
19 ਅਗੱਸਤ ਨੂੰ ਸ਼ਰਦ ਯਾਦਵ ਅਤੇ ਅਲੀ ਅਨਵਰ ਪਟਨਾ ਪਹੁੰਚਣਗੇ ਅਤੇ ਸ਼੍ਰੀਕ੍ਰਿਸ਼ਣ ਮੈਮੋਰੀਅਲ ਹਾਲ 'ਚ 11 ਵਜੇ ਜਨ ਅਦਾਲਤ ਸੰਮੇਲਨ ਕਰਨਗੇ।
ਨਵੀਂ ਦਿੱਲੀ, 17 ਅਗੱਸਤ: ਭਾਰਤੀ ਜਨਤਾ ਪਾਰਟੀ (ਭਾਜਪਾ) ਵਿਰੁਧ ਸਾਂਝੀ ਲੜਾਈ ਛੇੜਨ ਦਾ ਅਹਿਦ ਕਰਦਿਆਂ ਅੱਜ ਇਕ ਦਰਜਨ ਤੋਂ ਜ਼ਿਆਦਾ ਪਾਰਟੀਆਂ ਇਕ ਮੰਚ 'ਤੇ ਆ ਗਈਆਂ। ਇਸ ਦੌਰਾਨ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ਨੂੰ ਲੰਮੇਂ ਹੱਥੀਂ ਲੈਂਦਿਆਂ ਉਸ 'ਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਇਆ।
ਵਿਰੋਧੀ ਧਿਰ ਦੀ ਏਕਤਾ ਲਈ 'ਸਾਂਝੀ ਵਿਰਾਸਤ ਬਚਾਉ' ਮੰਚ ਜਨਤਾ ਦਲ (ਯੂ) ਦੇ ਬਾਗ਼ੀ ਆਗੂ ਸ਼ਰਦ ਯਾਦਵ ਨੇ ਤਿਆਰ ਕੀਤਾ ਸੀ ਅਤੇ ਇਸ 'ਚ ਕਾਂਗਰਸ, ਸੀ.ਪੀ.ਆਈ.-ਐਮ, ਸੀ.ਪੀ.ਆਈ, ਸਮਾਜਵਾਦੀ ਪਾਰਟੀ, ਬਸਪਾ, ਐਨ.ਸੀ.ਪੀ., ਆਰ.ਜੇ.ਡੀ., ਐਨ.ਸੀ., ਜੇ.ਡੀ.-ਐਸ ਅਤੇ ਆਰ.ਐਲ.ਡੀ. ਪਾਰਟੀਆਂ ਦੇ ਆਗੂ ਸ਼ਾਮਲ ਹੋਏ।
ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਸੀ.ਪੀ.ਆਈ.(ਐਮ.) ਦੇ ਸੀਤਾਰਾਮ ਯੇਚੁਰੀ, ਸੀ.ਪੀ.ਆਈ. ਦੇ ਡੀ. ਰਾਜਾ ਅਤੇ ਨੈਸ਼ਨਲ ਕਾਨਫ਼ਰੰਸ ਦੇ ਫ਼ਾਰੂਖ ਅਬਦੁੱਲਾ ਵੀ ਹਾਜ਼ਰ ਸਨ।
ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਕਿਹਾ ਕਿ ਉਹ ਅਜਿਹੇ ਭਾਰਤ ਦੀ ਹਮਾਇਤ ਕਰਦੇ ਹਨ ਜੋ ਸੱਚ ਲਈ ਖੜਾ ਹੈ।
ਉਨ੍ਹਾਂ ਕਿਹਾ, ''ਮੋਦੀ ਜੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਵੱਛ ਭਾਰਤ ਚਾਹੀਦਾ ਹੈ ਪਰ ਸਾਨੂੰ ਸੱਚ ਭਾਰਤ ਚਾਹੀਦਾ ਹੈ।'' ਹਾਲਾਂਕਿ ਉਨ੍ਹਾਂ ਇਸ ਨੂੰ ਵਿਸਤਾਰ ਨਾਲ ਨਹੀਂ ਸਮਝਾਇਆ।
ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਰ.ਐਸ.ਐਸ. ਵਿਰੁਧ ਲੜਨ ਲਈ ਸਾਨੂੰ ਏਕਤਾ ਦੀ ਜ਼ਰੂਰਤ ਹੈ।
