
ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਜੂਨੀਅਰ ਡਾਕਟਰਾਂ ਨਾਲ ਕੀਤੀ ਦੋ ਘੰਟੇ ਦੀ ਮੀਟਿੰਗ ਮਗਰੋਂ ਕੀਤਾ ਗਿਆ ਐਲਾਨ
ਕੋਲਕਾਤਾ : ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਤੋਂ 16 ਦਿਨਾਂ ਬਾਅਦ ਅਪਣਾ ਮਰਨ ਵਰਤ ਖਤਮ ਕਰ ਦਿਤਾ। ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਤੋਂ ਬਾਅਦ ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨੇ ਸੂਬੇ ਦੇ ਸਾਰੇ ਹਸਪਤਾਲਾਂ ’ਚ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਹੈ।
ਇਸ ਤੋਂ ਪਹਿਲਾਂ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ਨੇ ਆਰ.ਜੀ. ਕਰ ਮੈਡੀਕਲ ਕਾਲਜ ਤੇ ਹਸਪਤਾਲ ’ਚ ਇਕ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ’ਚ ਪੈਦਾ ਹੋਏ ਅੜਿੱਕੇ ਨੂੰ ਸੁਲਝਾਉਣ ਲਈ ਸੋਮਵਾਰ ਸ਼ਾਮ ਨੂੰ ਰਾਜ ਸਕੱਤਰੇਤ ‘ਨਬਨਾ’ ’ਚ ਕਰੀਬ ਦੋ ਘੰਟੇ ਤਕ ਬੈਠਕ ਕੀਤੀ।
ਦੋਹਾਂ ਧਿਰਾਂ ਨੇ ਡਾਕਟਰਾਂ ਦੀਆਂ ਵੱਖ-ਵੱਖ ਮੰਗਾਂ ’ਤੇ ਚਰਚਾ ਕੀਤੀ। ਪ੍ਰਦਰਸ਼ਨਕਾਰੀ ਡਾਕਟਰਾਂ ਦੇ ਇਕ ਹਿੱਸੇ ਵਲੋਂ ਚੱਲ ਰਹੀ ਭੁੱਖ ਹੜਤਾਲ ਦੇ 17ਵੇਂ ਦਿਨ ਹੋਈ ਇਸ ਬੈਠਕ ਦਾ ਪਹਿਲੀ ਵਾਰ ਰਾਜ ਸਕੱਤਰੇਤ ‘ਨਬਨਾ’ ਤੋਂ ਸਿੱਧਾ ਪ੍ਰਸਾਰਣ ਕੀਤਾ ਗਿਆ।
ਬੈਠਕ ’ਚ ਬੈਨਰਜੀ ਨੇ ਜੂਨੀਅਰ ਡਾਕਟਰਾਂ ਨੂੰ ਵਾਰ-ਵਾਰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀਆਂ ਜ਼ਿਆਦਾਤਰ ਮੰਗਾਂ ’ਤੇ ਵਿਚਾਰ ਕੀਤਾ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਸੂਬੇ ਦੇ ਸਿਹਤ ਸਕੱਤਰ ਨੂੰ ਹਟਾਉਣ ਦੀ ਪ੍ਰਦਰਸ਼ਨਕਾਰੀ ਡਾਕਟਰਾਂ ਦੀ ਮੰਗ ਨੂੰ ਰੱਦ ਕਰ ਦਿਤਾ ਸੀ।
ਮੁੱਖ ਮੰਤਰੀ ਨੇ ਪੁਛਿਆ, ‘‘ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਕਈ ਜੂਨੀਅਰ ਡਾਕਟਰਾਂ ਅਤੇ ਮੈਡੀਕਲ ਵਿਦਿਆਰਥੀਆਂ ਨੂੰ ਉਚਿਤ ਪ੍ਰਕਿਰਿਆ ਅਤੇ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਮੁਅੱਤਲ ਕਰ ਦਿਤਾ ਗਿਆ। ਇਨ੍ਹਾਂ ਵਿਦਿਆਰਥੀਆਂ ਜਾਂ ਰੈਜ਼ੀਡੈਂਟ ਡਾਕਟਰਾਂ ਨੂੰ ਸਿਰਫ ਸ਼ਿਕਾਇਤਾਂ ਦੇ ਆਧਾਰ ’ਤੇ ਮੁਅੱਤਲ ਕਿਵੇਂ ਕੀਤਾ ਜਾ ਸਕਦਾ ਹੈ? ਸੂਬਾ ਸਰਕਾਰ ਨੂੰ ਸੂਚਿਤ ਕੀਤੇ ਬਗ਼ੈਰ ਕਾਲਜ ਪ੍ਰਸ਼ਾਸਨ ਨੂੰ ਅਜਿਹਾ ਕਦਮ ਚੁੱਕਣ ਦਾ ਅਧਿਕਾਰ ਕਿਸ ਨੇ ਦਿਤਾ? ਕੀ ਇਹ ‘ਧੱਕੇਸ਼ਾਹੀ ਦਾ ਸਭਿਆਚਾਰ’ ਨਹੀਂ ਹੈ?’’
