
ਪੁਲਿਸ ਨੇ ਦਰਜਨਾਂ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਉਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿਚ ਪੁਲਿਸ ਅਤੇ ਐਸਟੀਐਫ ਦੀ ਸਾਂਝੀ ਛਾਪੇਮਾਰੀ ਦੌਰਾਨ ਇਕ ਭਾਜਪਾ ਨੇਤਾ ਦੀ ਪ੍ਰਿੰਟਿੰਗ ਪ੍ਰੈੱਸ ਵਿਚੋਂ ਐਨਸੀਈਆਰਟੀ ਦੀਆਂ ਨਕਲੀ ਕਿਤਾਬਾਂ ਬਰਾਮਦ ਕੀਤੀਆਂ ਗਈਆਂ ਨੇ, ਜਿਨ੍ਹਾਂ ਦੀ ਕੀਮਤ 35 ਕਰੋੜ ਰੁਪਏ ਦੱਸੀ ਜਾ ਰਹੀ ਹੈ।
Police
ਇਹ ਛਾਪਾ ਐਸਟੀਐਫ ਮੇਰਠ ਯੂਨਿਟ ਦੇ ਡੀਐਸਪੀ ਵੱਲੋਂ ਸਥਾਨਕ ਪੁਲਿਸ ਨਾਲ ਮਿਲ ਕੇ ਪ੍ਰਤਾਪਪੁਰ ਖੇਤਰ ਵਿਚ ਅਛਰੌਂਡਾ-ਕਾਸ਼ੀ ਰੋਡ 'ਤੇ ਬਣੇ ਇਕ ਗੋਦਾਮ ਵਿਚ ਮਾਰਿਆ ਗਿਆ, ਜਿੱਥੋਂ ਇਹ ਕਿਤਾਬਾਂ ਬਰਾਮਦ ਹੋਈਆਂ। ਸਾਰੀਆਂ ਕਿਤਾਬਾਂ 'ਤੇ ਐਨਸੀਈਆਰਟੀ ਦਾ ਨਾਮ ਅਤੇ ਲੋਗੋ ਛਪਿਆ ਹੋਇਆ ਸੀ।
books
ਦਰਅਸਲ ਇਸ ਗੋਰਖਧੰਦੇ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਇਹ ਨਕਲੀ ਕਿਤਾਬਾਂ ਆਰਮੀ ਸਕੂਲ ਵਿਚ ਪਹੁੰਚ ਗਈਆਂ ਅਤੇ ਫ਼ੌਜ ਦੇ ਅਧਿਕਾਰੀਆਂ ਨੇ ਗੁਪਤ ਤਰੀਕੇ ਨਾਲ ਅਪਣੇ ਪੱਧਰ 'ਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ।
police
ਇਸ ਜਾਂਚ ਦੌਰਾਨ ਪਤਾ ਚੱਲਿਆ ਕਿ ਇਹ ਨਕਲੀ ਕਿਤਾਬਾਂ ਮੇਰਠ ਵਿਚ ਛਾਪੀਆਂ ਜਾ ਰਹੀਆਂ ਨੇ। ਇਸ ਮਗਰੋਂ ਆਰਮੀ ਇੰਟੈਲੀਜੈਂਸ ਨੇ ਸਾਰੇ ਮਾਮਲੇ ਦੀ ਜਾਣਕਾਰੀ ਐਸਟੀਐਫ ਨੂੰ ਦਿੱਤੀ, ਜਿਸ ਨੇ ਛਾਪਾ ਮਾਰ ਕੇ ਇਸ ਕਾਲੇ ਧੰਦੇ ਦਾ ਪਰਦਾਫਾਸ਼ ਕੀਤਾ।
ਪੁੱਛਗਿੱਛ ਦੌਰਾਨ ਪ੍ਰਿੰਟਿੰਗ ਪ੍ਰੈੱਸ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਦੱਸਿਆ ਕਿ ਕਿਤਾਬਾਂ ਦੀ ਛਪਾਈ ਦਿੱਲੀ ਰੋਡ 'ਤੇ ਮੋਹਕਮਪੁਰ ਐਨਕਲੇਵ ਵਿਚ ਹੁੰਦੀ ਐ ਪਰ ਪੁਲਿਸ ਦੇ ਉਥੇ ਪੁੱਜਣ ਤੋਂ ਪਹਿਲਾਂ ਹੀ ਪ੍ਰਿੰਟਿੰਗ ਪ੍ਰੈੱਸ ਵਿਚ ਅੱਗ ਲਗਾ ਦਿੱਤੀ ਗਈ ਤਾਂ ਜੋ ਸਬੂਤਾਂ ਨੂੰ ਖ਼ਤਮ ਕੀਤਾ ਜਾ ਸਕੇ।
ਪੁਲਿਸ ਟੀਮ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਅਤੇ ਉਥੋਂ ਵੀ ਵੱਡੀ ਗਿਣਤੀ ਵਿਚ ਕਿਤਾਬਾਂ ਬਰਾਮਦ ਕੀਤੀਆਂ। ਇਹੀ ਨਹੀਂ ਪੁਲਿਸ ਨੇ ਛੇ ਪ੍ਰਿੰਟਿੰਗ ਮਸ਼ੀਨਾਂ ਨੂੰ ਵੀ ਅਪਣੇ ਕਬਜ਼ੇ ਵਿਚ ਲੈ ਲਿਆ।
