
ਵਿਸ਼ੇਸ਼ ਜੱਜ ਵਿਕਾਸ ਢਾਲ ਦੀ ਅਦਾਲਤ ਨੇ ਸਤੇਂਦਰ ਜੈਨ ਦੀ ਕਾਨੂੰਨੀ ਟੀਮ ਵੱਲੋਂ ਦਾਇਰ ਮਾਣਹਾਨੀ ਪਟੀਸ਼ਨ 'ਤੇ ਵੀ ਵਿਸਥਾਰਪੂਰਵਕ ਦਲੀਲਾਂ ਸੁਣੀਆਂ।
ਨਵੀਂ ਦਿੱਲੀ: ਰਾਊਜ਼ ਐਵੇਨਿਊ ਦੀ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ ‘ਆਪ’ ਆਗੂ ਸਤੇਂਦਰ ਜੈਨ ਦੀ ਉਸ ਪਟੀਸ਼ਨ 'ਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਹੈ, ਜਿਸ 'ਚ ਉਹਨਾਂ ਨੂੰ ਧਾਰਮਿਕ ਵਿਸ਼ਵਾਸਾਂ ਅਨੁਸਾਰ ਭੋਜਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ਵਿਚ ਸਤੇਂਦਰ ਜੈਨ ਦੀ ਮੈਡੀਕਲ ਜਾਂਚ ਦੇ ਨਿਰਦੇਸ਼ ਦੇਣ ਦੀ ਮੰਗ ਵੀ ਕੀਤੀ ਗਈ ਸੀ। ਸਪੈਸ਼ਲ ਜੱਜ ਵਿਕਾਸ ਢਾਲ ਨੇ ਬੁੱਧਵਾਰ ਨੂੰ ਮਾਮਲੇ ਨੂੰ ਸੂਚੀਬੱਧ ਕੀਤਾ ਅਤੇ ਤਿਹਾੜ ਜੇਲ੍ਹ ਅਧਿਕਾਰੀਆਂ ਤੋਂ ਸਤੇਂਦਰ ਜੈਨ ਦੇ ਭੋਜਨ ਅਤੇ ਸਿਹਤ ਦੀ ਸਥਿਤੀ ਬਾਰੇ ਜਾਣਕਾਰੀ ਮੰਗੀ।
ਵਿਸ਼ੇਸ਼ ਜੱਜ ਵਿਕਾਸ ਢਾਲ ਦੀ ਅਦਾਲਤ ਨੇ ਸਤੇਂਦਰ ਜੈਨ ਦੀ ਕਾਨੂੰਨੀ ਟੀਮ ਵੱਲੋਂ ਦਾਇਰ ਮਾਣਹਾਨੀ ਪਟੀਸ਼ਨ 'ਤੇ ਵੀ ਵਿਸਥਾਰਪੂਰਵਕ ਦਲੀਲਾਂ ਸੁਣੀਆਂ। ਇਸ ਪਟੀਸ਼ਨ ਵਿਚ ਈਡੀ ਉੱਤੇ ਸਤੇਂਦਰ ਜੈਨ ਦੀ ਸੀਸੀਟੀਵੀ ਫੁਟੇਜ ਲੀਕ ਕਰਨ ਦਾ ਦੋਸ਼ ਲਾਇਆ ਗਿਆ ਹੈ। ਸਤੇਂਦਰ ਜੈਨ ਦੇ ਵਕੀਲ ਨੇ ਕਿਹਾ ਕਿ ਈਡੀ ਨੇ ਤਿਹਾੜ ਜੇਲ੍ਹ ਅੰਦਰੋਂ ਵੀਡੀਓ ਵਾਲੀ ਪੈਨ ਡਰਾਈਵ ਦੀ ਕੋਈ ਵੀ ਸਮੱਗਰੀ ਲੀਕ ਨਾ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਨੇ ਵਾਅਦਾ ਤੋੜ ਦਿੱਤਾ। ਅਦਾਲਤ ਨੇ ਮਾਮਲੇ ਦੀ ਸੁਣਵਾਈ 28 ਨਵੰਬਰ 2022 ਤੱਕ ਮੁਲਤਵੀ ਕਰ ਦਿੱਤੀ ਹੈ।
ਜੈਨ ਦੇ ਵਕੀਲ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਨੇ ਜੈਨ ਨੂੰ ਉਹਨਾਂ ਦੇ ਧਾਰਮਿਕ ਵਿਸ਼ਵਾਸਾਂ ਅਨੁਸਾਰ ਖਾਣ-ਪੀਣ ਵਾਲੀਆਂ ਚੀਜ਼ਾਂ ਮੁਹੱਈਆ ਕਰਵਾਉਣੀਆਂ ਬੰਦ ਕਰ ਦਿੱਤੀਆਂ ਹਨ, ਜਿਨ੍ਹਾਂ 'ਚ ਫਲ, ਸਬਜ਼ੀਆਂ, ਮਿਸ਼ਰਤ ਬੀਜ, ਸੁੱਕਾ ਮੇਵਾ ਅਤੇ ਖਜੂਰ ਸ਼ਾਮਲ ਹਨ। ਅਦਾਲਤ ਦੇ ਸਾਹਮਣੇ ਇਹ ਵੀ ਕਿਹਾ ਗਿਆ ਸੀ ਕਿ ਸਤੇਂਦਰ ਜੈਨ ਪਿਛਲੇ 6 ਮਹੀਨਿਆਂ ਤੋਂ ਧਾਰਮਿਕ ਵਰਤ 'ਤੇ ਹਨ, ਇਸ ਲਈ ਉਹਨਾਂ ਦੇ ਪੋਸ਼ਣ ਅਤੇ ਬਚਾਅ ਲਈ ਅਜਿਹੇ ਬੁਨਿਆਦੀ ਭੋਜਨ ਪਦਾਰਥਾਂ ਦੀ ਖੁਰਾਕ ਬਹੁਤ ਜ਼ਰੂਰੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਕਤ ਧਾਰਮਿਕ ਵਰਤ ਰੱਖਣ ਨਾਲ ਪ੍ਰੋਟੀਨ ਅਤੇ ਆਇਰਨ ਦੀ ਕਮੀ ਦਾ ਗੰਭੀਰ ਖਤਰਾ ਹੈ।
ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਤੇਂਦਰ ਜੈਨ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਈਡੀ ਨੇ ਇਸ ਮਾਮਲੇ ਵਿਚ ਸੀਬੀਆਈ ਦੀ ਪੁਰਾਣੀ ਐਫਆਈਆਰ ਨੂੰ ਆਧਾਰ ਬਣਾਇਆ ਸੀ। ਜੈਨ 'ਤੇ ਕਥਿਤ ਤੌਰ 'ਤੇ ਉਸ ਨਾਲ ਜੁੜੀਆਂ ਚਾਰ ਕੰਪਨੀਆਂ ਰਾਹੀਂ ਮਨੀ ਲਾਂਡਰਿੰਗ ਦੇ ਦੋਸ਼ ਹਨ।