
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਸਨਿਚਰਵਾਰ ਨੂੰ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ਵਿਚ ਮਾਰੀ ਗਈ....
ਰਾਏਪੁਰ : ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਸਨਿਚਰਵਾਰ ਨੂੰ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ਵਿਚ ਮਾਰੀ ਗਈ ਇਕ ਔਰਤ ਅਤੇ ਜ਼ਖ਼ਮੀ ਹੋਣ ਵਾਲੀ ਔਰਤ ਦੀ ਪਛਾਣ ਆਮ ਨਾਗਰਿਕ ਵਜੋਂ ਹੋਈ ਹੈ। ਸੁਕਮਾ ਦੇ ਪੁਲਿਸ ਕਮਿਸ਼ਨਰ ਜਤਿੰਦਰ ਸ਼ੁਕਲਾ ਨੇ ਐਤਵਾਰ ਨੂੰ ਇਹ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਪਹਿਲਾਂ ਦੋਹਾਂ ਔਰਤਾਂ ਨੂੰ ਨਕਸਲੀ ਸਮਝਿਆ ਜਾ ਰਿਹਾ ਸੀ ਪਰ ਬਾਅਦ ਵਿਚ ਇਹ ਪਤਾ ਲੱਗਾ ਕਿ ਉਨ੍ਹਾਂ ਦਾ ਸਬੰਧ ਵੱਖਵਾਦੀਆਂ ਨਾਲ ਨਹੀਂ ਸੀ ਅਤੇ ਉਹ ਸਥਾਨਕ ਪਿੰਡ ਵਾਸੀ ਸਨ।
ਉਨ੍ਹਾਂ ਦਸਿਆ, ''ਜਾਂਚ ਵਿਚ ਪਤਾ ਲੱਗਾ ਕਿ ਦੋਵੇਂ ਔਰਤਾਂ ਗੋਦੇਲਗੁੜਾ ਪਿੰਡ ਦੀਆਂ ਹਨ ਅਤੇ ਉਹ ਨਕਸਲੀ ਨਹੀਂ ਸਨ। ਦੋਵੇਂ ਔਰਤਾਂ ਕਿਸੇ ਕੰਮ ਲਈ ਜੰਗਲ ਗਈਆਂ ਸਨ ਅਤੇ ਉਸ ਦੌਰਾਨ ਉਹ ਸੁਰੱਖਿਆ ਬਲਾਂ ਅਤੇ ਵੱਖਵਾਦੀਆਂ ਵਿਚਕਾਰ ਹੋ ਰਹੀ ਗੋਲੀਬਾਰੀ ਦੀ ਚਪੇਟ ਵਿਚ ਆ ਗਈਆਂ।'' ਸ਼ੁਕਲਾ ਨੇ ਦਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਪੀੜਤਾਂ ਦੇ ਪ੍ਰਵਾਰਕ ਮੈਂਬਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਸਹਾਇਤਾ ਦਿਤੀ ਜਾਏਗੀ। ਉਨ੍ਹਾਂ ਦਸਿਆ ਕਿ ਗੋਲੀਬਾਰੀ ਰੁਕਣ ਮਗਰੋਂ ਸੁਰੱਖਿਆ ਬਲਾਂ ਵਲੋਂ ਜ਼ਖ਼ਮੀ ਔਰਤਾਂ ਨੂੰ ਦੋਰਨਾਪਾਲ ਦੇ ਸੀ.ਆਰ.ਪੀ.ਐਫ਼. ਫ਼ੀਲਡ ਹਸਪਤਾਲ ਲਿਜਾਇਆ ਗਿਆ
ਜਿਥੇ ਇਲਾਜ ਦੌਰਾਨ ਇਕ ਦੀ ਮੌਤ ਹੋ ਗਈ ਅਤੇ ਦੂਜੀ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੌਕੇ 'ਤੇ ਤਲਾਸ਼ੀ ਦੌਰਾਨ ਇਕ ਬੰਦੂਕ, ਇਕ ਥੈਲੇ 'ਚੋਂ 9,058 ਰੁਪਏ ਨਕਦ, ਕਾਡਰੈਕਸ ਦੀਆਂ ਤਾਰਾਂ, ਕੁਝ ਇਲੈਕਟਰਾਨਿਕ ਡਿਟੋਨੇਟਰ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ। (ਪੀਟੀਆਈ)