
ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ 'ਤੇ ਕਮੇਟੀ ਦੇ ਕਰੋੜਾਂ ਦੇ ਫ਼ੰਡਾਂ ਦੀ ਦੁਰਵਰਤੋਂ ਦੇ ਦੋਸ਼ ਦੁਹਰਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ........
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ 'ਤੇ ਕਮੇਟੀ ਦੇ ਕਰੋੜਾਂ ਦੇ ਫ਼ੰਡਾਂ ਦੀ ਦੁਰਵਰਤੋਂ ਦੇ ਦੋਸ਼ ਦੁਹਰਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਅੱਜ ਕਿਹਾ ਹੈ ਕਿ ਜੇ ਮੋਦੀ ਸਰਕਾਰ ਦਿੱਲੀ ਕਮੇਟੀ ਦੇ ਖ਼ਾਤਿਆਂ ਦੀ ਕੈਗ ਤੋਂ ਪੜਤਾਲ ਕਰਵਾ ਲਏ ਤਾਂ ਕਮੇਟੀ ਦੇ ਪ੍ਰਬੰਧਕ ਸਿੱਧਾ ਜੇਲ ਜਾਣਗੇ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਨਾ ਭਰਾਵਾਂ ਨੇ ਦਿੱਲੀ ਕਮੇਟੀ ਨੂੰ ਹਰੇਕ ਮੋਰਚੇ 'ਤੇ ਨਾਕਾਮ ਦਸਦਿਆਂ ਕਿਹਾ ਕਿ ਕਮੇਟੀ ਪ੍ਰਬੰਧਕਾਂ ਦੀ ਨਾਲਾਇਕੀ ਕਾਰਨ ਗੁਰੂ ਹਰਿਕ੍ਰਿਸ਼ਨ ਸਕੂਲਾਂ ਦੇ ਮਾਸਟਰਾਂ ਤੇ ਮਾਸਟਰਾਨੀਆਂ ਨੂੰ
ਤਿੰਨ ਤਿੰਨ ਮਹੀਨੇ ਤੋਂ ਤਨਖਾਹਾਂ ਨਹੀਂ ਦਿਤੀਆਂ ਜਾ ਰਹੀਆਂ ਜਿਸ ਕਾਰਨ ਉਹ ਹੜਤਾਲ 'ਤੇ ਹਨ। ਸਿੱਖ ਮਾਪੇ ਆਪਣੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿਚ ਪੜ੍ਹਾਉਣ ਤੋਂ ਹੁਣ ਪਾਸਾ ਵੱਟ ਚੁਕੇ ਹਨ। ਉਨਾਂ੍ਹ ਕਿਹਾ ਕਿ ਆਰ.ਐਸ.ਐਸ. ਦੇ ਏਜੰਡੇ ਨੂੰ ਅਪਣਾਉਂਦੇ ਹੋਏ ਬਾਦਲ ਕਮੇਟੀ ਦੇ ਅਹੁਦੇਦਾਰਾਂ ਨੇ ਦਿੱਲੀ ਕਮੇਟੀ ਤੇ ਵਿਦਿਅਕ ਅਦਾਰਿਆਂ ਨੂੰ ਨਾਜ਼ੁਕ ਦੌਰ ਵਿਚ ਲਿਆ ਖੜਾ ਕੀਤਾ ਹੈ ਕਿ ਇਨਾਂ੍ਹ ਦੀ ਹੋਂਦ ਬਚਾਉਣ ਲਈ ਸਿੱਖਾਂ ਨੂੰ ਸੰਘਰਸ਼ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਕਮੇਟੀ ਨੂੰ ਬੈਂਕ ਤੋਂ ਸੋ ਕਰੋੜ ਦਾ ਕਰਜ਼ ਵੀ ਨਹੀਂ ਮਿਲ ਸਕਿਆ ਤੇ ਹੁਣ ਸਕੂਲਾਂ ਦੇ ਹਾਲਾਤ ਹੋਰ ਮਾੜੇ ਹੋ ਚੁਕੇ ਹਨ। ਉਨਾਂ੍ਹ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੇ ਗਿਆਨ ਗੋਦੜੀ ਦੇ ਮਸਲੇ ਤੋਂ ਲੈ ਕੇ ਜੀਐਸਟੀ ਤੱਕ ਦੇ ਮਸਲੇ ਤੱਕ ਸਿੱਖਾਂ ਨੂੰ ਗੁਮਰਾਹ ਹੀ ਕੀਤਾ ਹੈ। ਇਸ ਮੌਕੇ ਭਾਈ ਤਰਸੇਮ ਸਿੰਘ, ਯੂਥ ਪ੍ਰਧਾਨ ਸ.ਰਮਨਦੀਪ ਸਿੰਘ ਤੇ ਹੋਰ ਅਹੁਦੇਦਾਰ ਹਾਜ਼ਰ ਸਨ।