
ਸਫ਼ਾਰਤਖ਼ਾਨੇ ਨੇ ਕਿਹਾ ਕਿ ਉਸ ਨੇ ਜਾਅਲੀ ਨੌਕਰੀਆਂ ਦਾ ਸ਼ਿਕਾਰ 650 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਬਚਾਉਣ ਅਤੇ ਉਨ੍ਹਾਂ ਦੀ ਵਾਪਸੀ ਵਿਚ ਮਦਦ ਕੀਤੀ
ਸਿੰਗਾਪੁਰ: ਕੰਬੋਡੀਆ ’ਚ ਸਾਈਬਰ ਅਪਰਾਧ ਧੋਖਾਧੜੀ ’ਚ ਫਸੇ 14 ਭਾਰਤੀ ਨਾਗਰਿਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੰਬੋਡੀਆ ’ਚ ਭਾਰਤੀ ਦੂਤਘਰ ਨੇ ਇਹ ਜਾਣਕਾਰੀ ਦਿਤੀ ਹੈ।
ਭਾਰਤੀ ਦੂਤਘਰ ਨੇ ਸਨਿਚਰਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਸਫ਼ਾਰਤਖ਼ਾਨੇ ਨੇ ਅਧਿਕਾਰੀਆਂ ਨਾਲ ਮਿਲ ਕੇ 14 ਭਾਰਤੀ ਨਾਗਰਿਕਾਂ ਦੀ ਰਿਹਾਈ ਨੂੰ ਸੁਰੱਖਿਅਤ ਕਰ ਲਿਆ ਹੈ, ਜਿਨ੍ਹਾਂ ਦੀ ਕੰਬੋਡੀਆ ਵਲੋਂ ਦੇਖਭਾਲ ਕੀਤੀ ਜਾ ਰਹੀ ਹੈ।
ਕੰਬੋਡੀਆ ਦੀ ਰਾਜਧਾਨੀ ਨੋਮ ਪੇਨ ਦੇ ਸਫ਼ਾਰਤਖ਼ਾਨੇ ਨੇ ਇਕ ਅਧਿਕਾਰਤ ਪ੍ਰੈਸ ਬਿਆਨ ਵਿਚ ਕਿਹਾ ਕਿ ਉਸ ਨੇ 650 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਬਚਾਉਣ ਅਤੇ ਉਨ੍ਹਾਂ ਦੀ ਵਾਪਸੀ ਵਿਚ ਮਦਦ ਕੀਤੀ ਹੈ, ਜੋ ਜਾਅਲੀ ਨੌਕਰੀਆਂ ਦੀ ਪੇਸ਼ਕਸ਼ ਦਾ ਸ਼ਿਕਾਰ ਹੋਏ ਸਨ।
ਇਸ ਵਿਚ ਕਿਹਾ ਗਿਆ ਹੈ ਕਿ ਦੂਤਘਰ ਨੇ ਕੰਬੋਡੀਆਈ ਪੁਲਿਸ ਨੂੰ ਵਿਸ਼ੇਸ਼ ਸੁਰਾਗ ਪ੍ਰਦਾਨ ਕੀਤੇ ਜਿਸ ਕਾਰਨ ਉਨ੍ਹਾਂ ਨੂੰ ਬਚਾਇਆ ਗਿਆ। ਬਚਾਏ ਗਏ ਵਿਅਕਤੀਆਂ ਦੀ ਦੇਖਭਾਲ ਇਸ ਸਮੇਂ ਕੰਬੋਡੀਆ ਦੇ ਸਮਾਜਕ ਮਾਮਲਿਆਂ, ਬਜ਼ੁਰਗਾਂ ਅਤੇ ਯੁਵਾ ਮੁੜ ਵਸੇਬਾ ਮੰਤਰਾਲੇ ਦੇ ਸਹਿਯੋਗ ਨਾਲ ਕੰਮ ਕਰ ਰਹੇ ਇਕ ਗੈਰ ਸਰਕਾਰੀ ਸੰਗਠਨ ਵਲੋਂ ਕੀਤੀ ਜਾ ਰਹੀ ਹੈ।
ਬਿਆਨ ’ਚ ਕਿਹਾ ਗਿਆ, ‘‘ਸਫ਼ਾਰਤਖ਼ਾਨਾ ਲਗਾਤਾਰ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ ਅਤੇ ਕੰਬੋਡੀਆ ’ਚ ਭਾਰਤੀ ਨਾਗਰਿਕਾਂ ਦੀ ਭਲਾਈ ਲਈ ਵਚਨਬੱਧ ਹੈ। ਭਾਰਤੀ ਨਾਗਰਿਕਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਦੇਸ਼ ’ਚ ਕਿਸੇ ਵੀ ਨੌਕਰੀ ਦੀ ਪੇਸ਼ਕਸ਼ ਬਾਰੇ ਬਹੁਤ ਸਾਵਧਾਨੀ ਵਰਤਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਰੀਪੋਰਟ ਦੂਤਘਰ ਨੂੰ ਕਰਨ।’’
ਅਪ੍ਰੈਲ ’ਚ ਕੰਬੋਡੀਆ ’ਚ ਭਾਰਤੀ ਸਫ਼ਾਰਤਖ਼ਾਨੇ ਨੇ ਧੋਖਾਧੜੀ ਦੇ ਵਿਰੁਧ ਸਲਾਹ ਜਾਰੀ ਕੀਤੀ ਸੀ। ਬਿਆਨ ’ਚ ਕਿਹਾ ਗਿਆ ਹੈ, ‘‘ਇਹ ਗੱਲ ਸਾਹਮਣੇ ਆਈ ਹੈ ਕਿ ਕੰਬੋਡੀਆ ’ਚ ਨੌਕਰੀ ਦੇ ਮੌਕਿਆਂ ਦਾ ਝਾਂਸਾ ਦੇ ਕੇ ਭਾਰਤੀ ਨਾਗਰਿਕ ਮਨੁੱਖੀ ਤਸਕਰਾਂ ਦੇ ਜਾਲ ’ਚ ਫਸ ਰਹੇ ਹਨ। ਇਹ ਭਾਰਤੀ ਨਾਗਰਿਕ ਆਨਲਾਈਨ ਵਿੱਤੀ ਘੁਟਾਲਿਆਂ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਹੋਣ ਲਈ ਮਜਬੂਰ ਹਨ।’’
ਸਫ਼ਾਰਤਖ਼ਾਨੇ ਨੇ ਰੁਜ਼ਗਾਰ ਲਈ ਕੰਬੋਡੀਆ ਜਾਣ ਦੀ ਇੱਛਾ ਰੱਖਣ ਵਾਲੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿਤੀ ਹੈ ਕਿ ਉਹ ਸਿਰਫ ਅਧਿਕਾਰਤ ਏਜੰਟ ਰਾਹੀਂ ਹੀ ਅਜਿਹਾ ਕਰਨ। ਉਸ ਨੇ ਨੌਕਰੀ ਲੱਭਣ ਵਾਲਿਆਂ ਨੂੰ ਸੰਭਾਵਤ ਰੁਜ਼ਗਾਰਦਾਤਾ ਦੇ ਪਿਛੋਕੜ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੀ ਸਲਾਹ ਵੀ ਦਿਤੀ ਹੈ।