ਮੇਰਠ ਦੇ ਐਸਐਸਪੀ ਅਜੈ ਸਾਹਨੀ ਨੇ ਦੱਸਿਆ ਕਿ ਐਨਸੀਈਆਰਟੀ ਦੀਆਂ ਇਹ ਡੁਪਲੀਕੇਟ ਕਿਤਾਬਾਂ ਦੀ ਸਪਲਾਈ ਉਤਰ ਪ੍ਰਦੇਸ਼, ਉਤਰਾਖੰਡ, ਦਿੱਲੀ ਸਮੇਤ ਹੋਰ ਆਸਪਾਸ ਦੇ ਰਾਜਾਂ ਵਿਚ ਕੀਤੀ ਜਾ ਰਹੀ ਸੀ।
ਜਾਣਕਾਰੀ ਅਨੁਸਾਰ ਜਿਸ ਸਮੇਂ ਐਸਟੀਐਫ ਨੇ ਛਾਪਾ ਮਾਰਿਆ, ਉਸ ਸਮੇਂ ਵੀ ਪ੍ਰਿੰਟਿੰਗ ਮਸ਼ੀਨਾਂ ਚਾਲੂ ਸਨ ਅਤੇ ਕਿਤਾਬਾਂ ਦੀ ਛਪਾਈ ਅਤੇ ਬੈਂਡਿੰਗ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਪੁਲਿਸ ਨੇ ਪ੍ਰਿੰਟਿੰਗ ਪ੍ਰੈੱਸ ਵਿਚ ਕੰਮ ਕਰ ਰਹੇ ਦਰਜਨਾਂ ਮਜ਼ਦੂਰਾਂ ਨੂੰ ਹਿਰਾਸਤ ਵਿਚ ਲੈ ਲਿਆ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਨੇ।
ਕੁੱਝ ਨੂੰ ਨਾਮ ਪਤਾ ਨੋਟ ਕਰਕੇ ਛੱਡ ਦਿੱਤਾ ਗਿਆ। ਇਹ ਵੀ ਕਿਹਾ ਜਾ ਰਿਹਾ ਕਿ ਜਿਸ ਸਮੇਂ ਇਹ ਛਾਪੇਮਾਰੀ ਹੋਈ, ਉਸ ਸਮੇਂ ਕਥਿਤ ਭਾਜਪਾ ਨੇਤਾ ਅਤੇ ਪ੍ਰਿੰਟਿੰਗ ਪ੍ਰੈੱਸ ਦਾ ਮਾਲਕ ਵੀ ਉਥੇ ਮੌਜੂਦ ਸੀ ਜੋ ਪੁਲਿਸ ਨੂੰ ਦੇਖਦਿਆਂ ਹੀ ਭਾਜਪਾ ਦਾ ਝੰਡਾ ਲੱਗੀ ਕ੍ਰੇਟਾ ਗੱਡੀ ਵਿਚ ਫ਼ਰਾਰ ਹੋ ਗਿਆ। ਪੁਲਿਸ ਵੀ ਭਾਜਪਾ ਦਾ ਝੰਡਾ ਲੱਗੀ ਕਾਰ ਨੂੰ ਰੋਕਣ ਦੀ ਹਿੰਮਤ ਨਹੀਂ ਦਿਖਾ ਸਕੀ। ਹੁਣ ਤੁਹਾਨੂੰ ਦੱਸਦੇ ਆਂ ਕਿ ਕਿਵੇਂ ਚਲਦਾ ਸੀ ਇਹ ਸਾਰਾ ਖੇਡ?
ਐਨਸੀਈਆਰਟੀ ਦੀਆਂ ਸਰਕਾਰੀ ਕਿਤਾਬਾਂ ਫੁੱਟਕਰ ਵਿਕਰੇਤਾਵਾਂ ਨੂੰ 15 ਫ਼ੀਸਦੀ ਕਮਿਸ਼ਨ 'ਤੇ ਮਿਲਦੀਆਂ ਨੇ, ਇਨ੍ਹਾਂ ਦੀ ਛਪਾਈ ਦਿੱਲੀ ਤੋਂ ਇਲਾਵਾ ਕਿਤੇ ਹੋਰ ਨਹੀਂ ਹੁੰਦੀ। ਅਸਲੀ ਕਿਤਾਬਾਂ ਹਾਸਲ ਕਰਨਲਈ ਫੁਟਕਰ ਵਿਕਰੇਤਾਵਾਂ ਨੂੰ ਪੂਰੀ ਰਕਮ ਐਡਵਾਂਸ ਜਮ੍ਹਾਂ ਕਰਵਾਉਣੀ ਪੈਂਦੀ ਹੈ।
ਜਦਕਿ ਡੁਪਲੀਕੇਟ ਕਿਤਾਬਾਂ 'ਤੇ ਇਸ ਤਰ੍ਹਾਂ ਦੀਆਂ ਸ਼ਰਤਾਂ ਨਹੀਂ ਅਤੇ ਉਨ੍ਹਾਂ ਵਿਚ ਕਮਿਸ਼ਨ ਵੀ 30 ਫ਼ੀਸਦੀ ਮਿਲਦਾ ਸੀ। ਇਸ ਲਈ ਇਸ ਗਿਰੋਹ ਦੇ ਨਾਲ ਥੋਕ ਅਤੇ ਫੁਟਕਰ ਕਿਤਾਬ ਵਿਕਰੇਤਾ ਵੀ ਮਿਲੇ ਹੋਏ ਦੱਸੇ ਜਾ ਰਹੇ ਨੇ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।