
ਪੁਲਿਸ ਦੀ ਇਜਾਜ਼ਤ ਨਾ ਮਿਲਣ ਦੇ ਬਾਵਜੂਦ ਅੱਲੂ ਅਰਜੁਨ ‘ਪੁਸ਼ਪਾ-2’ ਦੀ ਸਕ੍ਰੀਨਿੰਗ ’ਚ ਸ਼ਾਮਲ ਹੋਏ : ਮੁੱਖ ਮੰਤਰੀ ਰੇਵੰਤ ਰੈੱਡੀ
ਹੈਦਰਾਬਾਦ : ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਸਨਿਚਰਵਾਰ ਨੂੰ ਦੋਸ਼ ਲਾਇਆ ਕਿ ਪੁਲਿਸ ਦੀ ਇਜਾਜ਼ਤ ਨਾ ਮਿਲਣ ਦੇ ਬਾਵਜੂਦ ਅੱਲੂ ਅਰਜੁਨ ਚਾਰ ਦਸੰਬਰ ਨੂੰ ‘ਪੁਸ਼ਪਾ-2’ ਦੀ ਸਕ੍ਰੀਨਿੰਗ ਦੌਰਾਨ ਸ਼ਾਮ ਸਮੇਂ ਥੀਏਟਰ ਗਏ ਸਨ।
ਮੁੱਖ ਮੰਤਰੀ ਨੇ ਦੋਸ਼ ਲਾਹਿਆ ਕਿ ਭਾਜੜ ’ਚ ਇਕ ਔਰਤ ਦੀ ਮੌਤ ਤੋਂ ਬਾਦਅ ਵੀ ਅਦਾਕਾਰ ਸਿਨੇਮਾ ਹਾਲ ਤੋਂ ਬਾਹਰ ਨਹੀਂ ਗਏ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਜ਼ਬਰਦਸਤੀ ਬਾਹਰ ਕਢਿਆ। ਏ.ਆਈ.ਐਮ.ਆਈ.ਐਮ. ਦੇ ਵਿਧਾਇਕ ਅਕਬਰੂਦੀਨ ਓਵੈਸੀ ਵਲੋਂ ਵਿਧਾਨ ਸਭਾ ’ਚ ਇਸ ਮੁੱਦੇ ਨੂੰ ਚੁਕੇ ਜਾਣ ਤੋਂ ਬਾਅਦ ਰੈੱਡੀ ਨੇ ਪ੍ਰਸਾਰਿਤ ਵੀਡੀਉ ਦਾ ਹਵਾਲਾ ਦਿੰਦਿਆਂ ਅੱਲੂ ਅਰਜੁਨ ’ਤੇ ਰੋਡ ਸ਼ੋਅ ਕੱਢੇਣ ਅਤੇ ਭਾਰੀ ਭੀੜ ਦੇ ਬਾਵਜੂਦ ਭੀੜ ਨੂੰ ਵੇਖ ਕੇ ਹੱਥ ਹਿਲਾਉਣ ਦਾ ਦੋਸ਼ ਲਾਇਆ। ਜਿਸ ਨਾਲ ਹਜ਼ਾਰਾਂ ਲੋਕਾਂ ਉਸ ਨੂੰ ਵੇਖਣ ਲਈ ਧੱਕਾ-ਮੁੱਕੀ ਕਰਨ ਲੱਗੇ। ਰੈੱਡੀ ਨੇ ਕਿਹਾ ਕਿ ਪੁਲਿਸ ਨੇ ਥੀਏਟਰ ਪ੍ਰਬੰਧਨ ਵਲੋਂ ਅੱਲੂ ਅਰਜੁਨ ਅਤੇ ਹੋਰ ਲੋਕਾਂ ਦੇ ਆਉਣ ਦੌਰਾਨ ਸੁਰਖਿਆ ਦੀ ਮੰਗ ਵਾਲੀ ਅਰਜ਼ੀ ਰੱਦ ਕਰ ਦਿਤੀ ਸੀ।
ਤੇਲੰਗਾਨਾ ਦੇ ਮੁੱਖ ਮੰਤਰੀ ਦੀ ਟਿਪਣੀ ’ਤੇ ਅੱਲੂ ਅਰਜੁਨ ਨੇ ਦਿਤੀ ਪ੍ਰਤੀਕਿਰਿਆ
ਹੈਦਰਾਬਾਦ : ਅਦਾਕਾਰ ਅੱਲੂ ਅਰਜੁਨ ਨੇ ਸਨਿਚਰਵਾਰ ਨੂੰ ਕਿਹਾ ਕਿ 4 ਦਸੰਬਰ ਨੂੰ ਹੈਦਰਾਬਾਦ ਦੇ ਇਕ ਥੀਏਟਰ ’ਚ ਫਿਲਮ ‘ਪੁਸ਼ਪਾ 2’ ਦੀ ਸਕ੍ਰੀਨਿੰਗ ਦੌਰਾਨ ਇਕ ਔਰਤ ਦੀ ਮੌਤ ਅਤੇ ਉਸ ਦੇ ਬੇਟੇ ਨੂੰ ਸੱਟਾਂ ਲੱਗਣ ਦੀ ਘਟਨਾ ਹਾਦਸਾ ਸੀ। ਉਨ੍ਹਾਂ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਵਲੋਂ ਲਗਾਏ ਗਏ ਦੋਸ਼ਾਂ ਨੂੰ ਵੀ ਰੱਦ ਕਰ ਦਿਤਾ।
ਰੈੱਡੀ ਵਲੋਂ ਥੀਏਟਰ ’ਚ ਰੋਡ ਸ਼ੋਅ ਕਰਨ ਅਤੇ ਭੀੜ ਦਾ ਹੱਥ ਹਿਲਾਉਣ ਲਈ ਆਲੋਚਨਾ ਕਰਨ ਦੇ ਕੁੱਝ ਘੰਟਿਆਂ ਬਾਅਦ ਅਦਾਕਾਰ ਨੇ ਦੋਸ਼ਾਂ ਨੂੰ ਰੱਦ ਕੀਤਾ ਅਤੇ ਕਿਹਾ ਕਿ ਇਹ ਜਲੂਸ ਜਾਂ ਰੋਡ ਸ਼ੋਅ ਨਹੀਂ ਸੀ।
ਉਨ੍ਹਾਂ ਕਿਹਾ, ‘‘ਬਹੁਤ ਸਾਰੀਆਂ ਗਲਤ ਜਾਣਕਾਰੀਆਂ ਫੈਲਾਈਆਂ ਜਾ ਰਹੀਆਂ ਹਨ ਕਿ ਮੈਂ ਇਕ ਖਾਸ ਤਰੀਕੇ ਨਾਲ ਵਿਵਹਾਰ ਕੀਤਾ। ਇਹ ਝੂਠੇ ਦੋਸ਼ ਹਨ। ਇਹ ਘਿਨਾਉਣਾ ਅਤੇ ਚਰਿੱਤਰ ਘਾਣ ਹੈ। ਬਹੁਤ ਸਾਰੀਆਂ ਗਲਤ ਜਾਣਕਾਰੀਆਂ ਫੈਲਾਈਆਂ ਜਾ ਰਹੀਆਂ ਹਨ, ਬਹੁਤ ਸਾਰੇ ਝੂਠੇ ਦੋਸ਼ ਲਗਾਏ ਜਾ ਰਹੇ ਹਨ।’’
ਔਰਤ ਦੀ ਮੌਤ ਨੂੰ ਹਾਦਸਾ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਰਹੇ ਕਿਉਂਕਿ ਇਹ ਮੰਦਭਾਗੀ ਘਟਨਾ ਹੈ।