
ਸੂਬਿਆਂ ਦੇ ਹਾਲਾਤਾਂ ‘ਤੇ ਹੋ ਸਕਦੀ ਹੈ ਚਰਚਾ
ਨਵੀਂ ਦਿੱਲੀ: ਕੋਰੋਨਾ ਦੇ ਪ੍ਰਕੋਪ ਦੇ ਚਲਦਿਆਂ ਦੇਸ਼ ਭਰ ਵਿਚ ਦੂਜੀ ਵਾਰ ਲੌਕਡਾਊਨ ਵਧਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਸੋਮਵਾਰ (27 ਅਪ੍ਰੈਲ) ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਚਾਰ ਚਰਚਾ ਕਰਨਗੇ।
File Photo
ਲੌਕਡਾਊਨ ਦੇ ਦੂਜੇ ਪੜਾਅ ਦੀ ਮਿਆਦ 3 ਮਈ ਨੂੰ ਖਤਮ ਹੋ ਰਹੀ ਹੈ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਕੋਵਿਡ-19 ‘ਤੇ ਸੂਬਿਆਂ ਦੇ ਤਾਜ਼ਾ ਹਾਲਾਤਾਂ ਨੂੰ ਲੈ ਕੇ ਚਰਚਾ ਕਰ ਸਕਦੇ ਹਨ ਅਤੇ ਅਗਲੇ ਕਦਮਾਂ ਬਾਰੇ ਸੂਬਿਆਂ ਦੇ ਸੁਝਾਅ ਜਾਣ ਸਕਦੇ ਹਨ।
File Photo
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਦੇਸ਼ ਵਿਚ ਲੌਕਡਾਊਨ ਦਾ ਫੈਸਲਾ 24 ਮਾਰਚ ਨੂੰ ਲਿਆ ਗਿਆ ਸੀ ਅਤੇ 25 ਮਾਰਚ ਤੋਂ ਤਿੰਨ ਹਫ਼ਤੇ ਯਾਨੀ 14 ਅਪ੍ਰੈਲ ਤੱਕ ਲੌਕਡਾਊਨ ਲਾਗੂ ਕੀਤਾ ਗਿਆ ਸੀ। ਪਰ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਵੱਲੋਂ ਲੌਕਡਾਊਨ ਨੂੰ 2 ਹਫ਼ਤਿਆਂ ਲਈ ਹੋਰ ਵਧਾ ਕੇ 3 ਮਈ ਤੱਕ ਕੀਤਾ ਗਿਆ।
Photo
ਅਜਿਹੇ ਵਿਚ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਇਹ ਬੈਠਕ ਬਹੁਤ ਹੀ ਅਹਿਮ ਮੰਨੀ ਜਾ ਰਹੀ ਹੈ। ਦੂਜੀ ਵਾਰ ਲੌਕਡਾਊਨ ਨੂੰ ਵਧਾਉਣ ਤੋਂ ਪਹਿਲਾਂ ਵੀ ਪੀਐਮ ਮੋਦੀ ਨੇ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ 11 ਅਪ੍ਰੈਲ ਨੂੰ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕੀਤੀ ਸੀ। ਇਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਜਾਨ ਹੈ ਤਾਂ ਜਹਾਨ ਹੈ। ਇਸ ਦੌਰਾਨ ਉਹਨਾਂ ਨੇ ਮੁੱਖ ਮੰਤਰੀਆਂ ਦੇ ਸੁਝਾਅ ਵੀ ਮੰਗੇ ਸੀ।
Photo
ਜ਼ਿਕਰਯੋਗ ਹੈ ਕਿ ਆਏ ਦਿਨ ਕੋਰੋਨਾ ਵਾਇਰਸ ਦੇ ਨਵੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਨਾਲ ਹੁਣ ਤੱਕ ਦੇਸ਼ ਵਿਚ 19,984 ਲੋਕਾ ਕਰੋਨਾ ਵਾਇਰਸ ਦੇ ਪ੍ਰਭਾਵ ਹੇਠ ਆ ਚੁੱਕੇ ਹਨ ਅਤੇ 640 ਲੋਕਾਂ ਦੀ ਇਸ ਖਤਰਨਾਕ ਮਹਾਂਮਾਰੀ ਦੇ ਕਾਰਨ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 3,870 ਲੋਕ ਅਜਿਹੇ ਵੀ ਹਨ ਜੋ ਇਸ ਵਾਇਰਸ ਨੂੰ ਮਾਤ ਦੇਣ ਤੋਂ ਬਾਅਦ ਠੀਕ ਹੋ ਚੁੱਕੇ ਹਨ।