
ਚੀਨ ਨੇ ਜਾਪਾਨ ਨੂੰ ਕਿਹਾ ਕਿ ਜੇ ਉਹ ਭਾਰਤ ਦਾ ਸਾਥ ਦੇਣਾ ਵੀ ਚਾਹੁੰਦਾ ਹੈ ਤਾਂ ਵੀ ਚੀਨ ਵਿਰੁਧ ਬਿਆਨ ਦੇਣ ਤੋਂ ਬਚੇ।
ਨਵੀਂ ਦਿੱਲੀ, 18 ਅਗੱਸਤ : ਡੋਕਲਾਮ ਵਿਵਾਦ ਸਬੰਧੀ ਜਾਪਾਨ ਦੁਆਰਾ ਬਿਆਨ ਦੇਣ ਤੋਂ ਬਾਅਦ ਚੀਨ ਘਬਰਾ ਗਿਆ ਹੈ। ਚੀਨ ਨੇ ਜਾਪਾਨ ਨੂੰ ਸਾਫ਼ ਕਿਹਾ ਹੈ ਕਿ ਉਹ ਇਸ ਮਾਮਲੇ 'ਚ ਬਿਨਾਂ ਸੋਚੇ ਸਮਝੇ ਬਿਆਨ ਨਾ ਦੇਵੇ। ਚੀਨ ਨੇ ਜਾਪਾਨ ਨੂੰ ਕਿਹਾ ਕਿ ਜੇ ਉਹ ਭਾਰਤ ਦਾ ਸਾਥ ਦੇਣਾ ਵੀ ਚਾਹੁੰਦਾ ਹੈ ਤਾਂ ਵੀ ਚੀਨ ਵਿਰੁਧ ਬਿਆਨ ਦੇਣ ਤੋਂ ਬਚੇ।
ਅਮਰੀਕਾ ਤੋਂ ਬਾਅਦ ਜਾਪਾਨ ਨੇ ਵੀ ਡੋਕਲਾਮ ਵਿਵਾਦ 'ਤੇ ਭਾਰਤ ਦਾ ਸਮਰਥਨ ਕੀਤਾ ਹੈ। ਜਾਪਾਨ ਨੇ ਕਿਹਾ ਹੈ ਕਿ ਦੋਹਾਂ ਦੇਸ਼ਾਂ ਦੇ ਵਿਵਾਦ ਦੇ ਹੱਲ ਲਈ ਗੱਲਬਾਤ ਜ਼ਰੀਆ ਹੋਣਾ ਚਾਹੀਦਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੂ ਚੁਨਯਾਗ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਕਿਹਾ ਕਿ ਉਨ੍ਹਾਂ ਵੇਖਿਆ ਕਿ ਭਾਰਤ ਵਿਚ ਜਾਪਾਨ ਦੇ ਅੰਬੈਸਡਰ ਭਾਰਤ ਦਾ ਸਮਰਥਨ ਕਰਨਾ ਚਾਹੁੰਦੇ ਹਨ। ਇਸ ਲਈ ਚੀਨ ਉਨ੍ਹਾਂ ਨੂੰ ਕਹਿਣਾ ਚਾਹੇਗਾ ਕਿ ਉਹ ਬਿਨਾਂ ਸੋਚੇ ਸਮਝੇ ਅਜਿਹੇ ਬਿਆਨ ਨਾ ਦੇਵੇ। ਪਹਿਲਾਂ ਤੱਥ ਜਾਂਚ ਲੈਣ।
ਉਧਰ, ਭਾਰਤ ਨੇ ਅੱਜ ਕਿਹਾ ਕਿ ਖ਼ਿੱਤੇ ਵਿਚ ਸ਼ਾਂਤੀ ਲਈ ਗੱਲਬਾਤ ਚਲਦੀ ਰਹੇਗੀ ਅਤੇ ਡੋਕਲਾਮ ਵਿਵਾਦ ਦੇ ਹੱਲ ਲਈ ਚੀਨ ਨਾਲ ਗੱਲਬਾਤ ਹੀ ਇਕੋ ਇਕ ਜ਼ਰੀਆ ਹੈ। ਜਾਪਾਨ ਦੇ ਰਾਜਦੂਤ ਕੇਂਜੀ ਹੀਰਾਮਤਸੂ ਨੇ ਕਿਹਾ, 'ਡੋਕਲਾਮ ਸਬੰਧੀ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਵਿਵਾਦ ਜਾਰੀ ਹੈ। ਸਾਡਾ ਮੰਨਣਾ ਹੈ ਕਿ ਇਸ ਨਾਲ ਪੂਰੇ ਖੇਤਰ ਵਿਚ ਸਥਿਰਤਾ ਪ੍ਰਭਾਵਤ ਹੋ ਸਕਦੀ ਹੈ। ਅਜਿਹੇ ਵਿਚ ਅਸੀਂ ਇਸ ਮਾਮਲੇ 'ਤੇ ਨਜ਼ਰ ਰੱਖ ਰਹੇ ਹਾਂ।' ਇਸ ਦੇ ਨਾਲ ਹੀ ਉਨ੍ਹਾਂ ਕਿਹਾ, 'ਚੀਨ ਅਤੇ ਭੂਟਾਨ ਵਿਚਕਾਰ ਇਸ ਖੇਤਰ ਸਬੰਧੀ ਵਿਵਾਦ ਹੈ। ਜਿਥੇ ਤਕ ਭਾਰਤ ਦੀ ਭੂਮਿਕਾ ਦੀ ਗੱਲ ਹੈ ਤਾਂ ਅਸੀਂ ਮੰਨਦੇ ਹਾਂ ਕਿ ਉਹ ਭੂਟਾਨ ਨਾਲ ਅਪਣੇ ਦੁਵੱਲੇ ਸਮਝੌਤੇ ਦੇ ਆਧਾਰ 'ਤੇ ਹੀ ਇਸ ਮਾਮਲੇ ਵਿਚ ਦਖ਼ਲ ਦੇ ਰਿਹਾ ਹੈ। '
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਅੱਜ ਕਿਹਾ ਕਿ ਉਹ ਡੋਕਲਾਮ ਵਿਵਾਦ ਦੇ ਦੋਹਾਂ ਧਿਰਾਂ ਨੂੰ ਪ੍ਰਵਾਨ ਹੱਲ ਵਾਸਤੇ ਗੱਲਬਾਤ ਜਾਰੀ ਰਖਣਗੇ ਤਾਕਿ ਖ਼ਿੱਤੇ ਵਿਚ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਬਣਿਆ ਰਹੇ। (ਏਜੰਸੀ)