
ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦ੍ਰਿੜਤਾ ਨਾਲ ਕਿਹਾ ਹੈ ਕਿ ਭਾਰਤੀ ਫ਼ੌਜਾਂ ਦੇਸ਼ ਦੀ ਪ੍ਰਭਸੱਤਾ ਦੀ ਸੁਰੱਖਿਆ ਕਰਨ ਲਈ ਵਚਨਬੱਧ ਹਨ, ਜੇਕਰ ਦੇਸ਼ ਨੂੰ
ਜਗਰਾਉਂ (ਪਰਮਜੀਤ ਸਿੰਘ ਗਰੇਵਾਲ) - ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦ੍ਰਿੜਤਾ ਨਾਲ ਕਿਹਾ ਹੈ ਕਿ ਭਾਰਤੀ ਫ਼ੌਜਾਂ ਦੇਸ਼ ਦੀ ਪ੍ਰਭਸੱਤਾ ਦੀ ਸੁਰੱਖਿਆ ਕਰਨ ਲਈ ਵਚਨਬੱਧ ਹਨ, ਜੇਕਰ ਦੇਸ਼ ਨੂੰ ਕੋਈ ਵੀ ਖ਼ਤਰਾ ਦਰਪੇਸ਼ ਆਉਂਦਾ ਹੈ ਤਾਂ ਉਸ ਦਾ ਮੁਕਾਬਲਾ ਕਰਨ ਲਈ ਸੁਰੱਖਿਆ ਫ਼ੌਜਾਂ ਪੂਰੀ ਤਰ੍ਹਾਂ ਸਮਰੱਥ ਹਨ। ਉਹ ਅਜ ਸਥਾਨਕ ਏਅਰ ਫ਼ੋਰਸ ਸਟੇਸ਼ਨ ਵਿਖੇ ਹਵਾਈ ਫ਼ੌਜ ਦੀ 51 ਸੁਕੈਡਰਨ ਅਤੇ 230 ਸਿਗਨਲ ਯੂਨਿਟ ਨੂੰ ਕਰਮਵਾਰ 'ਰਾਸ਼ਟਰਪਤੀ ਸਟੈਂਡਰਡ' ਅਤੇ 'ਰਾਸ਼ਟਰਪਤੀ ਕਲਰ' ਸਨਮਾਨ (ਨਿਸ਼ਾਨ) ਪ੍ਰਦਾਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ।
kovind
ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਮਨਾਥ ਕੋਵਿੰਦ ਨੇ ਕਿਹਾ ਕਿ ਭਾਰਤੀ ਫ਼ੌਜਾਂ ਖਾਸ ਕਰ ਕੇ ਹਵਾਈ ਫ਼ੌਜ ਦਾ ਇਤਿਹਾਸ ਬਹੁਤ ਹੀ ਗੌਰਵਸ਼ਾਲੀ ਹੈ। ਉਨ੍ਹਾਂ ਕਿਹਾ ਕਿ ਭਾਰਤ, ਜਿਥੇ ਇਕ ਪਾਸੇ ਵਿਸ਼ਵ ਦੀ ਆਰਥਿਕ ਮਹਾਂ ਸ਼ਕਤੀ ਬਣ ਕੇ ਉਭਰ ਰਿਹਾ ਹੈ, ਉਥੇ ਹੀ ਵਿਸ਼ਵ ਵਿਚ ਸ਼ਾਂਤੀ ਦੀ ਬਹਾਲੀ ਦਾ ਵੀ ਹਾਮੀ ਹੈ। ਪਰ ਜੇਕਰ ਦੇਸ਼ ਨੂੰ ਕੋਈ ਵੀ ਖ਼ਤਰਾ ਦਰਪੇਸ਼ ਆਉਂਦਾ ਹੈ ਤਾਂ ਉਸ ਦਾ ਮੁਕਾਬਲਾ ਕਰਨ ਲਈ ਦੇਸ਼ ਦੀਆਂ ਫ਼ੌਜਾਂ ਪੂਰੀ ਤਰ੍ਹਾਂ ਸਮਰੱਥ ਅਤੇ ਹਰ ਸਮੇਂ ਤਿਆਰ-ਬਰ-ਤਿਆਰ ਹਨ ਅਤੇ ਦੇਸ਼ ਦੀ ਪ੍ਰਭੂਸੱਤਾ ਦੀ ਸੁਰੱਖਿਆ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਉਨ੍ਹਾਂ ਨੇ 51 ਸੁਕੈਡਰਨ ਅਤੇ 230 ਸਿਗਨਲ ਯੂਨਿਟ ਦੇ ਲਾਮਿਸਾਲ ਕਾਰਗੁਜ਼ਾਰੀ ਵਾਲੇ ਇਤਿਹਾਸ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿਤੀਆਂ। ਉਨ੍ਹਾਂ ਕਿਹਾ ਕਿ ਇਹਨਾਂ ਦੋਹਾਂ ਯੂਨਿਟਾਂ ਨੇ ਪਿਛਲੇ ਸਮੇਂ ਦੌਰਾਨ ਦੇਸ਼ ਸੇਵਾ ਵਿਚ ਵਿਲੱਖਣ ਯੋਗਦਾਨ ਪਾਇਆ ਹੈ, ਜਿਸ ਦੀ ਦੇਸ਼ ਸ਼ਲਾਘਾ ਕਰਦਾ ਹੈ। ਦੋਹਾਂ ਯੂਨਿਟਾਂ ਕੋਲ ਅਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਵਿਸ਼ੇਸ਼ ਮੁਹਾਰਤ ਹਾਸਲ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੇ ਦੇਸ਼ ਅਤੇ ਵਿਦੇਸ਼ਾਂ ਦੀ ਧਰਤੀ 'ਤੇ ਲਾਮਿਸਾਲ ਕਾਰਗੁਜ਼ਾਰੀ ਦਿਖਾ ਕੇ ਦੇਸ਼ ਦੇ ਅਤੇ ਅਪਣੇ ਕੱਦ ਨੂੰ ਹੋਰ ਉਚਾ ਕੀਤਾ ਹੈ।
kovind
ਇਸ ਤੋਂ ਇਲਾਵਾ ਹਵਾਈ ਫ਼ੌਜ ਵੱਲੋਂ ਕੁਦਰਤੀ ਆਪਦਾਵਾਂ ਮੌਕੇ ਮਨੁੱਖਤਾ ਦੀ ਭਲਾਈ ਲਈ ਵੀ ਅੱਗੇ ਹੋ ਕੇ ਲੜਾਈ ਲੜੀ ਗਈ ਹੈ। ਉਨ੍ਹਾਂ 1950 ਵਿਚ ਸਥਾਪਤ ਕੀਤੇ ਗਏ ਹਵਾਈ ਅੱਡਾ ਹਲਵਾਰਾ ਦੀ ਕਾਰਗੁਜ਼ਾਰੀ ਦੀ ਵੀ ਪ੍ਰਸੰਸ਼ਾ ਕਰਦਿਆਂ ਦਸਿਆ ਕਿ ਸਾਲ 1965 ਅਤੇ 1971 ਦੀਆਂ ਲੜਾਈਆਂ ਵਿਚ ਇਸ ਹਵਾਈ ਅੱਡੇ ਅਤੇ ਇਥੇ ਬੈਠੀਆਂ ਫ਼ੌਜਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ ਸੀ। ਇਸ ਮੌਕੇ ਉਨ੍ਹਾਂ ਸਨਮਾਨਤ ਕੀਤੀਆਂ ਗਈਆਂ ਦੋਹੇ ਯੂਨਿਟਾਂ ਬਾਰੇ ਇਕ ਕਿਤਾਬਚਾ ਵੀ ਰੀਲੀਜ਼ ਕੀਤਾ। ਸਮਾਗਮ ਦੌਰਾਨ ਹਵਾਈ ਫ਼ੌਜ ਦੀ 'ਏਅਰ ਫ਼ੋਰਸ ਏਅਰ ਵਾਰੀਅਰਜ਼ ਡਰਿੱਲ ਟੀਮ' ਅਤੇ ਸੁਖੋਈ ਸਮੇਤ ਵਖ-ਵਖ ਲੜਾਕੂ ਜਹਾਜ਼ਾਂ ਨੇ ਹੈਰਤਅੰਗੇਜ਼ ਹਵਾਈ ਕਰਤੱਬ ਦਿਖਾ ਕੇ ਸਮੂਹ ਹਾਜ਼ਰੀਨ ਨੂੰ ਭਾਰਤੀ ਹਵਾਈ ਫ਼ੌਜ ਦੀ ਕਾਬਲੀਅਤ ਤੋਂ ਰੂ-ਬਰੂ ਕਰਵਾਇਆ ਅਤੇ ਮਨੋਰੰਜਨ ਕੀਤਾ। ਇਸ ਮੌਕੇ ਉਨ੍ਹਾਂ ਹਵਾਈ ਫ਼ੌਜ ਵਲੋਂ ਲਗਾਈ ਗਈ ਇਕ ਫੋਟੋ ਪ੍ਰਦਰਸ਼ਨੀ ਵੀ ਦੇਖੀ।
kovind
