
ਠਾਕੁਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਕਈ ਕਦਮ ਚੁੱਕੇ ਗਏ ਹਨ।
Farmers Protest: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਕਿਸਾਨ ਸਾਡੇ 'ਭਰਾ' ਅਤੇ 'ਅੰਨਦਾਤਾ' ਹਨ ਅਤੇ ਕੇਂਦਰ ਸਰਕਾਰ ਉਨ੍ਹਾਂ ਨਾਲ ਗੱਲਬਾਤ ਲਈ ਤਿਆਰ ਹੈ। ਠਾਕੁਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੀ ਵੱਧ ਆਮਦਨ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਹਨ। ਠਾਕੁਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਕਈ ਕਦਮ ਚੁੱਕੇ ਗਏ ਹਨ।
ਇਹ ਪੁੱਛੇ ਜਾਣ 'ਤੇ ਕਿ ਕੀ ਕੈਬਨਿਟ ਮੀਟਿੰਗ ਦੌਰਾਨ ਪੰਜਾਬ-ਹਰਿਆਣਾ ਸਰਹੱਦ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਮੁੱਦੇ 'ਤੇ ਚਰਚਾ ਹੋਈ, ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਗੱਲਬਾਤ ਲਈ ਤਿਆਰ ਹੈ। ਉਨ੍ਹਾਂ ਕਿਹਾ, 'ਅਸੀਂ ਪਹਿਲਾਂ ਵੀ ਗੱਲਬਾਤ ਲਈ ਤਿਆਰ ਸੀ ਅਤੇ ਅੱਜ ਵੀ ਤਿਆਰ ਹਾਂ ਅਤੇ ਭਵਿੱਖ 'ਚ ਵੀ ਉਨ੍ਹਾਂ ਦੇ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਤਿਆਰ ਰਹਾਂਗੇ।'
ਠਾਕੁਰ ਨੇ ਕਿਹਾ, 'ਸਾਨੂੰ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਉਹ ਸਾਡੇ ਭਰਾ ਹਨ ਅਤੇ ਅੰਨਦਾਤਾ ਹਨ।' ਕੇਂਦਰੀ ਮੰਤਰੀ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਉਚ ਵਿਕਾਸ ਹਾਸਲ ਕਰਨ ਲਈ ਮੋਦੀ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦੀ ਰੂਪਰੇਖਾ ਵੀ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਦੁੱਗਣਾ ਕਰ ਦਿਤਾ ਹੈ ਅਤੇ ਖਰੀਦ ਵੀ ਦੁੱਗਣੀ ਤੋਂ ਵੱਧ ਕੀਤੀ ਗਈ ਹੈ।
ਠਾਕੁਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ 'ਚ ਕਣਕ, ਝੋਨਾ, ਤੇਲ ਬੀਜਾਂ ਅਤੇ ਦਾਲਾਂ ਦੀ ਖਰੀਦ 'ਤੇ 18.39 ਲੱਖ ਕਰੋੜ ਰੁਪਏ ਖਰਚ ਕੀਤੇ ਹਨ ਜਦਕਿ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਨੇ 5.5 ਲੱਖ ਕਰੋੜ ਰੁਪਏ ਖਰਚ ਕੀਤੇ ਹਨ। ਮੰਤਰੀ ਨੇ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਸਰਕਾਰ ਦੇ 10 ਸਾਲਾਂ ਦੌਰਾਨ ਕਿਸਾਨਾਂ ਨੂੰ ਦਿਤੇ ਗਏ ਵੱਧ ਐਮਐਸਪੀ ਅਤੇ ਯੂਪੀਏ ਸਰਕਾਰ ਦੇ ਪਿਛਲੇ 10 ਸਾਲਾਂ ਦੇ ਮੁਕਾਬਲੇ ਉੱਚ ਖਰੀਦ ਦੀ ਤੁਲਨਾ ਵੀ ਕੀਤੀ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਵਾਜਬ ਦਰਾਂ 'ਤੇ ਖਾਦਾਂ ਦੀ ਸਪਲਾਈ ਯਕੀਨੀ ਬਣਾਈ ਹੈ। ਖੰਡ ਮਿੱਲਾਂ ਵਲੋਂ ਕਿਸਾਨਾਂ ਨੂੰ ਦਿਤੇ ਗੰਨੇ ਦੇ ਭਾਅ ਵਿਚ ਅੱਠ ਫ਼ੀ ਸਦੀ ਵਾਧਾ ਕਰਨ ਦੇ ਕੈਬਨਿਟ ਫੈਸਲੇ ਦਾ ਜ਼ਿਕਰ ਕਰਦਿਆਂ ਠਾਕੁਰ ਨੇ ਕਿਹਾ, 'ਭਾਰਤ ਦੁਨੀਆ ਵਿਚ ਗੰਨੇ ਦੀ ਸੱਭ ਤੋਂ ਵੱਧ ਕੀਮਤ ਅਦਾ ਕਰ ਰਿਹਾ ਹੈ।' ਕੇਂਦਰੀ ਮੰਤਰੀ ਨੇ ਕਿਹਾ, 'ਅਸੀਂ ਕਿਸਾਨਾਂ ਦੇ ਹਿੱਤ 'ਚ ਗੰਨੇ ਦੇ ਵਾਜਬ ਅਤੇ ਲਾਭਕਾਰੀ ਮੁੱਲ (ਐਫ.ਆਰ.ਪੀ.) 'ਚ ਅੱਠ ਫ਼ੀ ਸਦੀ ਦਾ ਵਾਧਾ ਕੀਤਾ ਹੈ।'
ਠਾਕੁਰ ਨੇ ਦਸਿਆ ਕਿ ਇਸ ਸਾਲ ਗੰਨੇ ਦਾ ਭਾਅ 315 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 340 ਰੁਪਏ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਕਿਸਾਨਾਂ ਨੂੰ ਗੰਨੇ ਦੇ ਤੈਅ ਫਾਰਮੂਲੇ ਨਾਲੋਂ 107 ਫ਼ੀ ਸਦੀ ਵੱਧ ਅਦਾਇਗੀ ਕਰ ਰਹੀ ਹੈ। ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੇ ਤਹਿਤ ਸਰਕਾਰ ਨੇ ਲਗਭਗ 12 ਕਰੋੜ ਕਿਸਾਨਾਂ ਨੂੰ 2.81 ਲੱਖ ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।
ਕਿਸਾਨਾਂ ਲਈ ਲੋੜੀਂਦਾ ਕੰਮ ਨਾ ਕਰਨ ਲਈ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਠਾਕੁਰ ਨੇ ਕਿਹਾ, 'ਕਾਂਗਰਸ ਦੇ ਸਮੇਂ ਨਾ ਤਾਂ ਸਨਮਾਨ ਸੀ ਅਤੇ ਨਾ ਹੀ ਫੰਡ।'ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੇ ਤਹਿਤ, ਕੇਂਦਰ ਸਰਕਾਰ ਯੋਗ ਕਿਸਾਨਾਂ ਨੂੰ ਤਿੰਨ ਬਰਾਬਰ ਕਿਸ਼ਤਾਂ ਵਿਚ ਪ੍ਰਤੀ ਸਾਲ 6,000 ਰੁਪਏ ਅਦਾ ਕਰਦੀ ਹੈ। ਉਨ੍ਹਾਂ ਕਿਹਾ, 'ਇਹ ਕਿਸਾਨਾਂ ਪ੍ਰਤੀ ਸਾਡੀ ਵਚਨਬੱਧਤਾ ਅਤੇ ਫਰਜ਼ ਹੈ।'