
ਪਰਿਵਾਰ ਨੇ ਮੁਸ਼ਕਿਲ ਨਾਲ ਕੀਤਾ ਆਕਸੀਜਨ ਸਿਲੰਡਰ ਦਾ ਇੰਤਜ਼ਾਮ ਫਿਰ ਵੀ ਨਹੀਂ ਬਚ ਸਕੇ ਦੋ ਭਰਾ
ਨੋਇਡਾ: ਕੋਰੋਨਾ ਵਾਇਰਸ ਦੇ ਚਲਦਿਆਂ ਕਈ ਦਿਨਾਂ ਤੋਂ ਦੇਸ਼ ਦੇ ਕਈ ਹਿੱਸਿਆਂ ਵਿਚ ਆਕਸੀਜਨ ਸਪਲਾਈ ਵਿਚ ਕਮੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਨੋਇਡਾ ਵਿਚ ਸਹੀ ਸਮੇਂ ਆਕਸੀਜਨ ਨਾ ਮਿਲਣ ਕਾਰਨ 8 ਘੰਟਿਆਂ ’ਚ ਦੋ ਸਕੇ ਭਰਾਵਾਂ ਨੇ ਦਮ ਤੋੜ ਦਿੱਤਾ।
Oxygen Cylinders
ਦਰਅਸਲ ਪ੍ਰਿੰਟਿੰਗ ਪ੍ਰੈੱਸ ਚਲਾਉਣ ਵਾਲੇ ਸੁਨੀਲ ਗਹਿਲੋਤ (43) ਅਤੇ ਪੇਸ਼ੇ ਵਜੋਂ ਵਕੀਲ ਨਟਵਰ ਗਹਿਲੋਤ (41) ਨੂੰ 17 ਅਪ੍ਰੈਲ ਨੂੰ ਸਾਹ ਲੈਣ ਵਿਚ ਤਕਲੀਫ਼ ਹੋਈ। ਉਹਨਾਂ ਦਾ ਆਕਸੀਜਨ ਪੱਧਰ ਵੀ 90 ਤੋਂ ਹੇਠਾਂ ਚਲਾ ਗਿਆ। ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਬਿਨਾਂ ਕੋਵਿਡ ਰਿਪੋਰਟ ਦੇ ਕਿਸੇ ਵੀ ਹਸਪਤਾਲ ਨੇ ਉਹਨਾਂ ਨੂੰ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ।
Sunil Gehlot and Natwar Gehlot
ਇਸ ਦੌਰਾਨ ਉਹਨਾਂ ਨੂੰ ਨਵੀਨ ਹਸਪਤਾਲ ਅਲਫ਼ਾ 2 ਵਿਚ ਭਰਤੀ ਕਰਵਾਇਆ ਗਿਆ। ਉਹਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੋਵਾਂ ਦੀ ਸਿਹਤ ਖ਼ਰਾਬ ਹੋਣ ’ਤੇ ਹਸਪਤਾਲ ਮੈਨੇਜਮੈਂਟ ਨੇ ਉਹਨਾਂ ਲਈ ਆਕਸੀਜਨ ਦਾ ਪ੍ਰਬੰਧ ਕਰਨ ਲਈ ਕਿਹਾ। ਪਰਿਵਾਰ ਨੇ ਕਿਸੇ ਤਰ੍ਹਾਂ 10 ਕਿਲੋ ਸਿਲੰਡਰ ਦਾ ਇੰਤਜ਼ਾਮ ਕੀਤਾ ਅਤੇ ਹਸਪਤਾਲ ਨੂੰ ਸੌਂਪ ਦਿੱਤਾ। ਸੋਮਵਾਰ ਰਾਤ ਨੂੰ ਅਚਾਨਕ ਦੋਵਾਂ ਦੀ ਸਿਹਤ ਵਿਗੜ ਗਈ। ਸੁਨੀਲ ਨੇ ਰਾਤ 8 ਵਜੇ ਦਮ ਤੋੜਿਆ ਜਦਕਿ ਨਟਵਰ ਦੀ ਮੌਤ ਸਵੇਰੇ 4 ਵਜੇ ਹੋ ਗਈ।
Oxygen Cylinders
ਦੱਸ ਦਈਏ ਕਿ ਯੂਪੀ ਦੇ ਗਾਜ਼ੀਆਬਾਦ ਅਤੇ ਨੋਇਡਾ ਵਿਚ ਘੱਟੋ ਘੱਟ 12 ਹਸਪਤਾਲਾਂ ਨੇ ਬੁੱਧਵਾਰ ਨੂੰ ਆਕਸੀਜਨ ਦੀ ਕਮੀ ਰਿਪੋਰਟ ਕੀਤੀ ਜਦਕਿ ਨੋਇਡਾ ਸੈਕਟਰ 39 ਦੇ ਸਰਕਾਰੀ ਹਸਪਤਾਲ ਦੀ ਹਾਲਤ ਵੀ ਬੇਹੱਦ ਚਿੰਤਾਜਨਕ ਹੈ। ਇਸੇ ਤਰ੍ਹਾਂ ਹੋਰ ਕਈ ਹਸਪਤਾਲਾਂ ਵਿਚ ਆਕਜੀਸਨ ਦੀ ਭਾਰੀ ਕਮੀ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ।