
ਤਿਆਰ ਹੋਣ 'ਤੇ 120 ਸਾਲ ਦਾ ਹੋਵੇਗਾ ਪੁਲ ਦਾ ਕਾਰਜਕਾਲ
ਜੰਮੂ - ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਚਨਾਬ ਰੇਲਵੇ ਪੁਲ 'ਤੇ ਪਟੜੀ ਵਿਛਾਉਣ ਦਾ ਕੰਮ ਮੰਗਲਵਾਰ ਨੂੰ ਸ਼ੁਰੂ ਹੋ ਗਿਆ। ਇਹ ਪੁਲ ਨਦੀ ਤਲ ਤੋਂ 359 ਮੀਟਰ ਦੀ ਉਚਾਈ 'ਤੇ ਸਥਿਤ ਹੈ।
ਅਧਿਕਾਰੀਆਂ ਮੁਤਾਬਕ ਇਸ ਪੁਲ ਦੀ ਲੰਬਾਈ 1.3 ਕਿਲੋਮੀਟਰ ਹੈ, ਜੋ ਪੈਰਿਸ ਦੇ ਐਫ਼ਿਲ ਟਾਵਰ ਤੋਂ 35 ਮੀਟਰ ਉੱਚਾ ਹੈ। ਇਹ ਪੁਲ ਕਟੜਾ ਤੋਂ ਬਨਿਹਾਲ ਤੱਕ 111 ਕਿਲੋਮੀਟਰ ਦੀ ਦੂਰੀ 'ਤੇ ਇੱਕ ਮਹੱਤਵਪੂਰਣ ਸੰਪਰਕ ਪ੍ਰਦਾਨ ਕਰਦਾ ਹੈ ਅਤੇ 21,653 ਕਰੋੜ ਰੁਪਏ ਦੀ ਲਾਗਤ ਵਾਲੇ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲਵੇ ਲਿੰਕ ਪ੍ਰੋਜੈਕਟ ਦਾ ਹਿੱਸਾ ਹੈ।
ਰੇਲਵੇ ਮੰਤਰਾਲੇ ਨੇ ਇੱਕ ਟਵੀਟ ਵਿੱਚ ਕਿਹਾ, "ਯੂ.ਐੱਸ.ਬੀ.ਆਰ.ਐੱਲ. ਪ੍ਰੋਜੈਕਟ ਵਿੱਚ ਇੱਕ ਹੋਰ ਮੀਲ ਪੱਥਰ! ਚਨਾਬ ਪੁਲ 'ਤੇ ਪਟੜੀ ਵਿਛਾਉਣ ਦਾ ਕੰਮ ਸ਼ੁਰੂ। ਇੱਕ ਵਾਰ ਪੂਰਾ ਹੋਣ 'ਤੇ, ਇਹ ਪੁਲ ਜੰਮੂ-ਕਸ਼ਮੀਰ ਦੇ ਦੂਰ-ਦੁਰਾਡੇ ਖੇਤਰਾਂ ਲਈ ਨਵੀਆਂ ਸੰਭਾਵਨਾਵਾਂ ਖੋਲ੍ਹੇਗਾ।"
ਅਧਿਕਾਰੀਆਂ ਨੇ ਦੱਸਿਆ ਕਿ ਪੁਲ ਦੀ ਉਸਾਰੀ ਦਾ ਕੰਮ 2004 ਵਿੱਚ ਸ਼ੁਰੂ ਹੋਇਆ ਸੀ, ਪਰ ਖੇਤਰ ਵਿੱਚ ਲਗਾਤਾਰ ਤੇਜ਼ ਹਵਾਵਾਂ ਦੇ ਮੱਦੇਨਜ਼ਰ ਰੇਲ ਯਾਤਰੀਆਂ ਦੀ ਸੁਰੱਖਿਆ ਦੇ ਪਹਿਲੂ 'ਤੇ ਵਿਚਾਰ ਕਰਨ ਲਈ ਇਸਨੂੰ 2008-09 ਵਿੱਚ ਮੁਲਤਵੀ ਕਰ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇੱਕ ਵਾਰ ਕੰਮ ਪੂਰਾ ਹੋਣ ਤੋਂ ਬਾਅਦ ਇਹ ਪੁਲ 260 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨੂੰ ਵੀ ਸਹਿਣ ਦੇ ਸਮਰੱਥ ਹੋ ਜਾਵੇਗਾ ਅਤੇ ਇਸ ਦਾ ਕਾਰਜਕਾਲ 120 ਸਾਲ ਦਾ ਹੋਵੇਗਾ।