
ਮੁਲਕ ਦੇ ਲਈ ਜੰਗ ਵਿਚ ਲੜਦੇ ਹੋਏ ਸ਼ਹੀਦ ਹੋਣ ’ਤੇ ਹਰ ਇਕ ਨੂੰ ਮਾਣ ਹੁੰਦਾ ਹੈ ਪਰ ਕੀ ਅਜਿਹਾ ਹੋ ਸਕਦਾ ਹੈ ਕਿ ਸ਼ਹੀਦ...
ਸ਼ਿਕੋਹਾਬਾਦ : ਮੁਲਕ ਦੇ ਲਈ ਜੰਗ ਵਿਚ ਲੜਦੇ ਹੋਏ ਸ਼ਹੀਦ ਹੋਣ ’ਤੇ ਹਰ ਇਕ ਨੂੰ ਮਾਣ ਹੁੰਦਾ ਹੈ ਪਰ ਕੀ ਅਜਿਹਾ ਹੋ ਸਕਦਾ ਹੈ ਕਿ ਸ਼ਹੀਦ ਦੇ ਅੰਤਮ ਸਸਕਾਰ ਲਈ ਉਸ ਦੇ ਅਪਣੇ ਪਿੰਡ ਵਾਲੇ ਹੀ ਜ਼ਮੀਨ ਦਾ ਇਕ ਟੁਕੜਾ ਨਾ ਦੇ ਸਕਣ? ਸੋਸ਼ਲ ਮੀਡੀਆ ਉਤੇ ਇਕ ਖ਼ਬਰ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਕਸ਼ਮੀਰ ਵਿਚ ਮਾਰੇ ਗਏ ਸੀਆਰਪੀਐਫ਼ ਦੇ ਜਵਾਨਾਂ ਵਿਚ ਇਕ ਜਵਾਨ ਦਾ ਹੇਠਲੀ ਜਾਤੀ ਦਾ ਹੋਣ ਕਰਕੇ ਉੱਚੀ ਜਾਤ ਦੇ ਲੋਕਾਂ ਨੇ ਅੰਤਮ ਸਸਕਾਰ ਲਈ ਜ਼ਮੀਨ ਦੇਣ ਤੋਂ ਰੋਕ ਦਿਤਾ।
ਇੱਥੇ ਦੱਸ ਦਈਏ ਕਿ ਇਹ ਸ਼ਰਮਨਾਕ ਘਟਨਾ ਜੂਨ 2016 ਦੀ ਯੂਪੀ ਦੇ ਸ਼ਿਕੋਹਾਬਾਦ ਦੀ ਹੈ। ਸ਼ਹੀਦ ਦੀ ਜਾਤ ਛੋਟੀ ਹੋਣ ਦਾ ਮੁੱਦਾ ਬਣਾ ਕੇ ਉੱਚੀਆਂ ਜਾਤਾਂ ਵਾਲਿਆਂ ਨੇ ਸ਼ਮਸ਼ਾਨ ਘਾਟ ਉਤੇ ਅੰਤਮ ਸਸਕਾਰ ਨਹੀਂ ਹੋਣ ਦਿਤਾ। ਅਫ਼ਸਰਾਂ ਦੇ ਦਖ਼ਲ ਦੇਣ ਤੋਂ ਬਾਅਦ ਜ਼ਮੀਨ ਦਾ ਟੁਕੜਾ ਮਿਲਿਆ। ਇਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਵੀਰ ਸਿੰਘ, ਨਟ (ਹੇਠਲੀ ਜਾਤੀ) ਨਾਲ ਸਬੰਧਿਤ ਸਨ। ਇਸ ਦੇ ਕਾਰਨ ਉੱਚ ਜਾਤੀ ਦੇ ਲੋਕਾਂ ਨੇ ਇਤਰਾਜ਼ ਜਤਾਇਆ ਸੀ।
ਉਸ ਤੋਂ ਬਆਦ ਫਿਰੋਜ਼ਾਬਾਦ ਡੀਐਮ ਨੂੰ ਇਸ ਮਾਮਲੇ ਵਿਚ ਦਖ਼ਲ ਦੇਣਾ ਪਿਆ ਅਤੇ ਅੰਤਮ ਸਸਕਾਰ ਦੇ ਲਈ 10x10 ਸਰਕਾਰੀ ਜ਼ਮੀਨ ਦੀ ਪ੍ਰਵਾਨਗੀ ਦਿਤੀ। ਸ਼ਹੀਦ ਜਵਾਨ ਵੀਰ ਸਿੰਘ ਸ਼ਿਕੋਹਾਬਾਦ ਦੇ ਨਾਗਲਾ ਪਿੰਡ ਦੇ ਰਹਿਣ ਵਾਲੇ ਸਨ। ਉਸ ਦਾ ਪਰਿਵਾਰ ਗਰੀਬ ਹੈ ਤੇ ਉਨ੍ਹਾਂ ਕੋਲ ਖ਼ੁਦ ਦੀ ਜ਼ਮੀਨ ਨਹੀਂ ਹੈ। ਐਤਵਾਰ ਦੁਪਹਿਰ ਨੂੰ ਸ਼ਹੀਦ ਦਾ ਅੰਤਮ ਸਸਕਾਰ ਹੋਣਾ ਸੀ ਪਰ ਉੱਚੀ ਜਾਤੀ ਨਾਲ ਸਬੰਧਤ ਲੋਕਾਂ ਦੇ ਵਿਰੋਧ ਕਾਰਨ ਬਹੁਤ ਦੇਰੀ ਹੋ ਗਈ।
ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਪੰਪੋਰ ਅਤਿਵਾਦੀ ਹਮਲੇ ਵਿਚ ਸੀਆਰਪੀਐਫ਼ ਦੇ 8 ਜਵਾਨ ਸ਼ਹੀਦ ਹੋਏ ਸਨ, ਜਿਨ੍ਹਾਂ ਵਿਚੋਂ ਵੀਰ ਸਿੰਘ ਵੀ ਇਕ ਸਨ। ਵੀਰ ਸਿੰਘ ਦੇ ਪਿਤਾ ਰਮੇਸ਼ ਨੇ ਕਿਹਾ ਕਿ ਪੁੱਤਰ ਨੇ ਦੇਸ਼ ਦੀ ਸੇਵਾ ਕਰਨ ਲਈ ਅਪਣਾ ਜੀਵਨ ਬਲੀਦਾਨ ਕੀਤਾ ਪਰ ਸਾਡੇ ਅਪਣੇ ਸਾਥੀਆਂ ਨੇ ਚਿਤਾ ਲਈ ਜ਼ਮੀਨ ਦੇਣ ਤੋਂ ਇਨਕਾਰ ਕਰ ਦਿਤਾ। ਪੁਲਿਸ ਪ੍ਰਸ਼ਾਸਨ ਦੇ ਮਾਮਲੇ ਵਿਚ ਦਖ਼ਲ ਦੇਣ ਤੋਂ ਬਆਦ ਇਹ ਮਾਮਲਾ ਸੁਲਝਾਇਆ ਗਿਆ।