
ਉਪ ਰਾਜਪਾਲ ਦਫ਼ਤਰ ਤੋਂ ਅਪਣਾ ਧਰਨਾ ਚੁਕਣ ਦੇ ਦੋ ਦਿਨ ਬਾਅਦ ਅੱਜ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਬਿਜਲੀ ਤੇ ਪਾਣੀ ਦੀ .....
ਨਵੀਂ ਦਿੱਲੀ : ਉਪ ਰਾਜਪਾਲ ਦਫ਼ਤਰ ਤੋਂ ਅਪਣਾ ਧਰਨਾ ਚੁਕਣ ਦੇ ਦੋ ਦਿਨ ਬਾਅਦ ਅੱਜ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਬਿਜਲੀ ਤੇ ਪਾਣੀ ਦੀ ਪੂਰਤੀ ਦੇ ਹਾਲਾਤ ਦਾ ਜਾਇਜ਼ਾ ਲਿਆ ਤੇ ਅਫ਼ਸਰਾਂ ਨੂੰ ਹਦਾਇਤ ਦਿਤੀ ਕਿ ਰੋਜ਼ ਦਿੱਲੀ ਵਿਚ ਬਿਜਲੀ ਤੇ ਪਾਣੀ ਦੀ ਹਾਲਤ ਬਾਰੇ ਰੀਪੋਰਟ ਦਿਤੀ ਜਾਵੇ। ਉਨ੍ਹਾਂ ਦਿੱਲੀ ਵਿਚ ਕਿਰਾਏਦਾਰਾਂ ਨੂੰ ਬਿਜਲੀ 'ਤੇ ਸਬਸਿਡੀ ਦੇਣ ਵਾਸਤੇ ਨੀਤੀ ਤੇ ਇਸ ਉੱਪਰ ਅਮਲ ਕਰਨ ਵਾਸਤੇ ਵੇਰਵੇ ਵੀ ਮੰਗੇ ਹਨ। ਇਥੇ ਅੱਜ ਦਿੱਲੀ ਸਕੱਤਰੇਤ ਵਿਖੇ ਉਨ੍ਹਾਂ ਦਿੱਲੀ ਜਲ ਬੋਰਡ ਦੇ ਸੀਨੀਅਰ ਅਫ਼ਸਰਾਂ ਨਾਲ ਵੀ ਮੀਟਿੰਗ ਕੀਤੀ ਤੇ ਵੱਖ-ਵੱਖ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ।
ਯਾਦ ਰਹੇ ਮੁਖ ਮੰਤਰੀ ਦਿੱਲੀ ਜਲ ਬੋਰਡ ਦੇ ਚੇਅਰਮੈਨ ਵੀ ਹਨ। ਅੱਜਕਲ ਦਿੱਲੀ ਵਿਚ ਕਈ ਇਲਾਕਿਆਂ ਵਿਚ ਲੋਕ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ। ਅੱਜ ਬਿਜਲੀ ਮੰਤਰੀ ਸਤੇਂਦਰ ਜੈਨ, ਬਿਜਲੀ ਸਕੱਤਰ ਸਣੇ ਹੋਰਨਾਂ ਅਫ਼ਸਰਾਂ ਨਾਲ ਮੀਟਿੰਗ ਕਰਦੇ ਹੋਏ ਕੇਜਰੀਵਾਲ ਨੇ ਗਰਮੀ ਦੇ ਮੌਸਮ ਵਿਚ ਰਾਜਧਾਨੀ ਵਿਚ ਬਿਜਲੀ ਦੀ ਮੰਗ ਤੇ ਪੂਰਤੀ ਤੇ ਬਿਜਲੀ ਦੇ ਕੱਟ ਵੱਜਣ ਦੇ ਹਾਲਾਤ ਦੀ ਪੜਚੋਲ ਕੀਤੀ। ਕੇਜਰੀਵਾਲ ਨੇ ਸੀਨੀਅਰ ਅਫ਼ਸਰਾਂ ਤੇ ਬਿਜਲੀ ਦੀਆਂ ਤਿੰਨ ਕੰਪਨੀਆਂ ਡਿਸਕੋਮ ਨੂੰ ਹਦਾਇਤ ਦਿਤੀ ਕਿ ਰੋਜ਼ਾਨਾ ਬਿਜਲੀ ਦੀ ਅਸਲ ਹਾਲਤ ਬਾਰੇ ਰੀਪੋਰਟ ਪੇਸ਼ ਕੀਤੀ ਜਾਵੇ
ਜਿਸ ਵਿਚ ਬਿਜਲੀ ਦੇ ਕੱਟ ਲਾਉਣ, ਕੱਟ ਵੱਜਣ ਦਾ ਸਮਾਂ, ਕੱਟ ਦੇ ਕਾਰਨ ਅਤੇ ਕੱਟ ਵੱਜਣ ਪਿਛੋਂ ਕੀ ਕਾਰਵਾਈ ਕੀਤੀ ਅਤੇ ਕੱਟਾਂ ਤੋਂ ਕਦੋਂ ਨਿਜਾਤ ਮਿਲੇਗੀ, ਬਾਰੇ ਪੂਰੇ ਵੇਰਵੇ ਦਿਤੇ ਜਾਣ। ਮੁਖ ਮੰਤਰੀ ਨੇ ਜਲ ਬੋਰਡ ਦੇ ਅਹੁਦੇਦਾਰਾਂ ਮੀਤ ਪ੍ਰਧਾਨ ਦਿਨੇਸ਼ ਮੋਹਨੀਆ, ਮੁਖ ਕਾਰਜਕਾਰੀ ਅਫ਼ਸਰ ਏ ਕੇ ਸਿੰਘ ਅਤੇ ਹੋਰ ਅਫਸਰਾਂ ਤੋਂ ਦਿੱਲੀ ਵਿਚ ਪਾਣੀ ਦੀ ਕਮੀ, ਇਸਦੀ ਪੂਰਤੀ ਕਰਨ ਤੇ ਹੋਰ ਸਬੰਧਤ ਪ੍ਰਾਜੈਕਟਾਂ ਬਾਰੇ ਰੋਜ਼ਾਨਾ ਰੀਪੋਰਟ ਦੇਣ ਦੇ ਹੁਕਮ ਦਿਤੇ ਹਨ।