
ਮੱਕੀ, ਬਾਜਰੇ ਆਦਿ ਦੀਆਂ ਬਦਲਵੀਆਂ ਫ਼ਸਲਾਂ ਲਈ ਹੱਲਾਸ਼ੇਰੀ ਦਿਤੀ ਜਾਵੇ : ਭਗਵੰਤ ਮਾਨ
ਨਵੀਂ ਦਿੱਲੀ : ਲੋਕ ਸਭਾ ਵਿਚ Îਨਿਯਮ 193 ਤਹਿਤ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਹਵਾ ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ ਦੇ ਸਬੰਧ ਵਿਚ ਸ਼ੁਰੂ ਕੀਤੀ ਗਈ ਚਰਚਾ ਨੂੰ ਅੱਗੇ ਵਧਾਇਆ। ਚਰਚਾ ਵਿਚ ਹਿੱਸਾ ਲੈਂਦਿਆਂ ਭਾਜਪਾ ਦੇ ਸਤਿਆਪਾਲ ਸਿੰਘ ਨੇ ਕਿਹਾ ਕਿ ਕੁਦਰਤ ਨੂੰ ਬਚਾਉਣ ਲਈ ਸਾਡੀਆਂ ਰਵਾਇਤਾਂ ਵਿਚ ਕਈ ਗੱਲਾਂ ਹਨ ਜਿਨ੍ਹਾਂ ਵਿਚ ਹਵਾ ਨੂੰ ਸ਼ੁੱਧ ਕਰਨ ਲਈ ਯੱਗ ਵੀ ਵਰ੍ਹਿਆਂ ਤੋਂ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਰੱਖ਼ਤ ਲਾਉਣ 'ਤੇ ਜ਼ੋਰ ਦਿਤਾ ਜਾਂਦਾ ਹੈ, ਉਸੇ ਤਰ੍ਹਾਂ ਸਰਕਾਰ ਨੂੰ ਹਵਾ ਪ੍ਰਦੂਸ਼ਣ ਘਟਾਉਣ ਲਈ ਯੱਗ ਦੀ ਰਵਾਇਤ 'ਤੇ ਵੀ ਜ਼ੋਰ ਦੇਣਾ ਚਾਹੀਦਾ ਹੈ।
Pollution
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਉਜਵਲਾ ਯੋਜਨਾ ਤਹਿਤ ਅੱਠ ਕਰੋੜ ਘਰਾਂ ਨੂੰ ਐਲਪੀਜੀ ਕੁਨੈਕਸ਼ਨ ਦਿਤੇ ਗਏ ਚਹਨ ਜਿਨ੍ਹਾਂ ਕਾਰਨ ਹਵਾ ਪ੍ਰਦੂਸ਼ਣ ਕਾਫ਼ੀ ਘਟਿਆ ਹੈ। ਭਾਜਪਾ ਦੇ ਸੰਜੇ ਜਾਯਸਵਾਲ ਨੇ ਕਿਹਾ ਕਿ ਜਦ ਤਕ ਪੱਕਾ ਹੱਲ ਨਹੀਂ ਨਿਕਲਦਾ ਤਦ ਤਕ ਕਲਾਊਡ ਸੀਡਿੰਗ ਕਰਾਉਣ ਦੀ ਦਿਸ਼ਾ ਵਿਚ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਲੰਦਨ ਸ਼ਹਿਰ ਦੀ ਮਿਸਾਲ ਦਿਤੀ ਜਿਥੇ 1952 ਵਿਚ ਪ੍ਰਦੂਸ਼ਣ ਸਿਖਰ 'ਤੇ ਸੀ ਪਰ ਅੱਜ ਸ਼ਹਿਰ ਦੀ ਹਵਾ ਪੂਰੀ ਤਰ੍ਹਾਂ ਸਾਫ਼ ਹੈ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਕਿਹਾ ਕਿ ਜੇ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਵਧਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਧਾਨ ਦੀ ਬਜਾਏ ਮੱਕੀ, ਬਾਜਰਾ ਆਦਿ ਦੀਆਂ ਬਦਲਵੀਆਂ ਫ਼ਸਲਾਂ ਪੈਦਾ ਕਰਨ ਲਈ ਉਤਸ਼ਾਹਤ ਕਿਉਂ ਨਹੀਂਂ ਕੀਤਾ ਜਾਂਦਾ?
