ਕਿਹਾ, ਜੋ ਮਹਿੰਗਾ ਪਿਆਜ਼ ਨਹੀਂ ਖ਼ਰੀਦ ਸਕਦੇ ਉਹ ਨਾ ਖਾਣ
ਮੁੰਬਈ: ਕੇਂਦਰ ਸਰਕਾਰ ਵਲੋਂ ਪਿਆਜ਼ ’ਤੇ 40 ਫ਼ੀ ਸਦੀ ਨਿਰਯਾਤ ਡਿਊਟੀ ਲਾਉਣ ਵਿਰੁਧ ਕਿਸਾਨਾਂ ਅਤੇ ਵਪਾਰੀਆਂ ਵਲੋਂ ਪ੍ਰਦਰਸ਼ਨ ਕੀਤੇ ਜਾਣ ਵਿਚਕਾਰ ਮਹਾਰਾਸ਼ਟਰ ਦੇ ਮੰਤਰੀ ਦਾਦਾ ਭੂਸੇ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਜੇਕਰ ਲੋਕ ਦੋ-ਚਾਰ ਮਹੀਨੇ ਪਿਆਜ਼ ਨਾ ਜਾਣ ਤਾਂ ਕੁਝ ਵਿਗੜ ਨਹੀਂ ਜਾਵੇਗਾ।
ਕੇਂਦਰ ਸਰਕਾਰ ਨੇ ਪਿਆਜ਼ ਦੀ ਕੀਮਤ ’ਚ ਵਾਧੇ ਦੇ ਸੰਕੇਤ ਵਿਚਕਾਰ ਆ ਰਹੇ ਸੀਜ਼ਨ ਦੇ ਮੱਦੇਨਜ਼ਰ ਉਸ ਦੀ ਘਰੇਲੂ ਉਪਲਬਧਤਾ ਵਧਾਉਣ ਲਈ ਪਿਆਜ਼ ਦੇ ਨਿਰਯਾਤ ’ਤੇ 19 ਅਗੱਸਤ ਨੂੰ 40 ਫ਼ੀ ਸਦੀ ਨਿਰਯਾਤ ਡਿਊਟੀ ਲਾ ਦਿਤੀ।
ਮਹਾਰਾਸ਼ਟਰ ਦੇ ਲੋਕ ਨਿਰਮਾਣ ਮੰਤਰੀ ਭੂਸੇ ਨੇ ਕਿਹਾ, ‘‘ਜਦੋਂ ਤੁਸੀਂ 10 ਲੱਖ ਰੁਪਏ ਤੋਂ ਵੱਧ ਦੀ ਗੱਡੀ ਦਾ ਪ੍ਰਯੋਗ ਕਰਦੇ ਹੋ ਤਾਂ ਪ੍ਰਚੂਨ ਦਰ ਤੋਂ 10 ਤੋਂ 20 ਰੁਪਏ ਉੱਚੀ ਕੀਮਤ ’ਤੇ ਪਿਆਜ਼ ਵੀ ਖ਼ਰੀਦ ਸਕਦੇ ਹੋ। ਜੋ ਲੋਕ ਪਿਆਜ਼ ਨਹੀਂ ਖ਼ਰੀਦ ਸਕਦੇ, ਜੇਕਰ ਉਹ ਦੋ-ਚਾਰ ਮਹੀਨੇ ਪਿਆਜ਼ ਨਹੀਂ ਖਾਣਗੇ ਤਾਂ ਕੁਝ ਵਿਗੜ ਨਹੀਂ ਜਾਵੇਗਾ।’’
ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਵਾਧਾ-ਘਾਟਾ ਜਾਰੀ ਰਹੇਗਾ : ਵਿੱਤ ਮੰਤਰਾਲਾ
ਨਵੀਂ ਦਿੱਲੀ: ਵਿੱਤ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਖਾਣ-ਪੀਣ ਦੇ ਪਦਾਰਥਾਂ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ ਬਣੇ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਸਰਕਾਰ ਦੇ ਅਹਿਤੀਆਤੀ ਕਦਮ ਅਤੇ ਤਾਜ਼ਾ ਫ਼ਸਲਾਂ ਦੀ ਆਮਦ ’ਚ ਕੀਮਤਾਂ ਘੱਟ ਹੋਣਗੀਆਂ। ਹਾਲਾਂਕਿ ਕੌਮਾਂਤਰੀ ਅਨਿਸ਼ਚਿਤਤਾ ਅਤੇ ਘਰੇਲੂ ਰੁਕਾਵਟ ਅਤੇ ਆਉਣ ਵਾਲੇ ਮਹੀਨਿਆਂ ’ਚ ਮਹਿੰਗਾਈ ਦਰ ਦੇ ਦਬਾਅ ਨੂੰ ਵਧਾ ਸਕਦੇ ਹਨ।