ਇਸ ਤੋਂ ਬਾਅਦ, ਅੰਦੋਲਨਕਾਰੀ ਡਾਕਟਰ ਅਨਿਕੇਤ ਮਹਤੋ, ਜਿਨ੍ਹਾਂ ਨੂੰ ਪੰਜ ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ ਸੀ, ਨੇ ਬੈਨਰਜੀ ਦਾ ਵਿਰੋਧ ਕਰਦਿਆਂ ਕਿਹਾ ਕਿ ਜਿਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ ਉਹ ‘‘ਧੱਕੇਸ਼ਾਹੀ ਦੇ ਸਭਿਆਚਾਰ ਦਾ ਹਿੱਸਾ ਰਹੇ ਹਨ ਅਤੇ ਡਾਕਟਰ ਬਣਨ ਦੇ ਹੱਕਦਾਰ ਨਹੀਂ ਹਨ।’’
ਮਹਤੋ ਨੇ ਕਿਹਾ, ‘‘ਜੇ ਲੋੜ ਪਈ ਤਾਂ ਸੂਬਾ ਸਰਕਾਰ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰ ਸਕਦੀ ਹੈ ਅਤੇ ਫਿਰ ਫੈਸਲਾ ਲੈ ਸਕਦੀ ਹੈ। ਵਿਦਿਆਰਥੀ ਹੋਣ ਦੀ ਆੜ ’ਚ ਇਨ੍ਹਾਂ ਗੁੰਡਿਆਂ ਨੇ ਮੈਡੀਕਲ ਕਾਲਜ ਕੈਂਪਸ ਦਾ ਮਾਹੌਲ ਖਰਾਬ ਕਰ ਦਿਤਾ ਹੈ। ਜੇ ਤੁਸੀਂ ਉਨ੍ਹਾਂ ਦੀਆਂ ਉੱਤਰ ਸ਼ੀਟਾਂ ਦੀ ਦੁਬਾਰਾ ਜਾਂਚ ਕਰੋਗੇ, ਤਾਂ ਤੁਸੀਂ ਦੇਖੋਗੇ ਕਿ ਇਹ ਵਿਦਿਆਰਥੀ ਪਾਸ ਹੋਣ ਦੇ ਯੋਗ ਵੀ ਨਹੀਂ ਹਨ।’’
ਜੂਨੀਅਰ ਡਾਕਟਰ ਪਿਛਲੇ 17 ਦਿਨਾਂ ਤੋਂ ਮਰਨ ਵਰਤ ’ਤੇ ਹਨ, ਮ੍ਰਿਤਕ ਡਾਕਟਰ ਲਈ ਨਿਆਂ ਅਤੇ ਰਾਜ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ’ਚ ਪ੍ਰਣਾਲੀਗਤ ਤਬਦੀਲੀਆਂ ਦੀ ਮੰਗ ਕਰ ਰਹੇ ਹਨ। ਭੁੱਖ ਹੜਤਾਲ ’ਤੇ ਬੈਠੇ ਛੇ ਡਾਕਟਰਾਂ ਨੂੰ ਸਿਹਤ ਵਿਗੜਨ ਕਾਰਨ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ ਜਦਕਿ ਅੱਠ ਹੋਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਹਨ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਇਸ ਰੁਕਾਵਟ ਨੂੰ ਹੱਲ ਕਰਨ ਲਈ 21 ਅਕਤੂਬਰ ਤਕ ਠੋਸ ਕਾਰਵਾਈ ਕਰੇ। ਬੈਨਰਜੀ ਨੇ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਦਾ ਵਾਅਦਾ ਕੀਤਾ ਹੈ।