
ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਕਾਂਗਰਸੀ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਚੁੱਕੇ ਸਵਾਲ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਬਠਿੰਡਾ ਅਤੇ ਫ਼ਿਰੋਜ਼ਪੁਰ ਲੋਕ ਸਭਾ ਹਲਕਿਆਂ ਲਈ ਕਾਂਗਰਸੀ ਉਮੀਦਵਾਰਾਂ ਦੀ ਚੋਣ ਨੇ 'ਕੈਪਟਨ-ਬਾਦਲ' ਮਿਲੀਭੁਗਤ ਦਾ ਦੁਬਾਰਾ ਫਿਰ ਪਰਦਾਫਾਸ਼ ਕਰ ਦਿਤਾ ਹੈ। ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਵਾਰੀ ਬੰਨ ਕੇ ਸੱਤਾ ਸੁੱਖ ਮਾਣਨ ਵਾਲੇ ਅਪਣੇ ਨਾਪਾਕ ਏਜੰਡੇ 'ਤੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਵਾਰ ਨਾਲ ਅਪਣੀ ਯਾਰੀ ਪੁਗਾ ਦਿਤੀ ਹੈ।
Captain Amarinder Singh & Sukhbir Singh badal
ਭਗਵੰਤ ਮਾਨ ਮੁਤਾਬਿਕ ਫ਼ਿਰੋਜ਼ਪੁਰ, ਬਠਿੰਡਾ ਅਤੇ ਪਟਿਆਲਾ 'ਚ ਇਕ ਦੂਸਰੇ ਦਾ ਸਹਾਰਾ ਬਣਦਿਆਂ ਕੈਪਟਨ ਅਤੇ ਬਾਦਲਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਾਲਾ ਇਕ ਨੁਕਾਤੀ ਫ਼ਾਰਮੂਲਾ ਦੁਹਰਾਇਆ ਗਿਆ ਹੈ। 2017 'ਚ ਪਟਿਆਲਾ, ਲੰਬੀ ਅਤੇ ਜਲਾਲਾਬਾਦ 'ਚ ਕੈਪਟਨ ਅਤੇ ਬਾਦਲਾਂ ਨੇ ਜੋ ਫ਼ਰੈਂਡਲੀ ਮੈਚ ਖੇਡ ਕੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਦੇ ਮੁਕਾਬਲੇ ਆਪਸ 'ਚ ਇਕ-ਦੂਜੇ ਨੂੰ ਜਿਤਾਇਆ ਸੀ। ਮਾਨ ਨੇ ਦਾਅਵਾ ਕੀਤਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਖ਼ੁਦ ਲੰਬੀ ਅਤੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਜਲਾਲਾਬਾਦ ਤੋਂ ਕਾਂਗਰਸੀ ਉਮੀਦਵਾਰ ਨਾ ਬਣਦੇ ਤਾਂ ਨਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਨਾ ਹੀ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਪਹੁੰਚਦੇ।
Bhagwant Mann
ਮਾਨ ਨੇ ਦੋਸ਼ ਲਗਾਇਆ ਕਿ ਇਸ ਫਰੈਂਡਲੀ ਮੈਚ ਦੇ ਤਹਿਤ ਬਾਦਲਾਂ ਨੇ ਪਟਿਆਲਾ ਤੋਂ ਨਵਾਂ ਅਤੇ ਕਮਜ਼ੋਰ ਉਮੀਦਵਾਰ ਐਲਾਨ ਕੇ ਚੋਣਾਂ ਦੌਰਾਨ ਉਸ ਦੀ (ਜਨਰਲ ਜੇਜੇ ਸਿੰਘ) ਦੀ ਪਾਰਟੀ ਵਲੋਂ ਕੋਈ ਮਦਦ ਹੀ ਨਹੀਂ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾ ਕੇ ਲੰਬੀ ਅਤੇ ਜਲਾਲਾਬਾਦ ਵਾਲੀ 'ਡੀਲ' ਸਿਰੇ ਚੜ੍ਹਾ ਦਿਤੀ। ਭਗਵੰਤ ਮਾਨ ਅਨੁਸਾਰ ਇਹ ਸਿਰਫ਼ 'ਆਪ' ਵਲੋਂ ਲਗਾਏ ਦੋਸ਼ ਨਹੀਂ ਸਗੋਂ ਕੰਧ 'ਤੇ ਲਿਖਿਆ ਸੱਚ ਹੈ, ਜਿਸ ਦੀ ਬਾਅਦ 'ਚ ਅਕਾਲੀਆਂ ਅਤੇ ਕਾਂਗਰਸੀਆਂ ਦੇ 'ਸਾਂਝੇ' ਉਮੀਦਵਾਰ ਅਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਸਮੇਤ ਕਈ ਹੋਰ ਆਗੂਆਂ ਨੇ ਵੀ ਪੁਸ਼ਟੀ ਕੀਤੀ ਹੈ।