ਮੰਤਰਾਲੇ ਨੇ ਜੁਲਾਈ ਲਈ ਅਪਣੀ ਮਹੀਨਾਵਾਰ ਆਰਥਕ ਸਮੀਖਿਆ ’ਚ ਕਿਹਾ ਕਿ ਅੱਗੇ ਘਰੇਲੂ ਖਪਤ ਅਤੇ ਨਿਵੇਸ਼ ਦੀ ਮੰਗ ਨਾਲ ਵਾਧਾ ਜਾਰੀ ਰਹਿਣ ਦੀ ਉਮੀਦ ਹੈ। ਚਾਲੂ ਵਿੱਤ ਵਰ੍ਹੇ ’ਚ ਸਰਕਾਰ ਵਲੋਂ ਪੂੰਜੀਗਤ ਖ਼ਰਚ ਲਈ ਵਧਾਏ ਪ੍ਰਬੰਧ ਤੋਂ ਹੁਣ ਨਿਜੀ ਨਿਵੇਸ਼ ’ਚ ਵਾਧਾ ਹੋ ਰਿਹਾ ਹੈ।
ਖਪਤਕਾਰ ਮੁੱਲ ਸੂਚਕ ਅੰਕ ਅਧਾਰਤ ਪ੍ਰਚੂਨ ਮਹਿੰਗਾਈ ਦਰ ਜੁਲਾਈ, 2023 ’ਚ 15 ਮਹੀਨੇ ਦੇ ਸਭ ਤੋਂ ਉਪਰਲੇ ਪੱਧਰ 7.44 ਫ਼ੀ ਸਦੀ ’ਤੇ ਪਹੁੰਚ ਗਈ। ਹਾਲਾਂਕਿ, ਮੁੱਖ ਮਹਿੰਗਾਈ ਦਰ 39 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 4.9 ਫ਼ੀ ਸਦੀ ’ਤੇ ਰਹੀ।
ਮੰਤਰਾਲੇ ਨੇ ਕਿਹਾ ਕਿ ਅਨਾਜ, ਦਾਲਾਂ ਅਤੇ ਸਬਜ਼ੀਆਂ ਦੀ ਕੀਮਤ ’ਚ ਜੁਲਾਈ ’ਚ ਪਿਛਲੇ ਸਾਲ ਦੇ ਇਸੇ ਸਮੇਂ ਮੁਕਾਬਲੇ ਦੋਹਰੇ ਅੰਕ ਦਾ ਵਾਧਾ ਵੇਖਿਆ ਗਿਆ। ਘਰੇਲੂ ਉਤਪਾਦਨ ’ਚ ਰੇੜਕਾ ਪੈਣ ਨਾਲ ਵੀ ਮਹਿੰਗਾਈ ’ਤੇ ਦਬਾਅ ਵਧਿਆ।
ਮਹੀਨਾਵਾਰ ਆਰਥਕ ਸਮੀਖਿਆ ਅਨੁਸਾਰ, ‘‘ਸਰਕਾਰ ਨੇ ਭੋਜਨ ਮਹਿੰਗਾਈ ਦਰ ਨੂੰ ਕਾਬੂ ਕਰਨ ਲਈ ਪਹਿਲਾਂ ਤੋਂ ਹੀ ਅਹਿਤੀਆਤੀ ਕਦਮ ਚੁੱਕੇ ਹਨ, ਜਿਸ ਨਾਲ ਤਾਜ਼ਾ ਭੰਡਾਰ ਦੀ ਆਮਦ ਨਾਲ ਬਾਜ਼ਾਰ ’ਚ ਕੀਮਤਾਂ ਦਾ ਦਬਾਅ ਛੇਤੀ ਹੀ ਘੱਟ ਹੋਣ ਦੀ ਉਮੀਦ ਹੈ, ਭੋਜਨ ਪਦਾਰਥਾਂ ’ਚ ਕੀਮਤਾਂ ’ਚ ਉਤਰਾਅ-ਚੜ੍ਹਾਅ ਬਣਾ ਰਹਿਣ ਦੀ ਉਮੀਦ ਹੈ।’’
ਮੰਤਰਾਲੇ ਨੇ ਕਿਹਾ ਕਿ ਟਮਾਟਰ, ਹਰੀ ਮਿਰਚ, ਅਦਰਕ ਅਤੇ ਲੱਸਣ ਵਰਗੀਆਂ ਵਸਤਾਂ ਦੀਆਂ ਕੀਮਤਾਂ 50 ਫ਼ੀ ਸਦੀ ਤੋਂ ਜ਼ਿਆਦਾ ਵਧੀਆਂ। ਇਸ ਲਈ ਕੁਝ ਵਿਸ਼ੇਸ਼ ਵਸਤਾਂ ਦੀਆਂ ਕੀਮਤਾਂ ’ਚ ਅਸਾਵੇਂ ਵਾਧੇ ਕਾਰਨ ਜੁਲਾਈ 2023 ’ਚ ਭੋਜਨ ਮਹਿੰਗਾਈ ਦਰ ਵੱਧ ਰਹੀ।