
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਹਾਲ ਹੀ ਵਿਚ ਰਾਜ ਸਭਾ ਲਈ ਚੁਣੇ ਗਏ ਰਾਘਵ ਚੱਢਾ ਇਸ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਦੇ ਮੈਂਬਰ ਸਨ।
ਨਵੀਂ ਦਿੱਲੀ: ਵਿਸ਼ਵ ਆਰਥਿਕ ਫੋਰਮ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਨੂੰ 2022 ਲਈ ਆਲਮੀ ਪੱਧਰ ਦੇ ਨੌਜਵਾਨ ਆਗੂਆਂ ਦੀ ਸੂਚੀ ’ਚ ਸ਼ਾਮਲ ਕੀਤਾ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਹਾਲ ਹੀ ਵਿਚ ਰਾਜ ਸਭਾ ਲਈ ਚੁਣੇ ਗਏ ਚੱਢਾ ਇਸ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਦੇ ਮੈਂਬਰ ਸਨ।
ਇਸ ਸਬੰਧੀ ਟਵੀਟ ਕਰਦਿਆਂ ਰਾਘਵ ਚੱਢਾ ਨੇ ਲਿਖਿਆ, “ਸਾਲ 2022 ਲਈ ਵਰਲਡ ਇਕਨਾਮਿਕ ਫੋਰਮ ਦੇ ਯੰਗ ਗਲੋਬਲ ਲੀਡਰ ਵਜੋਂ ਚੁਣੇ ਜਾਣ 'ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਇਹ ਉਸ ਸਮਰੱਥਾ ਨੂੰ ਮਾਨਤਾ ਹੈ ਕਿ 'ਕੇਜਰੀਵਾਲ ਸਕੂਲ ਆਫ਼ ਪਾਲੀਟਿਕਸ' ਸਿਆਸੀ ਦ੍ਰਿਸ਼ ਨੂੰ ਨਵਾਂ ਰੂਪ ਦੇਵੇਗਾ ਅਤੇ ਲੋਕ ਸੇਵਾ ਅਤੇ ਰਾਸ਼ਟਰ ਨਿਰਮਾਣ ਨੂੰ ਇਸ ਦੇ ਸਹੀ ਅਰਥਾਂ ਵਿਚ ਲਿਆਏਗਾ”। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਰਾਘਵ ਚੱਢਾ ਨੂੰ ਵਧਾਈ ਦਿੱਤੀ।
ਇਸ ਦਾ ਜਵਾਬ ਦਿੰਦਿਆਂ ਰਾਘਵ ਚੱਢਾ ਨੇ ਕਿਹਾ ਕਿ ਤੁਹਾਡੀ ਪਰਿਵਰਤਨਸ਼ੀਲ ਲੀਡਰਸ਼ਿਪ ਸਦਕਾ ਹੀ ਮੇਰੇ ਵਰਗੇ ਲੱਖਾਂ ਨੌਜਵਾਨ ਇਹ ਮੰਨਣ ਲੱਗੇ ਹਨ ਕਿ ਇਮਾਨਦਾਰ ਰਾਜਨੀਤੀ ਸੰਭਵ ਹੈ। ਮੈਂ ਤੁਹਾਡੀ ਨਿਰੰਤਰ ਸਲਾਹ ਲਈ ਤੁਹਾਡਾ ਧੰਨਵਾਦੀ ਰਹਾਂਗਾ। ਰਾਘਵ ਚੱਢਾ ਤੋਂ ਇਲਾਵਾ ਇਸ ਸੂਚੀ ਵਿਚ ਐਡਲਵਾਈਸ ਮਿਊਚਲ ਫੰਡ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰਾਧਿਕਾ ਗੁਪਤਾ ਅਤੇ ਯੂਕਰੇਨ ਦੇ ਉਪ-ਪ੍ਰਧਾਨ ਮੰਤਰੀ ਮਿਖਾਈਲੋ ਫੇਡੋਰੋਵ ਸ਼ਾਮਲ ਹਨ।
ਇਸ ਸੂਚੀ ਵਿਚ ਪ੍ਰੋਫੈਸਰ ਯੋਈਚੀ ਓਚਿਆਈ, ਸੰਗੀਤਕਾਰ ਵਿਸਾਮ ਜੌਬਰਾਨ, ਸਿਹਤ ਵਕੀਲ ਜੈਸਿਕਾ ਬੇਕਰਮੈਨ ਅਤੇ ਐਨਜੀਓ ਦੀ ਸੰਸਥਾਪਕ ਜ਼ੋਯਾ ਲਿਟਵਿਨ ਵੀ ਸ਼ਾਮਲ ਹਨ। ਇਸ ਸੂਚੀ ਵਿਚ ਐਥਲੀਟ ਮਾਨਸੀ ਜੋਸ਼ੀ, Innov8 Coworking ਦੇ ਸੰਸਥਾਪਕ ਰਿਤੇਸ਼ ਮਲਿਕ, BharatPe ਦੇ ਸੀਈਓ ਸੁਹੇਲ ਸਮੀਰ, ਸ਼ੂਗਰ ਕਾਸਮੈਟਿਕਸ ਸੀਈਓ ਦੀ ਵਿਨੀਤਾ ਸਿੰਘ ਅਤੇ ਗਲੋਬਲ ਹਿਮਾਲੀਅਨ ਐਕਸਪੀਡੀਸ਼ਨਜ਼ ਦੇ ਸੀਈਓ ਜੈਦੀਪ ਬਾਂਸਲ ਵੀ ਸ਼ਾਮਲ ਹਨ। ਸੂਚੀ ਵਿਚ 40 ਸਾਲ ਤੋਂ ਘੱਟ ਉਮਰ ਦੇ 109 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ।