
ਸੁਪਰੀਮ ਕੋਰਟ ਨੇ ਰਸਤਾ ਖੁਲ੍ਹਵਾਉਣ ਦੇ ਮਕਸਦ ਨਾਲ ਭੇਜੇ ਸਨ ਗੱਲਬਾਤਕਾਰ
ਨਵੀਂ ਦਿੱਲੀ : ਦਿੱਲੀ ਸਥਿਤ ਸ਼ਾਹੀਨ ਬਾਗ਼ ਵਿਖੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਪਿਛਲੇ ਦੋ ਮਹੀਨਿਆਂ ਤੋਂ ਧਰਨਾ ਪ੍ਰਦਰਸ਼ਨ ਜਾਰੀ ਹਨ। ਮਾਮਲਾ ਸੁਪਰੀਮ ਕੋਰਟ ਵਿਚ ਪਹੁੰਚਣ ਤੋਂ ਬਾਅਦ ਅਦਾਲਤ ਨੇ ਧਰਨਾਕਾਰੀਆਂ ਨੂੰ ਰਸਤਾ ਖੋਲ੍ਹਣ ਲਈ ਮਨਾਉਣ ਖ਼ਾਤਰ ਦੋ ਸ਼ਾਂਤੀ ਦੂਤ ਭੇਜੇ ਸਨ। ਇਨ੍ਹਾਂ ਵਿਚੋਂ ਗੱਲਬਾਤਕਾਰ ਵਜਾਹਤ ਹਬੀਬਉੱਲਾ ਨੇ ਧਰਨਾਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦਾਇਰ ਕਰ ਦਿਤਾ ਹੈ।
Photo
ਹਲਫ਼ਨਾਮੇ 'ਚ ਗੱਲਬਾਤਕਾਰ ਨੇ ਲਿਖਿਆ ਹੈ ਕਿ ਇਹ ਧਰਨਾ ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਿਹਾ ਹੈ। ਜਦਕਿ ਪੁਲਿਸ ਨੇ ਇਸ ਸੜਕ 'ਤੇ ਪੰਜ ਥਾਵਾਂ 'ਤੇ ਰੋਕਾਂ ਲਗਾ ਰੱਖੀਆਂ ਹਨ। ਪੁਲਿਸ ਰੋਕਾਂ ਹਟਾਉਣ ਤੋਂ ਬਾਅਦ ਇਸ ਰਸਤੇ 'ਤੇ ਆਵਾਜਾਈ 'ਚ ਕੋਈ ਵਿਘਨ ਨਹੀਂ ਪਵੇਗਾ। ਹਲਫ਼ਨਾਮੇ 'ਚ ਕਿਹਾ ਗਿਆ ਹੈ ਕਿ ਪੁਲਿਸ ਨੇ ਬੇਵਜ੍ਹਾ ਰਸਤੇ ਨੂੰ ਬੰਦ ਕੀਤਾ ਹੈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।
Photo
ਕਾਬਲੇਗੌਰ ਹੈ ਕਿ ਸੁਪਰੀਮ ਕੋਰਟ ਨੇ ਵਜਾਹਤ ਹਬੀਬਉੱਲਾ ਨੂੰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰ ਕੇ ਰਸਤਾ ਖੁਲ੍ਹਵਾਉਣ ਲਈ ਕਿਹਾ ਸੀ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੀ ਵਜਾਹਤ ਹਬੀਬੀਉੱਲਾ ਧਰਨੇ ਵਾਲੀ ਥਾਂ 'ਤੇ ਗਏ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦਿਤਾ ਹੈ।
Photo
ਸੁਪਰੀਮ ਕੋਰਟ ਵਿਚ ਦਿਤੇ ਗਏ ਹਲਫ਼ਨਾਮੇ 'ਚ ਵਜਾਹਤ ਹਬੀਬਉੱਲਾ ਨੇ ਲਿਖਿਆ ਹੈ ਕਿ ਪੁਲਿਸ ਨੇ ਬੇਵਜ੍ਹਾ ਹੀ ਰਸਤਿਆਂ ਨੂੰ ਬੰਦ ਕੀਤਾ ਹੋਇਆ ਹੈ। ਪੁਲਿਸ ਦੀਆਂ ਇਨ੍ਹਾਂ ਰੋਕਾਂ ਕਾਰਨ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਸਕੂਲ ਬੱਸਾਂ ਅਤੇ ਐਂਬੂਲੈਂਸਾਂ ਨੂੰ ਇਥੋਂ ਲੰਘਣ ਦੀ ਇਜ਼ਾਜਤ ਹੈ, ਪਰ ਇਹ ਇਜ਼ਾਜਤ ਵੀ ਪੁਲਿਸ ਦੀ ਭਾਰੀ ਚੈਕਿੰਗ ਤੋਂ ਬਾਅਦ ਹੀ ਦਿਤੀ ਜਾਂਦੀ ਹੈ।
Photo
ਇਸੇ ਦੌਰਾਨ ਸੁਪਰੀਮ ਕੋਰਟ ਵਲੋਂ ਭੇਜੇ ਗਏ ਗੱਲਬਾਤਕਾਰ ਨਾਲ ਚੌਥੇ ਦਿਨ ਵੀ ਧਰਨਾਕਾਰੀਆਂ ਦੀ ਗੱਲਬਾਤ ਬੇਨਤੀਜਾ ਰਹੀ। ਸਨਿੱਚਰਵਾਰ ਨੂੰ ਸਵੇਰੇ ਵਾਰਤਾਕਾਰ ਰਾਮ ਚੰਦ੍ਰਨ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਸਨ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਰਸਤਾ ਖੋਲ੍ਹਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਸਾਹਮਣੇ ਸੱਤ ਮੰਗਾਂ ਰਖਦਿਆਂ ਕਿਹਾ ਕਿ ਜਦੋਂ ਤਕ ਨਾਗਕਿਰਤਾ ਸੋਧ ਕਾਨੂੰਨ ਨੂੰ ਵਾਪਿਸ ਨਹੀਂ ਲਿਆ ਜਾਂਦਾ, ਉਹ ਰਸਤਾ ਨਹੀਂ ਖੋਲਣਗੇ।
Photo
ਗੱਲਬਾਤਕਾਰ ਸਾਧਨਾ ਰਾਮਚੰਦ੍ਰਨ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਂਦਿਆਂ ਕਿਹਾ ਕਿ ਜੇਕਰ ਉਹ ਰਸਤਾ ਨਾ ਖੋਲ੍ਹਣ 'ਤੇ ਬਜਿੱਦ ਰਹਿੰਦੇ ਹਨ ਤਾਂ ਉਹ ਉਨ੍ਹਾਂ ਦੀ ਮਦਦ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਪ੍ਰਦਰਸ਼ਨ ਖ਼ਤਮ ਕਰਨ ਲਈ ਨਹੀਂ ਕਹਿ ਰਹੇ ਤੇ ਨਾ ਹੀ ਅਸੀਂ ਸਰਕਾਰ ਵਲੋਂ ਆਏ ਹਾਂ। ਅਸੀਂ ਪ੍ਰਦਰਸ਼ਨ ਕੋਰਟ ਨੂੰ ਤੁਹਾਡੀ ਸੁਰੱਖਿਆ ਲਈ ਕਹਾਂਗੇ। ਤੁਹਾਨੂੰ ਇਕ ਪਾਰਕ ਦੇ ਦਿਤਾ ਜਾਵੇਗਾ, ਜਿੱਥੇ ਤੁਸੀਂ ਅਪਣਾ ਪ੍ਰਦਰਸ਼ਨ ਜਾਰੀ ਰੱਖ ਸਕਦੇ ਹੋ।
Photo
ਇਸੇ ਦੌਰਾਨ ਦਿੱਲੀ ਸਾਊਥ ਈਸਟ ਦੇ ਡੀਸੀਪੀ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਸੜਕ ਨੰਬਰ 9 ਨੂੰ ਖੋਲ੍ਹ ਦਿਤਾ ਸੀ ਪਰ ਬਾਅਦ 'ਚ ਇਕ ਹੋਰ ਸਮੂਹ ਨੇ ਸੜਕ ਨੂੰ ਫਿਰ ਬੰਦ ਕਰ ਦਿਤਾ। ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਮੁੜ ਤੋਂ ਰਸਤਾ ਖੋਲ੍ਹ ਦਿਤਾ ਹੈ। ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਸਾਰੇ ਪ੍ਰਦਰਸ਼ਨਕਾਰੀ ਇਸ ਲਈ ਸਹਿਮਤ ਹੋਏ ਹਨ ਜਾਂ ਨਹੀਂ।