
ਇਹ ਖੁਲਾਸਾ ਵਿਦੇਸ਼ ਮੰਤਰਾਲੇ ਵਲੋਂ ਜਾਰੀ ਤਾਜ਼ਾ ਅੰਕੜਿਆਂ ਵਿਚ ਹੋਇਆ ਹੈ।
ਨਵੀਂ ਦਿੱਲੀ: ਪਿਛਲੇ ਅੱਠ ਸਾਲਾਂ ਵਿਚ ਨੌਕਰੀਆਂ ਲਈ ਵਿਦੇਸ਼ ਗਏ 4,000 ਤੋਂ ਵੱਧ ਲੋਕਾਂ ਨੇ ਖੁਦਕੁਸ਼ੀ ਕੀਤੀ ਹੈ। ਇਹ ਖੁਲਾਸਾ ਵਿਦੇਸ਼ ਮੰਤਰਾਲੇ ਵਲੋਂ ਜਾਰੀ ਤਾਜ਼ਾ ਅੰਕੜਿਆਂ ਵਿਚ ਹੋਇਆ ਹੈ। ਇਸ ਦੌਰਾਨ ਖਾੜੀ ਦੇਸ਼ਾਂ ਵਿਚ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਹੋਈਆਂ ਹਨ। ਸਾਲ 2014 ਤੋਂ ਹੁਣ ਤੱਕ ਕਰੀਬ 8 ਸਾਲਾਂ ਵਿਚ 4005 ਭਾਰਤੀਆਂ ਨੇ ਵਿਦੇਸ਼ਾਂ ਵਿਚ ਆਤਮਹੱਤਿਆ ਕੀਤੀ ਹੈ।
ਵਿਦੇਸ਼ ਮੰਤਰਾਲੇ ਅਨੁਸਾਰ ਸਭ ਤੋਂ ਜ਼ਿਆਦਾ 1122 ਖੁਦਕੁਸ਼ੀਆਂ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਦਰਜ ਕੀਤੀਆਂ ਗਈਆਂ ਹਨ। ਵਿਦੇਸ਼ ਮੰਤਰਾਲੇ ਦਾ ਮੰਨਣਾ ਹੈ ਕਿ ਜ਼ਿਆਦਾਤਰ ਖੁਦਕੁਸ਼ੀ ਦੀਆਂ ਘਟਨਾਵਾਂ ਨਿੱਜੀ ਨਾਂ ਪਰਿਵਾਰਕ ਕਾਰਨਾਂ ਕਰਕੇ ਹੋਈਆਂ ਹਨ।
ਅੰਕੜਿਆਂ ਅਨੁਸਾਰ ਯੂਏਈ ਵਿਚ 1122, ਸਾਊਦੀ ਅਰਬ ਵਿਚ 1024, ਕੁਵੈਤ ਵਿਚ 425, ਓਮਾਨ ਵਿਚ 351, ਬਹਿਰੀਨ ਵਿਚ 180 ਅਤੇ ਕਤਰ ਵਿਚ 165 ਭਾਰਤੀਆਂ ਵੱਲੋਂ ਖ਼ੁਦਕੁਸ਼ੀਆਂ ਕੀਤੀਆਂ ਗਈਆਂ ਹਨ। ਖਾੜੀ ਦੇਸ਼ਾਂ ਨੂੰ ਛੱਡ ਕੇ ਮਲੇਸ਼ੀਆ 'ਚ 254, ਇਟਲੀ 'ਚ 65, ਆਸਟ੍ਰੇਲੀਆ 'ਚ 33, ਕੈਨੇਡਾ 'ਚ 30 ਅਤੇ ਅਮਰੀਕਾ 'ਚ 19 ਭਾਰਤੀਆਂ ਨੇ ਖੁਦਕੁਸ਼ੀ ਕੀਤੀ ਹੈ।
ਮਾਹਿਰਾਂ ਮੁਤਾਬਕ ਖਾੜੀ ਦੇਸ਼ਾਂ 'ਚ ਦੂਜੇ ਦੇਸ਼ਾਂ ਦੇ ਮੁਕਾਬਲੇ ਸਖ਼ਤ ਨਿਯਮਾਂ ਕਾਰਨ ਕਾਮੇ ਜ਼ਿਆਦਾ ਦਬਾਅ 'ਚ ਹਨ, ਇਸ ਲਈ ਇਹ ਖੁਦਕੁਸ਼ੀ ਦਾ ਕਾਰਨ ਵੀ ਹੋ ਸਕਦਾ ਹੈ। ਹਾਲਾਂਕਿ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਵਿਦੇਸ਼ਾਂ 'ਚ ਕੰਮ ਕਰਨ ਵਾਲੇ ਭਾਰਤੀ ਕਾਮਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਉਹਨਾ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਂਦਾ ਹੈ।