
ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਏਟੀਐਮ ਮਸ਼ੀਨ ਵਾਂਗ 'ਦਾਨ ਕਿਉਸਕ' ਖੋਲ੍ਹਣ ਦੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਫ਼ੈਸਲੇ......
ਨਵੀਂ ਦਿੱਲੀ : ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਏਟੀਐਮ ਮਸ਼ੀਨ ਵਾਂਗ 'ਦਾਨ ਕਿਉਸਕ' ਖੋਲ੍ਹਣ ਦੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਫ਼ੈਸਲੇ 'ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੂੰ ਚਾਹੀਦਾ ਹੈ ਕਿ ਉਹ ਕਮੇਟੀ ਦੀ ਵਿੱਤੀ ਹਾਲਤ ਸੁਧਾਰਨ ਵੱਲ ਧਿਆਨ ਦੇਣ, ਨਾ ਕਿ ਕਮੇਟੀ ਦੇ ਭ੍ਰਿਸ਼ਟਾਚਾਰ ਤੋਂ ਸੰਗਤ ਦਾ ਧਿਆਨ ਲਾਂਭੇ ਕਰਨ ਲਈ ਦਾਨ ਕਿਉਸਕ ਮਸ਼ੀਨਾਂ ਦਾ ਸਹਾਰਾ ਲੈ ਕੇ, ਆਪਣੀ ਫੋਕੀ ਮਸ਼ਹੂਰੀ ਵੱਲ ਲੱਗ ਜਾਣ,
ਕਿਉਂਕਿ ਕਮੇਟੀ ਦੇ ਮੁਲਾਜ਼ਮਾਂ ਨੂੰ ਪਹਿਲਾਂ ਹੀ ਸਮੇਂ ਸਿਰ ਤਨਖ਼ਾਹਾਂ ਨਹੀਂ ਦਿਤੀਆਂ ਜਾ ਰਹੀਆਂ। ਉਨ੍ਹਾਂ ਮੰਗ ਕੀਤੀ ਕਿ ਦਿੱਲੀ ਗੁਰਦਵਾਰਾ ਕਮੇਟੀ 'ਵ੍ਹਾਈਟ ਪੇਪਰ' ਜਾਰੀ ਕਰੇ, ਤਾ ਕਿ ਦਿੱਲੀ ਦੇ ਸਿੱਖਾਂ ਨੂੰ ਕਮੇਟੀ ਦੇ ਖ਼ਰਚਿਆਂ ਤੇ ਵਿਗੜੀ ਆਰਥਕ ਹਾਲਤ ਦੀ ਅਸਲੀਅਤ ਬਾਰੇ ਪਤਾ ਲਗ ਸਕੇ। ਸ.ਸਰਨਾ ਨੇ ਕਿਹਾ, “ਸ.ਜੀ.ਕੇ. ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬ੍ਰਾਂਡ ਅੰਬੈਸਡਰ ਬਿਕਲੁਲ ਵੀ ਨਹੀਂ ਹਨ, ਜੋ 'ਦਾਨ ਮਸ਼ੀਨਾਂ' ਰਾਹੀਂ ਮੋਦੀ ਵਾਂਗ ਹੀ ਡਿਜ਼ੀਟਲ ਇੰਡੀਆ ਦਾ ਪ੍ਰਚਾਰ ਕਰਨ ਲਈ ਤਰਲੋਮੱਛੀ ਹੋ ਰਹੇ ਹਨ।
ਗੁਰਦਵਾਰਾ ਕਮੇਟੀ ਦੇ ਪ੍ਰਧਾਨ ਦੀ ਮੁੱਢਲੀ ਜ਼ਿੰਮੇਵਾਰੀ ਗੁਰੂ ਕੀ ਗੋਲਕ ਤੇ ਗੁਰਦਵਾਰਾ ਸ੍ਰੋਤਾਂ ਦੀ ਰਖਵਾਲੀ ਕਰਨਾ ਹੁੰਦਾ ਹੈ, ਪਰ ਜੀ ਕੇ, ਇਨ੍ਹਾਂ ਸਾਧਨਾਂ ਦੀ ਬੇਦਰਦੀ ਨਾਲ ਅਖਉੇਤੀ ਲੁੱਟ ਕਰ ਰਹੇ ਹਨ ਜਿਵੇਂ ਇਹ ਉਨ੍ਹਾਂ ਦੀ ਨਿੱਜੀ ਜਾਗੀਰ ਹੋਵੇ। ਉਹ ਸੰਗਤ ਪ੍ਰਤੀ ਪੂਰੀ ਤਰ੍ਹਾਂ ਜਵਾਬਦੇਹ ਹਨ, ਫਿਰ ਜੀ.ਕੇ. ਗੋਲਕ ਦਾ ਹਿਸਾਬ ਦੇਣ ਤੋਂ ਕਿਉਂ ਭੱਜਦੇ ਫਿਰਦੇ ਹਨ। ਆਰਟੀਆਈ ਰਾਹੀਂ ਮੰਗੀ ਜਾਣਕਾਰੀ ਦੇਣ ਤੋਂ ਵੀ ਕਿਉਂ ਇਨਕਾਰੀ ਹਨ, ਜਿਸ ਲਈ ਸਿੱਖਾਂ ਨੂੰ ਮੁਖ ਸੂਚਨਾ ਕਮਿਸ਼ਨਰ ਤੱਕ ਪਹੁੰਚ ਕਰਨੀ ਪੈ ਰਹੀ ਹੈ।''