
ਹਾਕੀ ਖੇਡ ਦੇ ਧਰੂ ਤਾਰੇ ਵਜੋਂ ਜਾਣੇ ਜਾਂਦੇ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਨੂੰ ਅੱਜ-ਕਲ ਅਪਣੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਦਿਤੇ ਮੈਡਲਾਂ ਨੂੰ ਸਰਕਾਰ ਤੋਂ..
ਚੰਡੀਗੜ੍ਹ, 17 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਹਾਕੀ ਖੇਡ ਦੇ ਧਰੂ ਤਾਰੇ ਵਜੋਂ ਜਾਣੇ ਜਾਂਦੇ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਨੂੰ ਅੱਜ-ਕਲ ਅਪਣੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਦਿਤੇ ਮੈਡਲਾਂ ਨੂੰ ਸਰਕਾਰ ਤੋਂ ਵਾਪਸ ਲੈਣ ਲਈ ਬਹੁਤ ਵੱਡੀ ਜੱਦੋਜਹਿਦ ਅਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਬਲਬੀਰ ਸਿੰਘ 1948, 1952 ਅਤੇ 1956 ਵਿਚ ਭਾਰਤ ਵਲੋਂ ਉਲਪਿੰਕ ਵਿਚ ਹਾਕੀ ਖੇਡੇ ਸਨ ਅਤੇ ਤਿੰਨੇ ਵਾਰੀ ਇਨ੍ਹਾਂ ਦੀ ਟੀਮ ਸੋਨ ਤਮਗ਼ਾ ਜਿੱਤ ਕੇ ਵਾਪਸ ਪਰਤੀ ਸੀ। ਬਲਬੀਰ ਸਿੰਘ ਦਾ 1956 ਦੇ ਫ਼ਾਈਨਲ ਹਾਕੀ ਮੈਚ ਵਿਚ ਪੰਜ ਗੋਲਾਂ ਦਾ ਰੀਕਾਰਡ 62 ਸਾਲਾਂ ਬਾਅਦ ਅਜੇ ਤਕ ਵੀ ਕਾਇਮ ਹੈ ਅਤੇ ਇਹ ਸ਼ਾਇਦ ਕਦੇ ਟੁੱਟੇ ਵੀ ਨਾ। ਸ. ਬਲਬੀਰ ਸਿੰਘ ਨੇ 1956 ਵਿਚ ਭਾਰਤੀ ਹਾਕੀ ਟੀਮ ਮੈਲਬਰਨ ਉਲਪਿੰਕ ਵਿਚ ਕਪਤਾਨੀ ਕੀਤੀ ਸੀ। ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਸ. ਬਲਬੀਰ ਸਿੰਘ ਨੇ ਕਿਹਾ ਕਿ 1985 ਵਿਚ ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ ਇਕ ਖੇਡ ਮਿਊਜ਼ੀਅਮ ਕਾਇਮ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ 'ਚ ਅੰਤਰ-ਰਾਸ਼ਟਰੀ ਪੱਧਰ ਦੇ ਭਾਰਤੀ ਖਿਡਾਰੀਆਂ ਦੀਆਂ ਵਖਰੀਆਂ-ਵਖਰੀਆਂ ਚੀਜ਼ਾਂ ਜਿਨ੍ਹਾਂ ਵਿਚ ਮੈਡਲ, ਕੋਟ ਅਤੇ ਬੂਟ ਆਦਿ ਰੱਖੇ ਜਾਣੇ ਸੀ। ਇਸ ਸਬੰਧੀ ਜਦੋਂ ਅਥਾਰਟੀ ਦੇ ਅਧਿਕਾਰੀਆਂ ਨੇ ਬਲਬੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਅਪਣੇ 36 ਮੈਡਲ ਅਤੇ ਇਕ ਅਪਣਾ ਕੋਟ ਜੋ ਉਨ੍ਹਾਂ 1952 ਦੀ ਉਲਪਿੰਕ ਵਿਚ ਪਹਿਨਿਆ ਸੀ, ਅਥਾਰਟੀ ਦੇ ਅਧਿਕਾਰੀਆਂ ਨੂੰ ਮਿਊਜ਼ੀਅਮ ਵਿਚ ਰੱਖਣ ਲਈ ਦੇ ਦਿਤਾ ਪਰ ਹੁਣ ਉਹ ਕੋਟ ਅਤੇ ਮੈਡਲ ਕਿੱਧਰ ਗਏ, ਇਸ ਦਾ ਪਤਾ ਨਹੀਂ ਚਲ ਰਿਹਾ।
