
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵਲੋਂ ਪਹਾੜੀ ਸੂਬਿਆਂ ਨੂੰ ਵਿਸ਼ੇਸ਼ ਰਿਆਇਤਾਂ ਦੇਣ 'ਤੇ ਰੋਸ ਜਤਾਉਂਦਿਆਂ ਕਿਹਾ ਕਿ..
ਚੰਡੀਗੜ੍ਹ, 18 ਅਗੱਸਤ (ਛਿੱਬਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵਲੋਂ ਪਹਾੜੀ ਸੂਬਿਆਂ ਨੂੰ ਵਿਸ਼ੇਸ਼ ਰਿਆਇਤਾਂ ਦੇਣ 'ਤੇ ਰੋਸ ਜਤਾਉਂਦਿਆਂ ਕਿਹਾ ਕਿ ਉਹ ਪੰਜਾਬ ਦੇ ਸਰਹੱਦੀ ਇਲਾਕਿਆਂ ਅਤੇ ਕੰਢੀ ਖੇਤਰਾਂ ਨੂੰ ਵੀ ਅਜਿਹੀਆਂ ਛੋਟਾਂ ਦੇਣ ਦੀ ਮੰਗ ਉਠਾਉਣਗੇ।
ਮੁੱਖ ਮੰਤਰੀ ਪੰਜਾਬ ਕਲਾ ਭਵਨ ਵਿਖੇ ਫ਼ੋਟੋ ਜਰਨਲਿਸਟ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਆਯੋਜਤ ਫ਼ੋਟੋ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਪਹੁੰਚੇ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਤੇ ਕੰਢੀ ਖੇਤਰਾਂ ਵਿਚ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਜਿਸ ਕਰ ਕੇ ਕੇਂਦਰ ਸਰਕਾਰ ਵਲੋਂ ਪਹਾੜੀ ਸੂਬਿਆਂ ਨੂੰ ਦਿਤੀਆਂ ਰਿਆਇਤਾਂ ਵਾਂਗ ਇਹ ਇਲਾਕੇ ਵੀ ਅਜਿਹੀਆਂ ਛੋਟਾਂ ਦੇ ਹੱਕਦਾਰ ਹਨ।
ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਬਾਰੇ ਆਉਣ ਵਾਲੇ ਫ਼ੈਸਲੇ 'ਤੇ ਪੁੱਛੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਸੂਬੇ ਦੇ ਅਮਨ-ਚੈਨ ਵਿਚ ਵਿਘਨ ਪਾਉਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਵਿਭਾਗ ਨੂੰ ਪੰਜਾਬ ਵਿਚ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਪ੍ਰਤੀ ਚੌਕਸ ਰਹਿਣ ਦੇ ਨਿਰਦੇਸ਼ ਦਿਤੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਤੇ ਖ਼ੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਅਮਨ-ਸ਼ਾਂਤੀ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰੀਪੋਰਟ ਹਾਸਲ ਕਰ ਲਈ ਹੈ ਅਤੇ ਇਸ ਨੂੰ ਪੜ੍ਹ ਕੇ ਕਿਸਾਨਾਂ ਦੇ ਹਿਤ ਵਿਚ ਢੁਕਵੇਂ ਫ਼ੈਸਲੇ ਲਏ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੰਕਟ ਨਾਲ ਜੂਝ ਰਹੀ ਕਿਸਾਨੀ ਦੀ ਮਦਦ ਲਈ ਉਨ੍ਹਾਂ ਦੇ ਕਰਜ਼ੇ ਦੀ ਅਦਾਇਗੀ ਵਾਸਤੇ ਸਰਕਾਰ ਨੂੰ ਵਾਧੂ ਕਰਜ਼ੇ ਦੀ ਲੋੜ ਹੈ।
