
ਕਿਸਾਨ ਕਾਨੂੰਨੀ ਖਤਰੇ ਤੋਂ ਨਹੀਂ ਡਰਦੇ, ਖੇਤੀ ਕਾਨੂੰਨ ਰੱਦ ਹੋਣ ਬਾਅਦ ਹੀ ਵਾਪਸ ਜਾਵਾਂਗੇ : ਕਿਸਾਨ ਆਗੂ
ਨਵੀਂ ਦਿੱਲੀ : ਟਿਕਰੀ ਬਾਰਡਰ ’ਤੇ ਬੈਠੇ ਕਿਸਾਨਾਂ ਨੂੰ ਪੁਲਿਸ ਨੇ ਧਰਨਾ ਚੁੱਕਣ ਦੀ ਚੇਤਾਵਨੀ ਦਿਤੀ ਹੈ। ਦਿੱਲੀ ਪੁਲਿਸ ਨੇ ਟਿਕਰੀ ਬੋਰਡਰ ’ਤੇ ਕਿਸਾਨ ਅੰਦੋਲਨ ਦੇ ਸੰਬੰਧ ਵਿਚ ਕਿਸਾਨਾਂ ਦੇ ਨਾਮ ’ਤੇ ਕਾਨੂੰਨੀ ਚਿਤਾਵਨੀ ਜਾਰੀ ਕੀਤੀ ਹੈ ਜਿਸ ਵਿਚ ਕਿਸਾਨਾਂ ਦੇ ਧਰਨੇ ਨੂੰ ਗ਼ੈਰ ਕਾਨੂੰਨੀ ਦਸਿਆ ਗਿਆ ਹੈ। ਧਰਨਾ ਨਾ ਹਟਾਉਣ ਉਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ।
Tikri border
ਦਿੱਲੀ ਪੁਲਿਸ ਨੇ ਟਿਕਰੀ ਬਾਰਡਰ ਨੇੜੇ ਪੁਲਿਸ ਬੈਰੀਕੇਡਾਂ ਦੇ ਉੱਪਰ ਕਾਨੂੰਨੀ ਚਿਤਾਵਨੀ ਦੇ ਤਿੰਨ ਬੋਰਡ ਲਗਾਏ ਹਨ। ਇਨ੍ਹਾਂ ਬੋਰਡਾਂ ਵਿਚ ਇਹ ਸਾਫ਼ ਲਿਖਿਆ ਗਿਆ ਹੈ ਕਿ ਤੁਹਾਡੇ ਮਜਮਾ ਕਾਨੂੰਨ ਵਿਰੁਧ ਕਰਾਰ ਦਿਤਾ ਗਿਆ ਹੈ। ਤੁਹਾਨੂੰ ਚੇਤਾਵਨੀ ਦਿਤੀ ਗਈ ਹੈ ਕਿ ਤੁਸੀਂ ਅਪਣੇ ਧਰਨੇ ਨੂੰ ਚੁੱਕ ਲਵੋ ਨਹੀਂ ਤਾਂ ਤੁਹਾਡੇ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਇਹ ਹੁਕਮ ਦਿੱਲੀ ਪੁਲਿਸ ਦੇ ਮੁੰਡਕਾ ਥਾਣੇ ਦੇ ਐਸਐਚਓ ਦੁਆਰਾ ਜਾਰੀ ਕੀਤਾ ਦਰਸਾਇਆ ਗਿਆ ਹੈ।
Warning to stop protest
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਪੁਲਿਸ ਵਲੋਂ ਕਿਸਾਨ ਆਗੂਆਂ ਨੂੰ ਕਈ ਨੋਟਿਸ ਭੇਜੇ ਜਾ ਚੁੱਕੇ ਹਨ। ਕਿਸਾਨ ਆਗੂ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਰਹੇ ਹਨ ਪਰ ਧਰਨਾ ਸਾਈਟ ’ਤੇ ਲੱਗੇ ਕਾਨੂੰਨੀ ਚਿਤਾਵਨੀ ਬੋਰਡ ਦਾ ਜਵਾਬ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਕਾਨੂੰਨੀ ਖ਼ਤਰੇ ਤੋਂ ਨਹੀਂ ਡਰਦਾ। ਸਰਕਾਰ ਕਿੰਨੇ ਵੀ ਕੇਸ ਦਾਇਰ ਕਰ ਸਕਦੀ ਹੈ ਪਰ ਜੇ ਕਾਨੂੰਨ ਵਾਪਸ ਨਹੀਂ ਕੀਤਾ ਗਿਆ ਤਾਂ ਕਿਸਾਨ ਘਰ ਵਾਪਸ ਨਹੀਂ ਆਉਣਗੇ।