Bhagwant Maan
ਕੀ ਤੁਸੀਂ ਸਾਨੂੰ ਬਕਰੀਆਂ ਸਮਝਿਆ ਹੋਇਐ? : ਬਾਜਵਾ
ਨਵੀਂ ਦਿੱਲੀ: ਰਾਜ ਸਭਾ ਵਿਚ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਦੋ ਕੇਂਦਰੀ ਮੰਤਰੀਆਂ ਦੀਆਂ ਟਿਪਣੀਆਂ ਕਾਰਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਉਹ ਪ੍ਰਦੂਸ਼ਣ ਤੋਂ ਬਚਣ ਲਈ 'ਗਾਜਰ ਖਾਣ ਅਤੇ ਸੰਗੀਤ ਸੁਣਨ' ਜਿਹੀਆਂ ਦਿਲਚਸਪ ਸਲਾਹਾਂ ਦੇ ਰਹੇ ਹਨ। ਬਾਜਵਾ ਨੇ ਪ੍ਰਦੂਸ਼ਣ ਬਾਰੇ ਹੋ ਰਹੀ ਚਰਚਾ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਹਾਲ ਹੀ ਵਿਚ ਕੇਂਦਰੀ ਮੰਤਰੀ ਹਰਸ਼ਵਰਧਨ ਨੇ ਟਵਿਟਰ 'ਤੇ ਲਿਖਿਆ ਸੀ ਕਿ ਪ੍ਰਦੂਸ਼ਣ ਦੇ ਨੁਕਸਾਨ ਤੋਂ ਬਚਣ ਲਈ ਗਾਜਰ ਖਾਣੀ ਚਾਹੀਦੀ ਹੈ।
Pratap Singh Bajwa
ਉਨ੍ਹਾਂ ਵਾਤਾਰਵਣ ਮੰਤਰੀ ਪ੍ਰਕਾਸ਼ ਜਾਵੜੇਕਰ ਦੀ ਵੀ ਟਿਪਣੀ ਦਾ ਜ਼ਿਕਰ ਕੀਤਾ ਜਿਨ੍ਹਾਂ ਕਿਹਾ ਕਿ ਦਿਨ ਦੀ ਸ਼ੁਰੂਆਤ ਸੰਗੀਤ ਨਾਲ ਕਰਨੀ ਚਾਹੀਦੀ ਹੈ। ਬਾਜਵਾ ਨੇ ਕਿਹਾ ਕਿ ਪ੍ਰਦੂਸ਼ਣ ਤੋਂ ਬਚਣ ਲਈ ਸਾਨੂੰ ਗਾਜਰ ਖਾਣ ਅਤੇ ਸੰਗੀਤ ਸੁਣਨ ਦੀ ਸਲਾਹ ਦਿਤੀ ਜਾ ਰਹੀ ਹੈ। ਉਨ੍ਹਾਂ ਕਿਹਾ, 'ਕੀ ਸਾਨੂੰ ਬਕਰੀਆਂ ਸਮਝਿਆ ਹੋਇਆ ਹੈ ਜੋ ਗਾਜਰ ਖਾਣ ਲਈ ਕਹਿ ਰਹੇ ਹਨ।' ਇਸ 'ਤੇ ਕਾਂਗਰਸ ਸਮੇਤ ਕਈ ਪਾਰਟੀਆਂ ਦੇ ਮੈਂਬਰ ਹਸਦੇ ਵੇਖੇ ਗਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।