
ਵਿੱਤ ਮੰਤਰਾਲੇ ਦੇ ਮੁੱਖ ਆਰਥਕ ਸਲਾਹਕਾਰ ਅਰਵਿੰਦ ਸੁਬਰਮਨੀਅਮ ਦੇ ਅਹੁਦਾ ਛੱਡਣ 'ਤੇ ਕਾਂਗਰਸ ਨੇ ਨਰਿੰਦਰ ਮੋਦੀ ਸਰਕਾਰ ਵਿਰੁਧ ਦੋਸ਼ ......
ਨਵੀਂ ਦਿੱਲੀ : ਵਿੱਤ ਮੰਤਰਾਲੇ ਦੇ ਮੁੱਖ ਆਰਥਕ ਸਲਾਹਕਾਰ ਅਰਵਿੰਦ ਸੁਬਰਮਨੀਅਮ ਦੇ ਅਹੁਦਾ ਛੱਡਣ 'ਤੇ ਕਾਂਗਰਸ ਨੇ ਨਰਿੰਦਰ ਮੋਦੀ ਸਰਕਾਰ ਵਿਰੁਧ ਦੋਸ਼ ਲਾਇਆ ਕਿ ਇਸ ਸਰਕਾਰ ਦੀ ਵਿਆਪਕ ਆਰਥਕ ਨਾਕਾਮੀ ਕਾਰਨ ਵਿੱਤੀ ਮਾਹਰ ਪ੍ਰੇਸ਼ਾਨ ਹਨ ਅਤੇ ਇਸੇ ਕਾਰਨ ਸੁਬਰਮਨੀਅਮ ਦਾ ਹਟਣਾ ਹੈਰਾਨੀ ਦੀ ਗੱਲ ਨਹੀਂ ਹੈ।
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵਿਟਰ 'ਤੇ ਕਿਹਾ, 'ਮੋਦੀ ਸਰਕਾਰ ਵਿਚ ਵਿਆਪਕ ਆਰਥਕ ਨਾਕਾਮੀ, ਢਿੱਲੇ ਆਰਥਕ ਸੁਧਾਰਾਂ ਅਤੇ ਵਿੱਤੀ ਅਰਥਵਿਵਸਥਾ ਕਾਰਨ ਵਿੱਤੀ ਮਾਹਰ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ, 'ਨੀਤੀ ਆਯੋਗ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਰਵਿੰਦ ਪਨਗੜ੍ਹੀਆ ਅਤੇ ਰਿਜ਼ਰਵ ਬੈਂਕ ਦੇ ਗਵਰਨਰ ਅਹੁਦੇ ਤੋਂ ਰਘੂਰਾਮ ਰਾਜਨ ਦੇ ਹਟਣ ਦੇ ਬਾਅਦ ਮੁੱਖ ਆਰਥਕ ਸਲਾਹਕਾਰ ਅਰਵਿੰਦ ਦਾ ਅਸਤੀਫ਼ਾ ਹੈਰਾਨੀ ਦੀ ਗੱਲ ਨਹੀਂ ਹੈ।
' ਸੁਬਰਮਨੀਅਮ ਵਿੱਤ ਮੰਤਰਾਲਾ ਛੱਡ ਰਹੇ ਹਨ ਅਤੇ ਉਹ ਅਪਣੀਆਂ ਪਰਵਾਰਕ ਜ਼ਿੰਮੇਵਾਰੀਆਂ ਕਾਰਨ ਅਮਰੀਕਾ ਮੁੜ ਰਹੇ ਹਨ। ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਫ਼ੇਸਬੁਕ ਪੋਸਟ ਜ਼ਰੀਏ ਇਹ ਜਾਣਕਾਰੀ ਦਿਤੀ। ਉਨ੍ਹਾਂ ਨੂੰ 16 ਅਕਤੂਬਰ 2014 ਨੂੰ ਵਿੱਤ ਮੰਤਰਾਲੇ ਵਿਚ ਮੁੱਖ ਆਰਥਕ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਨਿਯੁਕਤੀ ਤਿੰਨ ਸਾਲ ਲਈ ਹੋਈ ਸੀ। 2017 ਵਿਚ ਉਨ੍ਹਾਂ ਦਾ ਕਾਰਜਕਾਲ ਇਕ ਸਾਲ ਲਈ ਵਧਾਇਆ ਗਿਆ ਸੀ। (ਏਜੰਸੀ)