
ਪਿਛਲੇ 70 ਸਾਲ ਦੇ ਪੱਤਰਕਾਰੀ ਤਜਰਬੇ ਵਾਲੇ ਨਾਮੀ ਜਰਨਲਿਸਟ ਦਾ ਕਹਿਣਾ ਹੈ ਕਿ ਧਰਮ ਨਿਰਪੱਖ ਤੇ ਬਹੁਕੌਮੀਅਤ ਵਾਲੇ ਮੁਲਕ ਲਈ ਆਜ਼ਾਦ ਤੇ ਮਜ਼ਬੂਤ ਮੀਡੀਆ ਦਾ ਹੋਣਾ..
ਚੰਡੀਗੜ੍ਹ, 18 ਅਗੱਸਤ (ਜੀ.ਸੀ.ਭਾਰਦਵਾਜ): ਪਿਛਲੇ 70 ਸਾਲ ਦੇ ਪੱਤਰਕਾਰੀ ਤਜਰਬੇ ਵਾਲੇ ਨਾਮੀ ਜਰਨਲਿਸਟ ਦਾ ਕਹਿਣਾ ਹੈ ਕਿ ਧਰਮ ਨਿਰਪੱਖ ਤੇ ਬਹੁਕੌਮੀਅਤ ਵਾਲੇ ਮੁਲਕ ਲਈ ਆਜ਼ਾਦ ਤੇ ਮਜ਼ਬੂਤ ਮੀਡੀਆ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਦੇ ਨਾਲ-ਨਾਲ ਲੋਕਤੰਤਰੀ ਸਰਕਾਰ ਦੀ ਡਿਕਟੇਟਰਾਨਾ ਹਕੂਮਤ ਤੇ ਰਵਈਏ ਨੂੰ ਲਗਾਮ ਦੇਣ ਲਈ ਪ੍ਰਭਾਵਸ਼ਾਲੀ ਵਿਰੋਧੀ ਧਿਰ ਦਾ ਮਜ਼ਬੂਤ ਹੋਣਾ ਵੀ ਜ਼ਰੂਰੀ ਹੈ।
ਅੱਜ ਇਥੇ ਪ੍ਰੈਸ ਕਲੱਬ ਵਿਚ ਅਪਣੇ ਭਾਸ਼ਣ ਤੇ ਪੱਤਰਕਾਰਾਂ ਦੇ ਰੂਬਰੂ ਮੌਕੇ 90 ਸਾਲਾ ਐਸ. ਨਿਹਾਲ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਇਸ ਦੇ ਮੁਖੀ ਦਿਨ ਬ ਦਿਨ ਅਪਣੀਆਂ ਗ਼ਲਤੀਆਂ ਤੇ ਕਮਜ਼ੋਰੀਆਂ ਕਰ ਕੇ ਰਾਜਾਂ ਤੇ ਕੇਂਦਰ ਵਿਚੋਂ ਅਲੋਪ ਹੋ ਰਹੀ ਹੈ। ਕੇਜਰੀਵਾਲ ਦੀ 'ਆਪ' ਵੀ ਚੰਗਾ ਬਦਲ ਨਹੀਂ ਬਣ ਰਹੀ ਜਿਸ ਕਾਰਨ ਮੋਦੀ ਦੀ ਲੀਡਰਸ਼ਿਪ ਚਮਕ ਰਹੀ ਹੈ ਜੋ ਦੁਨੀਆਂ ਦੀ ਸੱਭ ਤੋਂ ਵੱਡੀ ਲੋਕਤੰਤਰੀ ਢਾਂਚੇ ਲਈ ਖ਼ਤਰਾ ਹੈ। ਐਸ. ਨਿਹਾਲ ਸਿੰਘ ਜਿਨ੍ਹਾਂ ਨੇ ਨਹਿਰੂ, ਇੰਦਰਾ ਗਾਂਧੀ, ਮੋਰਾਰਜੀ ਡੇਸਾਈ, ਵੀ.ਪੀ. ਸਿੰਘ, ਨਰਸਿੰਮ੍ਹਾ ਰਾਉ, ਚੰਦਰ ਸ਼ੇਖਰ, ਮਨਮੋਹਨ ਸਿੰਘ ਵੇਲੇ ਵੱਖ ਵੱਖ ਅਖ਼ਬਾਰਾਂ ਲਈ ਪੱਤਰਕਾਰੀ ਤੇ ਐਡੀਟਰਸ਼ਿਪ ਕੀਤੀ ਨੇ ਕਿਹਾ ਕਿ ਭਾਵੇਂ ਮੋਦੀ ਸਰਕਾਰ ਨੇ ਜੀ.ਐਸ.ਟੀ., ਨੋਟਬੰਦੀ, ਵਿਦੇਸ਼ ਨੀਤੀ, ਸਮਾਜਕ ਤੇ ਆਰਥਕ ਖੇਤਰ ਵਿਚ ਵੱਡੇ ਫ਼ੈਸਲੇ ਲਏ ਹਨ, ਮੁਲਕ ਦਾ ਦੁਨੀਆਂ ਵਿਚ ਨਾਮ ਰੌਸ਼ਨ ਕੀਤਾ ਹੈ ਪਰ ਅੰਦਰੂਨੀ ਜਮਹੂਰੀਅਤ ਦੀ ਸੁਤੰਤਰਤਾ ਨੂੰ ਧੱਕਾ ਲਾਇਆ ਹੈ, ਨੁਕਸਾਨ ਪਹੁੰਚਾਇਆ ਹੈ ਅਤੇ ਦੁਖ ਦੀ ਗੱਲ ਇਹ ਹੈ ਕਿ ਮੀਡੀਆ ਘਰਾਣੇ ਵੀ ਬਹੁਤੀ ਆਲੋਚਨਾ ਨਹੀਂ ਕਰਦੇ ਅਤੇ ਮੋਦੀ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਨਹੀਂ ਕਰਦੇ।
