
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕੇਰਲ ਦੇ ਹੜ੍ਹ ਪੀੜ੍ਹਤਾਂ ਦੀ ਮਦਦ ਕਰਨ ਦਾ ਫੈਸਲਾ ਲਿਆ ਹੈ............
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕੇਰਲ ਦੇ ਹੜ੍ਹ ਪੀੜ੍ਹਤਾਂ ਦੀ ਮਦਦ ਕਰਨ ਦਾ ਫੈਸਲਾ ਲਿਆ ਹੈ। ਅੱਜ ਕਮੇਟੀ ਦੀ ਇਸ ਬਾਰੇ ਹੋਈ ਮੀਟਿੰਗ ਪਿਛੋਂ ਕਮੇਟੀ ਦੇ ਕਾਰਜਕਾਰਨੀ ਪ੍ਰਧਾਨ ਤੇ ਕਾਰਜਕਾਰੀ ਜਨਰਲ ਸਕੱਤਰ ਸ.ਅਮਰਜੀਤ ਸਿੰਘ ਫਤਿਹ ਨਗਰ ਨੇ ਕਿਹਾ ਕਿ ਕੇਰਲ ਵਿਚ ਹੜ੍ਹ ਪੀੜ੍ਹਤਾਂ ਲਈ ਤਿੰਨ ਥਾਂਵਾਂ 'ਤੇ ਲੰਗਰ ਲਾਇਆ ਜਾਵੇਗਾ ਜਿਸ ਵਿਚ ਹਰ ਰੋਜ਼ 30 ਹਜ਼ਾਰ ਲੋਕਾਂ ਨੂੰੰ ਲੰਗਰ ਛਕਾਉਣ ਦਾ ਪ੍ਰਬੰਧ ਹੋਵੇਗਾ। ਅੱਜ ਇਸ ਬਾਰੇ ਕਮੇਟੀ ਨੇ ਦਿੱਲੀ ਵਿਚਲੇ ਕੇਰਲਾ ਹਾਊਸ ਵਿਖੇ ਕੇਰਲਾ ਦੇ ਰੈਜ਼ੀਡੈਂਟ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ, ਮਦਦ ਦਾ ਭਰੋਸਾ ਦਿਤਾ।
ਅੱਜ ਕਮੇਟੀ ਵਿਖੇ ਜਾਣਕਾਰੀ ਦਿੰਦਿਆਂ ਸ.ਹਰਮੀਤ ਸਿੰਘ ਨੇ ਦਸਿਆ ਕਿ ਸਾਬਕਾ ਵਿਧਾਇਕ ਸ. ਜਤਿੰਦਰ ਸਿੰਘ ਸ਼ੰਟੀ ਦੀ ਅਗਵਾਈ ਵਿਚ ਇਕ ਜੱਥਾ ਕੇਰਲ ਦੇ ਹੜ੍ਹ ਪ੍ਰਭਾਵਤ ਇਲਾਕੇ ਵਿਚ ਜਾ ਰਿਹਾ ਹੈ ਜੋ ਕਿ ਲੰਗਰ ਲਈ ਲੋੜੀਂਦੀ ਰਸਦ ਤੇ ਲਾਂਗਰੀ ਲਿਜਾਉਣਗੇ। ਉਨ੍ਹਾਂ ਕਿਹਾ ਕਿ ਸੰਗਤ ਰਸਦ ਵਾਸਤੇ ਗੁਰਦਵਾਰਾ ਬੰਗਲਾ ਸਾਹਿਬ, ਗੁਰਦਵਾਰਾ ਸੀਸ ਗੰਜ ਸਾਹਿਬ, ਗੁਰਦਵਾਰਾ ਰਕਾਬ ਗੰਜ ਸਾਹਿਬ ਤੇ ਹੋਰਨਾਂ ਇਤਿਹਾਸਕ ਗੁਰਦਵਾਰਿਆਂ ਵਿਚ ਦੇ ਸਕਦੀ ਹੈ। ਇਲਾਕੇ ਦੀਆਂ ਸਿੰਘ ਸਭਾਵਾਂ ਨੂੰ ਵੀ ਇਸ ਮਦਦ ਵਾਸਤੇ ਅਪੀਲ ਕੀਤੀ ਜਾਵੇਗੀ।