
ਅਤਿਵਾਦੀਆਂ ਨੂੰ ਮਾਰਨ ਨਾਲ ਕਸ਼ਮੀਰ ਸਮੱਸਿਆ ਹੱਲ ਨਹੀਂ ਹੋਵੇਗੀ। ਇਕ ਅਤਿਵਾਦੀ ਮਾਰਿਆ ਜਾਵੇਗਾ ਤਾਂ ਉਸ ਦੀ ਥਾਂ 10 ਹੋਰ ਖੜੇ ਹੋ ਜਾਣਗੇ।
ਸ੍ਰੀਨਗਰ, 18 ਅਗੱਸਤ : ਅਤਿਵਾਦੀਆਂ ਨੂੰ ਮਾਰਨ ਨਾਲ ਕਸ਼ਮੀਰ ਸਮੱਸਿਆ ਹੱਲ ਨਹੀਂ ਹੋਵੇਗੀ। ਇਕ ਅਤਿਵਾਦੀ ਮਾਰਿਆ ਜਾਵੇਗਾ ਤਾਂ ਉਸ ਦੀ ਥਾਂ 10 ਹੋਰ ਖੜੇ ਹੋ ਜਾਣਗੇ। ਇਹ ਗੱਲ ਅੱਜ ਵੱਖਵਾਦੀ ਨੇਤਾ ਮੀਰਵਾਇਜ਼ ਉਮਰ ਫ਼ਾਰੂਖ਼ ਨੇ ਕਹੀ। ਉਹ ਪੁਰਾਣੇ ਸ਼ਹਿਰ ਦੀ ਜਾਮਾ ਮਸਜਿਦ ਵਿਚ ਜੁੰਮੇ ਦੀ ਨਮਾਜ਼ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਮੀਰਵਾਇਜ਼ ਨੇ ਕਿਹਾ ਕਿ ਹਮਲੇ ਅਤੇ ਦਮਨ ਦੀ ਨੀਤੀ ਨਾਲ ਇਸ ਮੁੱਦੇ ਨੂੰ ਸੁਲਝਾਇਆ ਨਹੀਂ ਜਾ ਸਕਦਾ। ਅਤਿਵਾਦੀਆਂ ਦੇ ਅੰਤਮ ਸਸਕਾਰ ਵਿਚ ਆਉਣ ਵਾਲੀ ਭੀੜ ਇਸ ਗੱਲ ਦਾ ਸਬੂਤ ਹੈ ਕਿ ਇਹ ਸਮੱਸਿਆ ਅਤਿਵਾਦੀਆਂ ਦੀਆਂ ਮੌਤਾਂ ਨਾਲ ਹੱਲ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕ ਇਸ ਮੁੱਦੇ ਦਾ ਹੱਲ ਚਾਹੁੰਦੇ ਹਨ। ਪਿਆਰ, ਸਦਭਾਵਨਾ ਅਤੇ ਆਪਸੀ ਗੱਲਬਾਤ ਨਾਲ ਹੋਏ ਹੱਲ ਨੂੰ ਪ੍ਰਵਾਨ ਕਰਨ 'ਚ ਜ਼ਿਆਦਾ ਆਸਾਨੀ ਹੋਵੇਗੀ। ਇਸ ਤੋਂ ਪਹਿਲਾਂ ਪਿਛਲੇ ਛੇ ਹਫ਼ਤੇ ਤੋਂ ਘਰ ਵਿਚ ਨਜ਼ਰਬੰਦ ਮੀਰਵਾਇਜ਼ ਨੂੰ ਜੁੰਮੇ ਦੀ ਨਮਾਜ਼ ਲਈ ਛੋਟ ਦਿਤੀ ਗਈ ਸੀ। (ਏਜੰਸੀ)