ਉਨ੍ਹਾਂ ਦੀ ਸ਼ਰਦ ਯਾਦਵ ਨੇ ਹਮਾਇਤ ਕੀਤੀ ਜਿਨ੍ਹਾਂ ਨੇ ਜਨਤਾ ਦਲ(ਯੂ) ਦੇ ਦੋਫ਼ਾੜ ਹੋਣ ਦੀਆਂ ਖ਼ਬਰਾਂ ਵਿਚਕਾਰ ਅਪਣੇ ਪੁਰਾਣੇ ਸਾਥੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਤੋਂ ਪਿੱਠ ਮੋੜ ਲਈ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਇਕੱਠੇ ਹੋ ਜਾਣ ਤਾਂ ਹਿਟਲਰ ਵੀ ਉਨ੍ਹਾਂ ਸਾਹਮਣੇ ਨਹੀਂ ਟਿਕ ਸਕਦਾ।
ਰਾਹੁਲ ਗਾਂਧੀ ਨੇ ਭਾਜਪਾ 'ਤੇ 2014 ਦੀਆਂ ਚੋਣਾਂ ਦੌਰਾਨ ਕੀਤੇ ਕਾਲੇ ਧਨ ਨੂੰ ਵਾਪਸ ਲਿਆਉਣ ਅਤੇ ਰੁਜ਼ਗਾਰ ਦੇਣ ਵਰਗੇ ਵਾਅਦਿਆਂ ਨੂੰ ਪੂਰਾ ਨਾ ਕਰਨ ਦਾ ਦੋਸ਼ ਵੀ ਲਾਇਆ।
ਰਾਹੁਲ ਗਾਂਧੀ ਨੇ ਆਰ.ਐਸ.ਐਸ. 'ਤੇ ਵਰ੍ਹਦਿਆਂ ਕਿਹਾ ਕਿ ਜਦੋਂ ਤਕ ਆਰ.ਐਸ.ਐਸ. ਦਾ ਦੇਸ਼ 'ਤੇ ਰਾਜ ਨਹੀਂ ਹੋ ਗਿਆ ਉਦੋਂ ਤਕ ਉਸ ਨੇ ਕਦੀ ਵੀ ਦੇਸ਼ ਦੇ ਝੰਡੇ ਨੂੰ ਸਲਾਮ ਨਹੀਂ ਕੀਤਾ। ਉਨ੍ਹਾਂ ਕਿਹਾ, ''ਉਹ ਕਹਿੰਦੇ ਹਨ ਕਿ ਦੇਸ਼ ਸਾਡਾ ਹੈ ਅਤੇ ਅਸੀ ਕਹਿੰਦੇ ਹਾਂ ਕਿ ਅਸੀ ਦੇਸ਼ ਦੇ ਹਾਂ। ਇਹੀ ਸਾਡੇ ਅਤੇ ਆਰ.ਐਸ.ਐਸ. ਵਿਚਕਾਰ ਫ਼ਰਕ ਹੈ।''
ਬੈਠਕ ਦੇ ਵਿਸ਼ੇ ਨੂੰ ਛੂੰਹਦਿਆਂ ਸੀ.ਪੀ.ਆਈ.(ਐਮ) ਦੇ ਜਨਰਲ ਸਕੱਤਰ ਯੇਚੁਰੀ ਨੇ ਕਿਹਾ ਕਿ ਕਈ ਹਿੰਦੂ ਅਤੇ ਮੁਸਲਿਮ ਆਗੂ ਅੰਗਰੇਜ਼ਾਂ ਵਿਰੁਧ ਲੜੇ ਸਨ ਪਰ ਹੁਣ ਇਸ ਸਾਂਝੀ ਵਿਰਾਸਤ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਵੰਡ ਪਾਊ ਅਤੇ ਫ਼ਿਰਕੂ ਤਾਕਤਾਂ ਵਿਰੁਧ ਲੜਾਈ ਦਾ ਸੱਦਾ ਦਿੰਦਿਆਂ ਕਿਹਾ ਕਿ ਵੰਡ ਮਗਰੋਂ ਪਾਕਿਸਤਾਨ 'ਚ ਜਾਣ ਵਾਲੇ ਮੁਸਲਮਾਨਾਂ ਤੋਂ ਜ਼ਿਆਦਾ ਮੁਸਲਮਾਨ ਭਾਰਤ 'ਚ ਹੀ ਰਹੇ ਸਨ। ਪਰ ਇਸ ਸਾਂਝੀ ਵਿਰਾਸਤ ਨੂੰ ਹੁਣ 'ਹਿੰਦੂ ਰਾਸ਼ਟਰਵਾਦ' ਤੋਂ ਖ਼ਤਰਾ ਹੈ। ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਰਕਾਰ ਦੇ ਭਾਸ਼ਣ ਦਾ ਰੇਡੀਉ ਤੇ ਪ੍ਰਸਾਰਣ ਰੋਕੇ ਜਾਣ ਦੇ ਮੁੱਦੇ 'ਤੇ ਉਨ੍ਹਾਂ ਕਿਹਾ, ''ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਥੋਪੀ ਐਮਰਜੈਂਸੀ ਦੀ ਗੱਲ ਕਰਦੇ ਹਨ ਪਰ ਉਹ ਖ਼ੁਦ ਕੀ ਕਰ ਰਹੇ ਹਨ?''
