
ਇਸ ਸਾਲ ਇਕ ਵਿਸ਼ੇ ਦੇ ਦੋਵੇਂ ਇਮਤਿਹਾਨ ਇਕੋ ਸ਼ਿਫਟ ਵਿਚ ਹੋਣਗੇ, ਅਪਣਾਈ ਜਾਵੇਗੀ OMR ਪ੍ਰਣਾਲੀ
ਨਵੀਂ ਦਿੱਲੀ: ਸੰਯੁਕਤ ਯੂਨੀਵਰਸਿਟੀ ਦਾਖਲਾ ਪ੍ਰੀਖਿਆ-ਅੰਡਰਗ੍ਰੈਜੂਏਟ (CUET-UG) ਅਤੇ ਰਾਸ਼ਟਰੀ ਯੋਗਤਾ ਪ੍ਰੀਖਿਆ (NEET) 'ਚ ਅੰਕਾਂ ਦਾ ਨਾਰਮੇਲਾਈਜੇਸ਼ਨ ਬਣਾਉਣਾ ਇਸ ਸਾਲ ਤੋਂ ਖਤਮ ਕਰ ਦਿਤਾ ਜਾਵੇਗਾ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ, ‘‘ਇਸ ਸਾਲ ਅੰਕਾਂ ਨੂੰ ਨਾਰਮੇਲਾਈਜੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਇਕ ਵਿਸ਼ੇ ਦੇ ਦੋਵੇਂ ਇਮਤਿਹਾਨ ਇਕੋ ਸ਼ਿਫਟ ਵਿਚ ਹੋਣਗੇ।’’ ਨਾਰਮੇਲਾਈਜੇਸ਼ਨ ਇਕ ਵਿਦਿਆਰਥੀ ਦੇ ਅੰਕਾਂ ਨੂੰ ਇਸ ਤਰੀਕੇ ਨਾਲ ਸੋਧਣ ਦੀ ਪ੍ਰਕਿਰਿਆ ਹੈ ਕਿ ਇਹ ਦੂਜੇ ਦੇ ਅੰਕਾਂ ਨਾਲ ਤੁਲਨਾਯੋਗ ਬਣ ਜਾਂਦੀ ਹੈ। ਇਹ ਉਦੋਂ ਜ਼ਰੂਰੀ ਹੋ ਜਾਂਦਾ ਹੈ ਜਦੋਂ ਇੱਕੋ ਵਿਸ਼ੇ ਦਾ ਇਮਤਿਹਾਨ ਕਈ ਸੈਸ਼ਨਾਂ ਵਿੱਚ ਲਿਆ ਜਾਂਦਾ ਹੈ, ਹਰ ਸੈਸ਼ਨ ਵਿੱਚ ਵੱਖੋ-ਵੱਖਰੇ ਪ੍ਰਸ਼ਨ ਪੱਤਰ ਹੁੰਦੇ ਹਨ।
ਵਿਦਿਆਰਥੀ ਅੰਕਾਂ ਦੇ ਨਾਰਮੇਲਾਈਜੇਸ਼ਨ ਹੋਣ ਬਾਰੇ ਚਿੰਤਾ ਜ਼ਾਹਰ ਕਰ ਰਹੇ ਸਨ ਜਿਸ ਦਾ ਇਮਤਿਹਾਨਾਂ ’ਚ ਉਨ੍ਹਾਂ ਦੇ ਪ੍ਰਦਰਸ਼ਨ 'ਤੇ "ਅਣਉਚਿਤ" ਪ੍ਰਭਾਵ ਪੈ ਰਿਹਾ ਸੀ। ਕੁਮਾਰ ਨੇ ਕਿਹਾ, "ਪਹਿਲਾਂ, ਸਾਨੂੰ ਇੱਕੋ ਵਿਸ਼ੇ ਲਈ ਦੋ ਜਾਂ ਤਿੰਨ ਦਿਨਾਂ ਵਿੱਚ ਇਮਤਿਹਾਨ ਕਰਵਾਉਣੇ ਪੈਂਦੇ ਸਨ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਪਹਿਲੀ ਪਸੰਦ ਦਾ ਕੇਂਦਰ ਪ੍ਰਦਾਨ ਕੀਤਾ ਜਾ ਸਕੇ। ਪਰ ਇਸ ਸਾਲ, OMR ਪ੍ਰਣਾਲੀ ਨੂੰ ਅਪਣਾਉਣ ਨਾਲ, ਵੱਡੀ ਗਿਣਤੀ ’ਚ ਸਕੂਲ ਅਤੇ ਕਾਲਜ ਕੇਂਦਰਾਂ ਵਜੋਂ ਉਪਲਬਧ ਹੋਣਗੇ, ਜੋ ਸਾਨੂੰ ਇੱਕੋ ਦਿਨ ਦੇਸ਼ ਭਰ ਵਿੱਚ ਇਮਤਿਹਾਨ ਕਰਵਾਉਣ ਦੇ ਯੋਗ ਬਣਾਉਣਗੇ।'' ਉਨ੍ਹਾਂ ਕਿਹਾ, ‘‘ਜੇ ਇੱਕੋ ਵਿਸ਼ੇ ਦੇ ਇਮਤਿਹਾਨ ਕਈ ਦਿਨਾਂ ’ਚ ਲਏ ਜਾਂਦੇ ਹਨ, ਤਾਂ ਨਾਰਮੇਲਾਈਜੇਸ਼ਨ ਕਰਨ ਦੀ ਲੋੜ ਹੁੰਦੀ ਹੈ ਅਤੇ ਇਹ ਇੱਕ ਵਿਗਿਆਨਕ ਤਰੀਕਾ ਹੈ।’’
ਇਸ ਵਾਰ CUET-UG ਦੇ ਇਮਤਿਹਾਨ 15 ਤੋਂ 24 ਮਈ ਤੱਕ ਲਏ ਜਾਣਗੇ। ਕੰਪਿਊਟਰ ਅਧਾਰਤ ਟੈਸਟ (CBT) ਨੂੰ ਅੰਡਰਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਮਹੱਤਵਪੂਰਣ ਇਮਤਿਹਾਨ ਕਰਵਾਉਣ ਦੀ ਪਹਿਲਾਂ ਦੀ ਵਿਵਸਥਾ ਤੋਂ ਬਦਲ ਦਿਤਾ ਗਿਆ ਹੈ ਜਿਸ ’ਚ CUET-UG ਰਵਾਇਤੀ ਤੌਰ 'ਤੇ 15 ਵਿਸ਼ਿਆਂ ਲਈ ਪੇਪਰ ਅਤੇ ਪੈੱਨ ਅਧਾਰਤ ਟੈਸਟ ਹੋਵੇਗਾ ਜਦਕਿ 48 ਵਿਸ਼ਿਆਂ ਲਈ ਆਨਲਾਈਨ ਇਮਤਿਹਾਨ ਲਿਆ ਜਾਵੇਗਾ। ਇਸੇ ਤਰ੍ਹਾਂ CUET-UG ਇਮਤਿਹਾਨ, ਜੋ ਪਹਿਲਾਂ CBT ਪ੍ਰਣਾਲੀ ਤਹਿਤ ਲਿਆ ਜਾਂਦੀ ਸੀ, 16 ਜੂਨ ਨੂੰ ਪੈੱਨ ਅਤੇ ਪੇਪਰ ਅਧਾਰਤ ਟੈਸਟ ਨਾਲ ਲਿਆ ਜਾਵੇਗਾ।