 
          	ਫ਼ਿੱਚ ਸਮੂਹ ਦੀ ਖੋਜ ਇਕਾਈ ਫ਼ਿੱਚ ਸਲਿਊਸ਼ਨਜ਼ ਨੇ ਵੀਰਵਾਰ ਨੂੰ ਕਿਹਾ ਕਿ ਅਗਲੀਆਂ ਆਮ ਚੋਣਾਂ 'ਚ ਕਾਂਗਰਸ ਕੋਲ ਗਠਜੋੜ ਸਰਕਾਰ ਬਣਾਉਣ ਦਾ 'ਵਧੀਆ ਮੌਕਾ' ਹੈ.....
ਨਵੀਂ ਦਿੱਲੀ : ਫ਼ਿੱਚ ਸਮੂਹ ਦੀ ਖੋਜ ਇਕਾਈ ਫ਼ਿੱਚ ਸਲਿਊਸ਼ਨਜ਼ ਨੇ ਵੀਰਵਾਰ ਨੂੰ ਕਿਹਾ ਕਿ ਅਗਲੀਆਂ ਆਮ ਚੋਣਾਂ 'ਚ ਕਾਂਗਰਸ ਕੋਲ ਗਠਜੋੜ ਸਰਕਾਰ ਬਣਾਉਣ ਦਾ 'ਵਧੀਆ ਮੌਕਾ' ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਰਾਸ਼ਟਰੀ ਜਨਤੰਤਰਿਕ ਗਠਬੰਧਨ (ਐਨ.ਡੀ.ਏ.) ਸਰਕਾਰ ਦੇ ਸਾਹਮਣੇ ਵਾਪਸੀ ਦੇ ਰਸਤੇ 'ਚ ਕਈ ਰੇੜਕੇ ਹਨ। ਫ਼ਿੱਚ ਸਲਿਊਸ਼ਨਜ਼ ਨੇ 'ਸਿਆਸਤੀ ਜੋਖਮ ਵਿਸ਼ਲੇਸ਼ਣ ਵਿਚ ਭਾਰਤੀ ਚੋਣਾਂ 'ਚ ਖੰਡਿਤ ਫ਼ਤਵੇ ਅਤੇ ਕਮਜ਼ੋਰ ਨੀਤੀ ਨਿਰਮਾਣ ਮਾਹੌਲ ਮਿਲਣ ਦੀ ਸੰਭਾਵਨਾ' ਸਿਰਲੇਖ ਵਾਲੀ ਰੀਪੋਰਟ 'ਚ ਕਿਹਾ ਹੈ
ਕਿ ਅਪ੍ਰੈਲ-ਮਈ 'ਚ ਸੰਭਾਵਤ ਆਮ ਚੋਣਾਂ ਮਗਰੋਂ ਬਣਨ ਵਾਲੀ ਸਰਕਾਰ ਗਠਜੋੜ ਸਰਕਾਰ ਹੋ ਸਕਦੀ ਹੈ। ਇਸ ਨਾਲ ਮੌਜੂਦਾ ਸਰਕਾਰ ਦੀਆਂ ਨੀਤੀਆਂ ਨੂੰ ਜਾਰੀ ਰੱਖਣ 'ਤੇ ਨਾਕਾਰਾਤਮਕ ਅਸਰ ਪਵੇਗਾ। ਰੀਪੋਰਟ ਅਨੁਸਾਰ, ''ਫ਼ਿੱਚ ਸਲਿਊਸ਼ਨਜ਼ 'ਚ ਸਾਡੇ ਵਿਚਕਾਰ ਇਸ ਗੱਲ 'ਤੇ ਆਮ ਸਹਿਮਤੀ ਬਣੀ ਹੈ ਕਿ ਆਉਣ ਵਾਲੀਆਂ ਚੋਣਾਂ ਤੋਂ ਬਾਅਦ ਭਾਜਪਾ ਅਗਲੀ ਸਰਕਾਰ ਬਣਾ ਸਕਦੀ ਹੈ। ਉਥੇ ਹੀ ਸਾਡਾ ਇਹ ਵੀ ਮੰਨਣਾ ਹੈ ਕਿ ਭਾਜਪਾ ਅਤੇ ਸਰਕਾਰ ਬਣਾਉਣ 'ਚ ਅਹਿਮ ਭੂਮਿਕਾ ਰੱਖਣ ਵਾਲੀਆਂ ਪਾਰਟੀਆਂ ਵਿਚਕਾਰ ਬਣੀ ਦਰਾੜ ਕਰ ਕੇ ਕਾਂਗਰਸ ਕੋਲ ਵੀ ਗਠਜੋੜ ਸਰਕਾਰ ਬਣਾਉਣ ਦਾ ਢੁਕਵਾਂ ਮੌਕਾ ਹੋਵੇਗਾ।''
ਰੀਪੋਰਟ 'ਚ ਕਿਹਾ ਗਿਆ ਹੈ ਕਿ ਕਈ ਕਾਰਨਾਂ ਕਰ ਕੇ ਸੱਤਾਧਾਰੀ ਐਨ.ਡੀ.ਏ. ਸਰਕਾਰ ਦੇ ਵਾਪਸ ਚੁਣੇ ਜਾਣ 'ਚ ਚੁਨੌਤੀਆਂ ਹਨ। ਇਸ 'ਚ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਲਈ ਸਮਰਥਲ 'ਚ ਕਮੀ ਆਉਣਾ, ਨਵੰਬਰ-ਦਸੰਬਰ 2018 'ਚ ਤਿੰਨ ਅਹਿਮ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਹਾਰ ਹੋਣਾ ਅਤੇ ਖੇਤੀਬਾੜੀ ਖੇਤਰ 'ਚ ਅਸੰਤੋਸ਼ ਸ਼ਾਮਲ ਹੈ।
ਵਿੱਤੀ ਵਰ੍ਹੇ 2019-20 ਦੇ ਅੰਤਰਿਮ ਬਜਟ 'ਚ ਸਰਕਾਰ ਨੇ ਜਨਤਕ ਖ਼ਰਚ ਵਧਾਉਣ ਦੀਆਂ ਕਈ ਤਜਵੀਜ਼ਾਂ ਰੱਖੀਆਂ ਹਲ ਜਿਸ 'ਚ ਕਿਸਾਨਾਂ ਨੂੰ ਘੱਟ ਤੋਂ ਘੱਟ ਆਮਦਨ ਦੇਣਾ ਸ਼ਾਮਲ ਹੈ। ਇਹ ਕਾਂਗਰਸ ਦੇ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਖੇਤੀਬਾੜੀ ਕਰਜ਼ਾ ਮਾਫ਼ੀ ਤੋਂ ਪਾਰ ਪਾਉਣ ਲਈ ਕੀਤਾ ਗਿਆ ਹੈ। ਰੀਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ 14 ਫ਼ਰਵਰੀ ਨੂੰ ਕਸ਼ਮੀਰ 'ਚ ਭਾਰਤੀ ਜਵਾਨਾਂ 'ਤੇ ਕੀਤਾ ਅਤਿਵਾਦੀ ਹਮਲਾ ਭਾਜਪਾ ਲਈ ਹਮਾਇਤ ਜੁਟਾਉਣ ਦਾ ਇਕ ਚੰਗਾ ਮੌਕਾ ਹੈ। Ê (ਪੀਟੀਆਈ)
 
                     
                
 
	                     
	                     
	                     
	                     
     
     
     
     
     
                     
                     
                     
                     
                    