ਉਧਰ ਇਸ ਬੈਠਕ ਬਾਰੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਾਂਝੀ ਵਿਰਾਸਤ ਬਾਰੇ ਗੱਲ ਕਰਨਾ ਅਤੇ ਕੇਰਲ 'ਚ ਆਰ.ਐਸ.ਐਸ. ਵਰਕਰਾਂ ਦੇ ਕਤਲ ਬਾਰੇ ਚੁਪ ਰਹਿਣਾ ਪਖੰਡ ਹੈ।
ਭਲਕੇ ਪਟਨਾ 'ਚ ਸੰਮੇਲਨ ਕਰਨਗੇ ਸ਼ਰਦ ਯਾਦਵ
ਪਟਨਾ, 17 ਅਗੱਸਤ: ਜਨਤਾ ਦਲ ਦੇ ਬਾਗੀ ਨੇਤਾ ਸ਼ਰਦ ਯਾਦਵ 19 ਅਗੱਸਤ ਨੂੰ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਵਿਚ ਸ਼ਾਮਿਲ ਹੋਣ ਦੀ ਬਜਾਏ ਪਟਨਾ 'ਚ ਹੀ ਅਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ।
ਪ੍ਰਾਪਤ ਜਾਣਕਾਰੀ ਦੇ ਮੁਤਾਬਕ 19 ਅਗੱਸਤ ਨੂੰ ਸ਼ਰਦ ਯਾਦਵ ਅਤੇ ਅਲੀ ਅਨਵਰ ਪਟਨਾ ਪਹੁੰਚਣਗੇ ਅਤੇ ਸ਼੍ਰੀਕ੍ਰਿਸ਼ਣ ਮੈਮੋਰੀਅਲ ਹਾਲ 'ਚ 11 ਵਜੇ ਜਨ ਅਦਾਲਤ ਸੰਮੇਲਨ ਕਰਨਗੇ।
ਇਕ ਪਾਸੇ ਰਾਜਧਾਨੀ ਦੇ ਰਵਿੰਦਰ ਭਵਨ 'ਚ ਜਨਤਾ ਦਲ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਹੋ ਰਹੀ ਹੋਵੇਗੀ ਤਾਂ ਦੂਜੇ ਪਾਸੇ ਸ਼ਰਦ ਅਪਣੇ ਸਮਰਥਕਾਂ ਦੇ ਨਾਲ ਐਸ.ਕੇ.ਐਮ. 'ਚ ਜਨ ਅਦਾਲਤ ਸੰਮੇਲਨ ਕਰ ਰਹੇ ਹੋਣਗੇ।
ਪਾਰਟੀ ਨੇ ਸ਼ਰਦ ਯਾਦਵ ਤੋਂ ਰਾਸ਼ਟਰੀ ਕਾਰਜਕਾਰਣੀ 'ਚ ਸ਼ਾਮਲ ਹੋ ਕੇ ਅਪਣੀਆਂ ਗੱਲਾਂ ਨੂੰ ਰੱਖਣ ਅਤੇ ਆਰ.ਜੇ.ਡੀ. ਦੀ 27 ਅਗੱਸਤ ਨੂੰ ਹੋਣ ਵਾਲੀ ਰੈਲੀ ਤੋਂ ਦੂਰ ਰਹਿਣ ਦੀ ਹਿਦਾਇਤ ਦਿਤੀ ਹੈ ਪਰ ਸ਼ਰਦ ਨੇ ਪਾਰਟੀ ਹਾਈਕਮਾਨ ਦੀ ਹਿਦਾਇਤ ਨੂੰ ਸਿਰੇ ਤੋਂ ਖਾਰਿਜ ਕਰ ਦਿਤਾ ਹੈ।
ਰਾਸ਼ਟਰੀ ਕਾਰਜਕਾਰਣੀ ਦੇ ਨਾਲ ਨਾਲ ਪਟਨਾ ਵਿਚ ਸਮਾਂਤਰ ਸੰਮੇਲਨ ਕਰਨ ਦੇ ਫ਼ੈਸਲੇ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਰਦ ਨੇ ਪਾਰਟੀ ਹਾਈਕਮਾਨ ਨੂੰ ਸਿੱਧੀ ਚੁਨੌਤੀ ਦਿਤੀ ਹੈ। ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਪਾਰਟੀ 21 ਬਾਗ਼ੀ ਆਗੂਆਂ ਵਿਰੁਧ ਕਾਰਵਾਈ ਕਰ ਚੁੱਕੀ ਹੈ। (ਏਜੰਸੀਆਂ)