
ਕਿਹਾ, ਦੇਸ਼ ’ਚ ਦੇਸ਼ ਦੀ ਦੌਲਤ ਬਣਾਈ ਰੱਖਣ ਲਈ ਲੋਕਾਂ ਨੂੰ ‘ਭਾਰਤ ’ਚ ਹੀ ਵਿਆਹ ਕਰਨ’ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ
Wed In India: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਦੇਸ਼ਾਂ ’ਚ ਭਾਰਤੀਆਂ ਦੇ ਵਿਆਹ ਕਰਨ ਦੇ ਵੱਧ ਰਹੇ ਰਿਵਾਜ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਦੇਸ਼ ’ਚ ਦੇਸ਼ ਦੀ ਦੌਲਤ ਬਣਾਈ ਰੱਖਣ ਲਈ ਲੋਕਾਂ ਨੂੰ ‘ਭਾਰਤ ’ਚ ਹੀ ਵਿਆਹ ਕਰਨ’ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਗੁਜਰਾਤ ਦੇ ਅਮਰੇਲੀ ਸ਼ਹਿਰ ’ਚ ਖੋਡਲਧਾਮ ਟਰੱਸਟ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ਨੂੰ ਵਰਚੁਅਲ ਤੌਰ ’ਤੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਦੇਸ਼ ’ਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ’ਚ ਮਦਦ ਕਰਨ ਦੀ ਅਪੀਲ ਕੀਤੀ।
ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਦਮ ਚੁਕੇ ਹਨ ਕਿ ਲੋਕਾਂ ਨੂੰ ਕੈਂਸਰ ਦੇ ਇਲਾਜ ਵਿਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਲਈ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਅਤੇ ਕਿਫਾਇਤੀ ਕੀਮਤਾਂ ’ਤੇ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਲਗਭਗ 30 ਨਵੇਂ ਹਸਪਤਾਲ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ’ਤੇ 1.5 ਲੱਖ ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਰ (ਸਿਹਤ ਕੇਂਦਰ) ਵੀ ਬਣਾਏ ਗਏ ਹਨ ਤਾਂ ਜੋ ਬਿਮਾਰੀ ਦੀ ਜਲਦੀ ਪਛਾਣ ਕੀਤੀ ਜਾ ਸਕੇ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸ਼੍ਰੀ ਖੋਡਲਧਾਮ ਟਰੱਸਟ-ਕਾਗਵਾੜ ਦਾ ਪ੍ਰਬੰਧਨ ਕਰਨ ਵਾਲੇ ਲੇਵਾ ਪਾਟੀਦਾਰ ਭਾਈਚਾਰੇ ਦੇ ਮੈਂਬਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਕੀ ਵਿਦੇਸ਼ ’ਚ ਵਿਆਹ ਕਰਨਾ ਠੀਕ ਹੈ? ਕੀ ਸਾਡੇ ਦੇਸ਼ ’ਚ ਵਿਆਹ ਨਹੀਂ ਹੋ ਸਕਦਾ? ਭਾਰਤ ਦਾ ਕਿੰਨਾ ਪੈਸਾ ਬਾਹਰ ਜਾਂਦਾ ਹੈ।’’
ਉਨ੍ਹਾਂ ਕਿਹਾ, ‘‘ਤੁਹਾਨੂੰ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ ਕਿ ਵਿਦੇਸ਼ ’ਚ ਵਿਆਹ ਕਰਨ ਦੀ ਬੀਮਾਰੀ ਤੁਹਾਡੇ ਭਾਈਚਾਰੇ ’ਚ ਨਾ ਆਵੇ। ਵਿਆਹ ਮਾਂ ਖੋਡਲ (ਭਾਈਚਾਰੇ ਵਲੋਂ ਪੂਜਨੀਕ ਦੇਵੀ) ਦੇ ਚਰਨਾਂ ’ਚ ਕਿਉਂ ਨਹੀਂ ਹੋਣਾ ਚਾਹੀਦਾ, ਇਸ ਲਈ ਮੈਂ ਕਹਿੰਦਾ ਹਾਂ ‘ਮੇਡ ਇਨ ਇੰਡੀਆ’ ਵਾਂਗ ‘ਵੈੱਡ ਇਨ ਇੰਡੀਆ’। ਉਨ੍ਹਾਂ ਨੇ ਲੋਕਾਂ ਨੂੰ ਦੇਸ਼ ਦੇ ਅੰਦਰ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ’ਚ ਮਦਦ ਕਰਨ ਦੀ ਵੀ ਅਪੀਲ ਕੀਤੀ।
(For more Punjabi news apart from Wed In India PM Modi Renews Appeal In Fresh Push For Domestic Tourism
, stay tuned to Rozana Spokesman)