ਨਿਹਾਲ ਸਿੰਘ ਨੇ ਕਿਹਾ ਕਿ 1975-76 'ਚ ਇੰਦਰਾ ਗਾਂਧੀ ਨੇ ਐਮਰਜੈਂਸੀ ਵੇਲੇ ਲੋਕਾਂ ਦੀ ਆਵਾਜ਼ ਨੂੰ ਦਬਾਇਆ, ਮੀਡੀਆ ਤੇ ਸੈਂਸਰਸ਼ਿਪ ਲਾਈ, ਸਿਰਫ਼ 19 ਮਹੀਨੇ ਇਹ ਸਖ਼ਤ ਦੌਰ ਹਾਵੀ ਰਿਹਾ, ਉਸੇ ਤਰ੍ਹਾਂ ਹੁਣ ਵੱਡੇ ਮੀਡੀਆ ਹਾਊਸ ਅਪਣੇ ਆਪ ਮੋਦੀ ਅੱਗੇ ਹੱਥ ਜੋੜੀ ਖੜੇ ਹਨ, ਜੋ ਲੋਕਤੰਤਰ ਲਈ ਖ਼ਤਰਾ ਹੈ। ਇਹ ਬਹੁਤਾ ਸਮਾਂ ਨਹੀਂ ਚੱਲੇਗਾ।
ਪੱਤਰਕਾਰਾਂ ਵਲੋਂ ਪੁਛੇ ਸਿਆਸੀ, ਸਮਾਜਕ, ਆਰਥਕ, ਪ੍ਰਿੰਟ ਤੇ ਸੋਸ਼ਲ ਮੀਡੀਆ ਬਾਰੇ ਅਨੇਕਾਂ ਸਵਾਲਾਂ ਦੇ ਜਵਾਬ ਦਿੰਦਿਆਂ ਵੈਟਰਨ ਪੱਤਰਕਾਰ ਨੇ ਕਿਹਾ ਕਿ ਜੇ ਕਾਂਗਰਸ ਨਹਿਰੂ, ਇੰਦਰਾ, ਸੋਨੀਆ ਰਾਹੁਲ ਪਰਵਾਰ ਦੇ ਬਾਹਰੋਂ ਅਪਣੇ ਨੇਤਾ ਬਣਾਉਂਦੀ ਹੈ ਤਾਂ ਦੋਫਾੜ ਹੋ ਜਾਵੇਗੀ। ਜੇ ਰਾਹੁਲ 'ਤੇ ਹੀ ਟੇਕ ਜਾਰੀ ਰੱਖਦੀ ਹੈ ਤਾਂ ਭਵਿੱਖ ਵਿਚ ਹੋਰ ਕਮਜ਼ੋਰ ਹੁੰਦੀ ਰਹੇਗੀ ਕਿਉਂਕਿ ਮੋਦੀ ਦੇ ਮੁਕਾਬਲੇ ਰਾਹੁਲ ਕਾਫ਼ੀ ਹੇਠਾਂ ਹੈ। ਨਿਤੀਸ਼ ਕੁਮਾਰ ਨੇ ਬੀਜੇਪੀ ਦੇ ਪੱਲੇ ਪੈ ਕੇ ਅਪਣਾ ਭਵਿੱਖ ਨੀਵਾਂ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਬਿਨਾਂ ਪਰਖੇ, ਤਫ਼ਤੀਸ਼ ਕੀਤੇ ਇਕ ਪਾਸੜ ਸਨਸਨੀਖੇਜ ਖ਼ਬਰਾਂ ਮੋਬਾਈਲ 'ਤੇ ਪਾਈ ਜਾ ਰਿਹਾ ਹੈ ਜੋ ਲੰਬਾ ਸਮਾਂ ਨਹੀਂ ਚਲੇਗਾ। ਅਖ਼ੀਰ ਵਿਚ ਪ੍ਰਿੰਟ ਮੀਡੀਆ ਹੀ ਚਲੇਗਾ, ਕਾਮਯਾਬੀ ਅਖ਼ਬਾਰਾਂ ਦੀ ਹੀ ਹੋਣੀ ਹੈ ਕਿਉਂਕਿ ਪੱਤਰਕਾਰ ਸੋਚ ਸਮਝ ਕੇ ਹੀ ਤੱਥਾਂ ਦੇ ਆਧਾਰ 'ਤੇ ਅਪਣੇ ਲੇਖ ਛਾਪਦਾ ਹੈ। ਨੌਜਵਾਨ ਪੱਤਰਕਾਰਾਂ ਨੂੰ ਸਲਾਹ ਦਿੰਦੇ ਹੋਏ ਐਸ. ਨਿਹਾਲ ਸਿੰਘ ਨੇ ਕਿਹਾ ਕਿ ਅਪਣੇ ਕਿਤੇ ਲਈ ਇਮਾਨਦਾਰੀ ਤੇ ਭਗਤੀ ਭਾਵਨਾ ਨਾਲ ਕੰਮ ਕਰੋ, ਸਮਾਜ ਪ੍ਰਤੀ ਜ਼ਿੰਮੇਵਾਰ ਰਹੋ ਅਤੇ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦਾ ਪਰਦਾ ਫ਼ਾਸ਼ ਕਰਦੇ ਰਹੋ।