ਕੈਪਟਨ ਨੇ ਸਪੱਸ਼ਟ ਕੀਤਾ ਕਿ ਰੇਤ ਦੀਆਂ ਖੱਡਾਂ ਦੀ ਨਿਲਾਮੀ ਅਤੇ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਵਿਰੁਧ ਲੱਗੇ ਦੋਸ਼ਾਂ ਬਾਰੇ ਜਸਟਿਸ ਨਾਰੰਗ ਦੀ ਰੀਪੋਰਟ ਨੂੰ ਘੋਖਣ ਲਈ ਦੂਜੀ ਕਮੇਟੀ ਨਹੀਂ ਬਣੇਗੀ। ਉਨ੍ਹਾਂ ਕਿਹਾ,''ਮੈਂ ਰੀਪੋਰਟ ਮੁੱਖ ਸਕੱਤਰ ਨੂੰ ਭੇਜ ਦਿਤੀ ਹੈ ਜੋ ਇਸ ਰੀਪੋਰਟ ਦੀ ਪੜਚੋਲ ਲਈ ਹੋਰ ਅਧਿਕਾਰੀਆਂ ਨੂੰ ਸ਼ਾਮਲ ਕਰ ਸਕਦੇ ਹਨ।''
ਆਮ ਆਦਮੀ ਪਾਰਟੀ 'ਚੋਂ ਕੱਢੇ ਲੀਡਰ ਸੁੱਚਾ ਸਿੰਘ ਛੋਟੇਪੁਰ ਦੇ ਕਾਂਗਰਸ ਵਿਚ ਆਉਣ ਦੀਆਂ ਕਿਆਸ-ਅਰਾਈਆਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਛੋਟੇਪੁਰ ਉਨ੍ਹਾਂ ਦੇ ਚੰਗੇ ਮਿੱਤਰ ਹਨ ਪਰ ਪਿਛਲੇ ਦੋ ਮਹੀਨਿਆਂ ਤੋਂ ਮੁਲਾਕਾਤ ਨਹੀਂ ਹੋਈ। ਇਸ ਮੌਕੇ ਮੁੱਖ ਮੰਤਰੀ ਨੇ ਉਘੇ ਫ਼ੋਟੋਗ੍ਰਾਫਰ ਐਸ. ਪੌਲ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਬੁੱਧਵਾਰ ਨੂੰ ਨਵੀਂ ਦਿੱਲੀ ਵਿਖੇ ਚਲ ਵਸੇ ਸਨ। ਇਸ ਮੌਕੇ ਐਵਾਰਡ ਜੇਤੂ ਫ਼ੋਟੋ ਜਰਨਲਿਸਟ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਵੀ ਰਖਿਆ। ਕੈਪਟਨ ਅਮਰਿੰਦਰ ਸਿੰਘ ਨੇ ਸਾਲ ਦੇ ਬਿਹਤਰੀਨ ਫ਼ੋਟੋਗ੍ਰਾਫ਼ਰ ਲਈ ਟਰਾਫ਼ੀ ਦਾ ਐਲਾਨ ਕੀਤਾ ਜੋ ਹਰ ਸਾਲ ਦਸੰਬਰ ਮਹੀਨੇ ਵਿਚ ਦਿਤੀ ਜਾਵੇਗੀ।
ਇਸ ਮੌਕੇ ਉੱਘੇ ਫ਼ੋਟੋ ਜਰਨਾਲਿਸਟ ਸੰਤੋਖ ਸਿੰਘ ਨੇ ਮੁੱਖ ਮੰਤਰੀ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ। ਇਸ ਤਿੰਨ ਰੋਜ਼ਾ ਪ੍ਰਦਰਸ਼ਨੀ ਵਿਚ 59 ਫ਼ੋਟੋਗ੍ਰਾਫ਼ਰਾਂ ਦੀਆਂ 109 ਤਸਵੀਰਾਂ ਦੀ ਨੁਮਾਇਸ਼ ਲਾਈ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਖਿੱਚੀਆਂ ਗਈਆਂ ਤਸਵੀਰਾਂ ਵੀ ਨੁਮਾਇਸ਼ ਵਿਚ ਸ਼ਾਮਲ ਕੀਤੀਆਂ ਗਈਆਂ ਹਨ। ਅਪਣੀਆਂ ਤਸਵੀਰਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਲੰਮਾ ਸਮਾਂ ਪਹਿਲਾਂ ਦਖਣੀ ਅਫ਼ਰੀਕਾ ਵਿਚ ਖਿੱਚੀਆਂ ਸਨ। ਉਦਘਾਟਨੀ ਸਮਾਗਮ ਦੌਰਾਨ ਉਨ੍ਹਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸਲਾਹਕਾਰ ਮੁੱਖ ਮੰਤਰੀ ਬੀ.ਆਈ.ਐਸ. ਚਾਹਲ, ਮੁਹਾਲੀ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਸਤਿੰਦਰ ਸੱਤੀ ਹਾਜ਼ਰ ਸਨ।