਬੀਆਈ ਨਿਰਦੇਸ਼ਕ ਦੀ ਚੋਣ ਕਰਨ ਵਾਲੀ ਚੋਣ ਕਮੇਟੀ ਦੀ ਬੈਠਕ ਦਾ ਹਿੱਸਾ ਹੋਣਗੇ।
ਨਵੀਂ ਦਿੱਲੀ : ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ ਨੇ ਅਪਣੇ ਆਪ ਨੂੰ ਉਸ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਵੱਖ ਕਰ ਲਿਆ ਹੈ ਜਿਸ ਵਿਚ ਸੀਬੀਆਈ ਦੇ ਅੰਤਰਿਮ ਨਿਰਦੇਸ਼ਕ ਦੇ ਤੌਰ 'ਤੇ ਐਮ.ਨਾਗੇਸ਼ਵਰ ਰਾਓ ਦੀ ਨਿਯੁਕਤੀ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿਤੀ ਗਈ ਹੈ। ਪਟੀਸ਼ਨ ਵਿਚ ਸੀਬੀਆਈ ਨਿਰਦੇਸ਼ਕ ਦੀ ਚੋਣ ਨੂੰ ਸ਼ਾਰਟਲਿਸਟ ਕਰਨ, ਚੋਣ ਕਰਨ ਅਤੇ ਨਿਯੁਕਤੀ ਕਰਨ ਦੀ ਪ੍ਰਕਿਰਿਆ ਵਿਚ ਪਾਰਦਰਸ਼ਿਤਾ ਲਿਆਉਣ ਦੀ ਮੰਗ ਕੀਤੀ ਗਈ ਹੈ।
M Nageswara Rao
ਜਸਟਿਸ ਗੋਗੋਈ ਨੇ ਸੁਣਵਾਈ ਤੋਂ ਅਪਣੇ ਆਪ ਨੂੰ ਵੱਖ ਕਰਦਿਆਂ ਕਿਹਾ ਕਿ ਉਹ ਅਗਲੇ ਸੀਬੀਆਈ ਨਿਰਦੇਸ਼ਕ ਦੀ ਚੋਣ ਕਰਨ ਵਾਲੀ ਚੋਣ ਕਮੇਟੀ ਦੀ ਬੈਠਕ ਦਾ ਹਿੱਸਾ ਹੋਣਗੇ। ਹੁਣ ਇਸ ਪਟੀਸ਼ਨ 'ਤੇ 24 ਜਨਵਰੀ ਨੂੰ ਦੂਜੀ ਬੈਂਚ ਸੁਣਵਾਈ ਕਰੇਗੀ। ਗ਼ੈਰ ਸਰਕਾਰੀ ਸੰਗਠਨ ਕਾਮਨ ਕਾਜ਼ ਅਤੇ ਆਰਟੀਆਈ ਵਰਕਰ ਅੰਜਲੀ ਭਾਰਦਵਾਜ ਨੇ ਰਾਓ ਦੀ ਨਿਯੁਕਤੀ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿਤੀ ਹੈ। 16 ਜਨਵਰੀ ਨੂੰ ਇਸ ਮਾਮਲੇ ਦੀ ਸੁਣਵਾਈ ਹੋਈ ਹੈ।
Anjali Bhardwaj
ਜਿਸ ਵਿਚ ਉਹਨਾਂ ਵੱਲੋਂ ਵਕੀਲ ਪ੍ਰਸ਼ਾਂਤ ਭੂਸ਼ਣ ਪੇਸ਼ ਹੋਏ ਸਨ ਅਤੇ ਉਹਨਾਂ ਨੇ ਇਸ ਮਾਮਲੇ 'ਤੇ 18 ਜਨਵਰੀ ਨੂੰ ਸੁਣਵਾਈ ਕਰਨ ਲਈ ਕਿਹਾ ਸੀ। ਅਦਾਲਤ ਨੇ ਇਸ 'ਤੇ ਕਿਹਾ ਸੀ ਕਿ ਅਗਲੇ ਹਫਤੇ ਇਸ ਦੀ ਸੁਣਵਾਈ ਹੋਵੇਗੀ। ਸੀਬੀਆਈ ਦੇ ਨਵੇਂ ਨਿਰਦੇਸ਼ਕ ਦੀ ਨਿਯੁਕਤੀ ਹੋਣ ਤੱਕ ਸੀਬੀਆਈ ਦੇ ਵਧੀਕ ਨਿਰਦੇਸ਼ਕ ਰਾਓ ਨੂੰ 10 ਜਨਵਰੀ ਨੂੰ ਅੰਤਰਿਮ ਮੁਖੀ ਦਾ ਕੰਮ ਸੌਂਪਿਆ ਗਿਆ ਸੀ।
CBI
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਉੱਚ ਅਧਿਕਾਰ ਪ੍ਰਾਪਤ ਕਮੇਟੀ ਨੇ ਆਲੋਕ ਕੁਮਾਰ ਵਰਮਾ ਨੂੰ ਭ੍ਰਿਸ਼ਟਾਚਾਰ ਅਤੇ ਕਰਤੱਵਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਕਾਰਨ ਜਾਂਚ ਏਜੰਸੀ ਦੇ ਮੁਖੀ ਦੇ ਅਹੁਦੇ ਤੋਂ ਹਟਾ ਦਿਤਾ ਗਿਆ ਸੀ। ਇਸ ਕਮੇਟੀ ਵਿਚ ਪੀਐਮ ਮੋਦੀ ਤੋਂ ਇਲਾਵਾ ਲੋਕਸਭਾ ਵਿਚ ਕਾਂਗਰਸ ਦੇ ਨੇਤਾ ਮਲਿਕਾਰੁਜਨ ਖੜਗੇ ਅਤੇ ਚੀਫ ਜਸਟਿਸ ਰੰਜਨ ਗੋਗੋਈ ਦੇ ਨੁਮਾਇੰਦੇ ਦੇ ਤੌਰ 'ਤੇ ਜਸਟਿਸ ਏ.ਕੇ.ਸੀਕਰੀ ਮੌਜੂਦ ਸਨ।