
ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਘਟਨਾ ਦਾ ਵੀਡੀਓ
ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਦੇ ਮਊ ਵਿਚ ਇਕ ਯਾਤਰੀ ਅਤੇ ਰਿਕਸ਼ਾ ਚਾਲਕ ਵਿਚਕਾਰ ਕਿਰਾਏ ਨੂੰ ਲੈ ਕੇ ਨੋਕ ਝੋਕ ਹੋ ਗਈ। ਹੈਰਾਨੀ ਦੀ ਗੱਲ ਇਹ ਕਿ ਯਾਤਰੀ ਨੇ ਮਹਿਜ਼ 10 ਰੁਪਏ ਦੇ ਲਈ ਰਿਕਸ਼ਾ ਚਾਲਕ 'ਤੇ ਪਿਸਤੌਲ ਕੱਢ ਲਈ, ਨੇੜੇ ਖੜ੍ਹੇ ਲੋਕ ਵੀ ਡਰਦੇ ਮਾਰੇ ਬਦਮਾਸ਼ ਨੂੰ ਰੋਕਣ ਦੀ ਬਜਾਏ ਰਿਕਸ਼ਾ ਵਾਲੇ ਨੂੰ ਮੰਨ ਜਾਣ ਲਈ ਕਹਿੰਦੇ ਰਹੇ। ਜਾਣਕਾਰੀ ਮੁਤਾਬਕ ਸਵਾਰੀ ਵਜੋਂ ਸਫਰ ਕਰਨ ਵਾਲੇ ਬਦਮਾਸ਼ ਨੇ ਰਿਕਸ਼ੇ ਵਾਲੇ ਨੂੰ ਬੰਦੂਕ ਦਿਖਾ ਕੇ ਧਮਕਾਉਣਾ ਸ਼ੁਰੂ ਕੀਤਾ ਪਰ ਰਿਕਸ਼ੇ ਵਾਲਾ ਬਿਨ੍ਹਾਂ ਡਰੇ ਉਸ ਦਾ ਸਾਹਮਣਾ ਕਰਦਾ ਰਿਹਾ ਤੇ ਆਪਣੀ ਹੱਕ ਦੀ ਕਮਾਈ ਦੇ 10 ਰੁਪਏ ਮੰਗਦਾ ਰਿਹਾ। ਘੱਟੋ ਘੱਟ ਅੰਧਾ ਘੰਟਾ ਇਹ ਤਮਾਸ਼ਾ ਚਲਦਾ ਰਿਹਾ ਪਰ ਕਿਸੇ ਨੂੰ ਅੱਗੇ ਆ ਕੇ ਇਸ ਬਦਮਾਸ਼ ਨੂੰ ਸਮਝਾਉਣ ਜਾਂ ਰੋਕਣ ਦੀ ਕੋਸ਼ਿਸ਼ ਤਕ ਨਾ ਕੀਤੀ। ਬਦਮਾਸ਼ ਰਿਕਸ਼ੇ ਵਾਲੇ ਨੂੰ ਕੁੱਟਦਾ ਰਿਹਾ ਪਰ ਰਿਕਸ਼ੇ ਵਾਲਾ ਆਪਣੀ ਗੱਲ 'ਤੇ ਅੜਿਆ ਰਿਹਾ। ਜਦੋਂ ਤਕ ਜੀਆਰਪੀ ਪੁਲਿਸ ਮੌਕੇ 'ਤੇ ਪੁੱਜੀ ਉਦੋਂ ਤਕ ਇਹ ਬਦਮਾਸ਼ ਫ਼ਰਾਰ ਹੋ ਚੁੱਕਾ ਸੀ। ਹੁਣ ਪੁਲਿਸ ਵੱਲੋਂ ਮੌਕੇ 'ਤੇ ਬਣਾਏ ਗਏ ਵੀਡੀਓ ਦੁਆਰਾ ਮਾਮਲਾ ਦਰਜ ਕੇ ਦੋਸ਼ੀ ਦੀ ਭਾਲ ਕਰ ਰਹੀ ਹੈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।