ਪਿਛਲੇ ਕੁੱਝ ਸਾਲਾਂ ਵਿਚ ਸ. ਬਲਬੀਰ ਸਿੰਘ ਇਸ ਸਬੰਧੀ ਕੇਂਦਰੀ ਮੰਤਰੀਆਂ ਅਤੇ ਹੋਰ ਅਧਿਕਾਰੀਆਂ ਨੂੰ ਮਿਲ ਚੁਕੇ ਹਨ, ਪਰ ਅਜੇ ਤਕ ਉਨ੍ਹਾਂ ਦੇ ਮੈਡਲਾਂ ਦਾ ਕੋਈ ਥਹੁ-ਪਤਾ ਨਹੀਂ ਲੱਗਾ। ਇਸ ਵੇਲੇ ਬਲਬੀਰ ਸਿੰਘ ਕੋਲ ਸਿਰਫ਼ ਉਹ ਤਿੰਨ ਸੋਨ ਤਮਗ਼ੇ ਹੀ ਬਚੇ ਹਨ ਜੋ ਉਨ੍ਹਾਂ ਤਿੰਨ ਉਲਪਿੰਕਾਂ ਵਿਚ ਲਗਾਤਾਰ ਜਿਤੇ ਸਨ। ਬਲਬੀਰ ਸਿੰਘ ਨੇ ਦਸਿਆ ਕਿ ਥੋੜੇ ਦਿਨ ਪਹਿਲਾਂ ਐਨ.ਆਈ.ਐਸ. ਅਧਿਕਾਰੀਆਂ ਨੇ ਕੋਟ ਦੇ ਗੁੰਮ ਹੋਣ ਬਾਰੇ ਇਕ ਸ਼ਿਕਾਇਤ ਪਟਿਆਲਾ ਪੁਲਿਸ ਕੋਲ ਦਰਜ ਕਰਵਾਈ ਹੈ ਪਰ ਉਹ ਇਸ ਤੋਂ ਸੰਤੁਸ਼ਟ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਮੈਡਲਾਂ ਨੂੰ ਲੱਭਣ ਲਈ ਵੱਡੇ ਪੱਧਰ 'ਤੇ ਕਾਰਵਾਈ ਹੋਣੀ ਚਾਹੀਦੀ ਹੈ।
ਇਸੇ ਦੌਰਾਨ ਬਲਬੀਰ ਸਿੰਘ ਦੇ ਦੋਹਤੇ ਕਬੀਰ, ਜੋ ਇਸ ਸਾਰੇ ਮਾਮਲੇ ਦੀ ਪੈਰਵਾਈ ਕਰ ਰਿਹਾ ਹੈ, ਨੇ ਕਿਹਾ ਕਿ ਮੈਡਲਾਂ ਨੂੰ ਖ਼ੁਰਦ-ਬੁਰਦ ਕਰਨ ਪਿਛੇ ਕੋਈ ਡੂੰਘੀ ਸਾਜ਼ਸ਼ ਨਜ਼ਰ ਆ ਰਹੀ ਹੈ। ਉਨ੍ਹਾਂ ਦਸਿਆ ਕਿ ਸ. ਬਲਬੀਰ ਸਿੰਘ ਨੇ ਭਾਰਤ ਰਤਨ ਐਵਾਰਡ ਲਈ ਦਾਅਵੇਦਾਰੀ ਜਤਾਈ ਸੀ ਕਿਉਂਕਿ ਹਾਲੇ ਤਕ ਦੇਸ਼ ਵਿਚ ਉਨ੍ਹਾਂ ਦੇ ਪੱਧਰ ਦਾ ਕੋਈ ਵੀ ਖਿਡਾਰੀ ਨਹੀਂ ਹੋਇਆ। ਲਗਦਾ ਹੈ ਕਿ ਇਹ ਦਾਅਵੇਦਾਰੀ ਨੂੰ ਸੱਟ ਮਾਰਨ ਲਈ ਮੈਡਲਾਂ ਨੂੰ ਇਧਰ-ਉਧਰ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕ ਬਲਬੀਰ ਸਿੰਘ ਦਾ ਨਾਂ ਖੇਡ ਦੀ ਦੁਨੀਆਂ ਦੇ ਇਤਿਹਾਸ 'ਚੋਂ ਖ਼ਤਮ ਕਰਨਾ ਚਾਹੁੰਦੇ ਹਨ ਪਰ ਇਹ ਕਿਸੇ ਕੀਮਤ 'ਤੇ ਹੋਣ ਨਹੀਂ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਵਾਰ ਅਪਣੀ ਲੜਾਈ ਓਨਾ ਚਿਰ ਜਾਰੀ ਰਖੇਗਾ, ਜਿੰਨਾ ਚਿਰ ਉਸ ਨੂੰ ਮੈਡਲ ਤੇ ਕੋਟ ਵਾਪਸ ਨਹੀਂ ਮਿਲ ਜਾਂਦੇ।
ਦੱਸਣਯੋਗ ਹੈ ਕਿ 2012 ਦੀਆਂ ਲੰਦਨ ਉਲੰਪਿਕਸ ਵਿਚ ਸ. ਬਲਬੀਰ ਸਿੰਘ ਨੂੰ ਵਿਸ਼ੇਸ਼ ਸਨਮਾਨ ਦਿਤਾ ਗਿਆ ਸੀ। ਇਸ ਉਲੰਪਿਕ ਵਿਚ ਅੰਤਰਰਾਸ਼ਟਰੀ ਉਲੰਪਿਕ ਐਸੋਸੀਏਸ਼ਨ ਨੇ ਦੁਨੀਆਂ ਭਰ 'ਚੋਂ 16 ਉਹ ਉਲੰਪੀਅਨ ਵਿਸ਼ੇਸ਼ ਸਨਮਾਨ ਲਈ ਬੁਲਾਏ ਸਨ, ਜਿਨ੍ਹਾਂ ਦੀ ਉਲੰਪਿਕ ਵਿਚ ਪ੍ਰਾਪਤੀ ਅਜੇ ਤਕ ਵੀ ਦੂਜੇ ਖਿਡਾਰੀਆਂ ਲਈ ਮੀਲ ਪੱਥਰ ਬਣੀ ਹੋਈ ਹੈ। ਬਲਬੀਰ ਸਿੰਘ ਭਾਰਤ ਅਤੇ ਏਸ਼ੀਆ ਵਿਚੋਂ ਬੁਲਾਏ ਜਾਣ ਵਾਲੇ ਸਿਰਫ਼ ਇਕੱਲੇ ਹੀ ਖਿਡਾਰੀ ਸਨ ਜਿਨ੍ਹਾਂ ਨੂੰ ਲੰਡਨ ਉਲੰਪਿਕ ਵਿਚ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ ਸੀ।