
ਤਾਮਿਲਨਾਡੂ ਦੇ ਮਾਡਲ ਨੂੰ ਦੇਸ਼ ਵਿਚ ਲਾਗੂ ਕੀਤਾ ਜਾਵੇਗਾ।
ਨਵੀਂ ਦਿੱਲੀ: ਕੇਂਦਰ ਸਰਕਾਰ ਦੇਸ਼ ਵਿਚ ਵਧਦੇ ਸੜਕ ਹਾਦਸਿਆਂ ਨੂੰ ਰੋਕਣ ਲਈ ਤਾਮਿਲਨਾਡੂ ਮਾਡਲ ਅਪਣਾਵੇਗੀ। ਸੜਕ ਆਵਾਜਾਈ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਰਾਜਸਭਾ ਵਿਚ ਪ੍ਰਸ਼ਨਕਾਲ ਦੌਰਾਨ ਦਸਿਆ ਕਿ ਤਾਮਿਲਨਾਡੂ ਹੀ ਇਕ ਅਜਿਹਾ ਸੂਬਾ ਹੈ ਜਿਸ ਵਿਚ ਸੜਕ ਦੁਰਘਟਨਾਵਾਂ ਵਿਚ ਗਿਰਾਵਟ ਹੋਈ ਹੈ। ਤਾਮਿਲਨਾਡੂ ਦੇ ਮਾਡਲ ਨੂੰ ਦੇਸ਼ ਵਿਚ ਲਾਗੂ ਕੀਤਾ ਜਾਵੇਗਾ।
Tamilnadu
ਗਡਕਰੀ ਨੇ ਦਸਿਆ ਕਿ 2018 ਵਿਚ ਦੇਸ਼ ਵਿਚ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 1.88 ਲੱਖ ਸੀ। ਉਹਨਾਂ ਦਸਿਆ ਕਿ ਰਾਸ਼ਟਰੀ ਹਾਈਵੇਅ ਤੇ ਸੜਕ ਹਾਦਸਿਆਂ ਵਿਚ ਕਮੀ ਜ਼ਰੂਰ ਆਈ ਹੈ ਅਤੇ ਸੜਕ ਦੁਰਘਟਨਾਵਾਂ 'ਤੇ ਨਿਯੰਤਰਣ ਲਈ ਸਰਕਾਰ ਸਖ਼ਤ ਕਦਮ ਚੁੱਕ ਰਹੀ ਹੈ। ਉਹਨਾਂ ਦਸਿਆ ਕਿ ਉੱਤਰ ਪ੍ਰਦੇਸ਼ ਵਿਚ ਪਿਛਲੇ ਸਾਲ ਸੜਕ ਦੁਰਘਟਨਾਵਾਂ ਵਿਚ ਹੋਣ ਵਾਲੀਆਂ ਮੌਤਾਂ ਵਿਚ 17 ਫ਼ੀਸਦੀ ਇਜ਼ਾਫਾ ਹੋਇਆ ਹੈ।
ਸਿਰਫ਼ ਤਾਮਿਲਨਾਡੂ ਹੀ ਅਜਿਹਾ ਸੂਬਾ ਹੈ ਜਿੱਥੇ ਸੜਕ ਦੁਰਘਟਨਾਵਾਂ ਵਿਚ ਕਮੀ ਦੇਖੀ ਗਈ ਹੈ। ਇਸ ਦੇ ਮੱਦੇਨਜ਼ਰ ਸਰਕਾਰ ਪੂਰੇ ਦੇਸ਼ ਵਿਚ ਤਾਮਿਲਨਾਡੂ ਮਾਡਲ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਗਡਕਰੀ ਨੇ ਦਸਿਆ ਕਿ ਦੇਸ਼ ਵਿਚ ਸਾਰੇ ਸੂਬਿਆਂ ਅਤੇ ਕੌਮੀ ਪੱਧਰ ਤੇ ਸਾਰੇ ਹਾਈਵੇਅ ਤੇ ਵਧ ਦੁਰਘਟਨਾਵਾਂ ਵਾਲੇ ਸਥਾਨਾਂ ਦੀ ਪਹਿਚਾਣ ਲਈ ਕਾਰਜ ਯੋਜਨਾ ਬਣਾਈ ਗਈ ਹੈ। ਉਹਨਾਂ ਦਸਿਆ ਕਿ ਪ੍ਰੋਜੈਕਟ ਦੇ ਪ੍ਰਸਤਾਵ ਨੂੰ ਵਿਸ਼ਵ ਬੈਂਕ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ।
ਇਸ ਵਿਚ ਸੱਤ ਹਜ਼ਾਰ ਕਰੋੜ ਰੁਪਏ ਏਸ਼ਿਆਈ ਵਿਕਾਸ ਬੈਂਕ ਅਤੇ ਸੱਤ ਹਜ਼ਾਰ ਕਰੋੜ ਰੁਪਏ ਵਿਸ਼ਵ ਬੈਂਕ ਤੋਂ ਮਿਲਣਗੇ। ਇਸ ਪ੍ਰੋਜੈਕਟ ਤਹਿਤ ਬਲੈਕ ਸਪਾਟ ਦੀ ਪਹਿਚਾਣ ਕਰ ਕੇ ਇਹਨਾਂ ਸਥਾਨਾਂ ਨੂੰ ਸੜਕ ਹਾਦਸਿਆਂ ਦੇ ਖ਼ਤਰਿਆਂ ਤੋਂ ਮੁਕਤ ਕੀਤਾ ਜਾਵੇਗਾ।