
ਪੁਲਿਸ ਮੁਤਾਬਕ ਨਕਸਲੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣਾ ਸੀ
ਬੀਜਾਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਨਕਸਲੀਆਂ ਨੇ ਆਮ ਨਾਗਰਿਕਾਂ ਦੀ ਇਕ ਗੱਡੀ ਨੂੰ ਆਈ.ਈ.ਡੀ. ਧਮਾਕਾ ਕਰ ਕੇ ਉਡਾ ਦਿੱਤਾ, ਜਿਸ 'ਚ 9 ਲੋਕ ਜ਼ਖ਼ਮੀ ਹੋ ਗਏ। ਪੁਲਿਸ ਡਿਪਟੀ ਇੰਸਪੈਕਟਰ ਜਨਰਲ ਸੁੰਦਰਰਾਜ ਪੀ. ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਸ਼ਾਮ 7:45 ਵਜੇ ਪੇੱਡਾਕੋਦੇਪਾਲ ਅਤੇ ਨਾਮੇਡ ਪਿੰਡ 'ਚ ਵਾਪਰੀ।
ਇਸ ਘਟਨਾ ਦੇ ਪੀੜਤ ਉਸ ਸਮੇਂ ਮੇਲਾ ਵੇਖਣ ਲਈ ਦੰਤੇਵਾੜਾ ਜ਼ਿਲ੍ਹਾ ਜਾ ਰਹੇ ਸਨ। ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਿਸ ਟੀਮ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ ਅਤੇ ਜ਼ਖ਼ਮੀਆਂ ਨੂੰ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਗੱਡੀ ਚਾਲਕ 37 ਸਾਲਾ ਰਾਜਾਰਾਮ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਨਕਸਲੀਆਂ ਦੀ ਸਾਜਿਸ਼ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਸੀ ਪਰ ਗਲਤੀ ਨਾਲ ਆਮ ਗੱਡੀ 'ਤੇ ਹਮਲਾ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦੋਂ ਨਕਸਲੀਆਂ ਨੇ ਕਿਸੇ ਗੱਡੀ ਨੂੰ ਆਈ.ਈ.ਡੀ. ਧਮਾਕਾ ਕਰ ਕੇ ਉਡਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੌਰਾਨ ਨਕਸਲੀਆਂ ਨੇ ਬੀਜਾਪੁਰ 'ਚ ਆਈ.ਈ.ਡੀ. ਧਮਾਕਾ ਕੀਤਾ ਸੀ। ਇਸ ਘਟਨਾ 'ਚ ਬੀ.ਐਸ.ਐਫ਼. ਜਵਾਨ ਸਮੇਤ ਕੁਝ ਸਥਾਨਕ ਨਾਗਰਿਕ ਵੀ ਗੰਭੀਰ ਜ਼ਖ਼ਮੀ ਹੋਏ ਸਨ।