ਸਮਾਗਮ ਉਪਰੰਤ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ਼ ਮਾਰਸ਼ਨ ਸ੍ਰੀ.ਬੀਰੇਂਦਰ ਸਿੰਘ ਧਨੋਆ ਨੇ ਪੱਤਰਕਾਰ ਸੰਮੇਲਨ ਦੌਰਾਨ ਦਸਿਆ ਕਿ ਭਾਰਤੀ ਹਵਾਈ ਫ਼ੌਜ ਕਿਸੇ ਵੀ ਖ਼ਤਰੇ ਦਾ ਮੁਕਾਬਲਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਫ਼ੌਜ ਡੋਕਲਾਮ ਸਮੇਤ ਕਿਸੇ ਵੀ ਖਿੱਤੇ ਵਿੱਚ ਚੀਨ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਸਥਿਤੀ ਵਿਚ ਹੈ। ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਚੀਨ ਦੇ ਫ਼ੌਜੀ ਹਵਾਈ ਉਪਕਰਨ ਭਾਰਤੀ ਰਾਡਾਰ ਸਿਸਟਮ ਦੀ ਪਹੁੰਚ ਤੋਂ ਬਾਹਰ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਭਵਿੱਖ ਵਿਚ ਭਾਰਤੀ ਹਵਾਈ ਫ਼ੌਜ ਨੂੰ ਕੋਈ 'ਸਰਜੀਕਲ ਸਟਰਾਈਕ' ਕਰਨ ਬਾਰੇ ਕਿਹਾ ਜਾਂਦਾ ਹੈ ਤਾਂ ਉਹ ਇਸ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਪੱਤਰਕਾਰਾਂ ਵਲੋਂ ਪੁਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੂੰ ਹੋਰ ਮਜ਼ਬੂਤ ਕਰਨ ਲਈ ਜਿਥੇ 40 ਰਾਫੇਲ ਜਹਾਜ਼ਾਂ ਦੀ ਖਰੀਦ ਕੀਤੀ ਜਾ ਰਹੀ ਹੈ, ਉਥੇ ਹੀ ਹੋਰ ਸਾਜੋ ਸਮਾਨ ਵੀ ਉਚ ਤਕਨੀਕ ਨਾਲ ਲੈੱਸ ਕੀਤਾ ਜਾ ਰਿਹਾ ਹੈ।
kovind
ਇਸ ਤੋਂ ਪਹਿਲਾਂ ਏਅਰ ਫ਼ੋਰਸ ਸਟੇਸ਼ਨ ਹਲਵਾਰਾ ਵਿਖੇ ਪਹੁੰਚਣ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ, ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਹਵਾਈ ਫੌਜ ਦੇ ਮੁਖੀ ਏਅਰ ਚੀਫ਼ ਮਾਰਸ਼ਲ ਬੀਰੇਂਦਰ ਸਿੰਘ ਧਨੋਆ, ਹਵਾਈ ਫੌਜ ਦੇ ਪਛਮੀ ਕਮਾਨ ਦੇ ਮੁਖੀ ਏਅਰ ਮਾਰਸ਼ਲ ਕੈਪਟਨ ਹਰੀ ਕੁਮਾਰ, ਵਿਧਾਇਕ ਰਾਏਕੋਟ ਜਗਤਾਰ ਸਿੰਘ ਹਿੱਸੋਵਾਲ, ਡਵੀਜ਼ਨਲ ਕਮਿਸ਼ਨਰ ਵੀ. ਕੇ. ਮੀਨਾ, ਆਈ. ਜੀ. ਅਰਪਿਤ ਸ਼ੁਕਲਾ, ਡੀ. ਆਈ. ਜੀ. ਲੁਧਿਆਣਾ ਰੇਂਜ ਜੀ. ਐੱਸ. ਸੰਧੂ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਜ਼ਿਲ੍ਹਾ ਪੁਲਿਸ ਮੁਖੀ ਸੁਰਜੀਤ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।