
ਮੁਲਜ਼ਮ ਵਿਕਰਮ ਸਿੰਘ ਪਹਿਲ ਜੀਂਦ, ਹਰਿਆਣਾ ਦਾ ਰਹਿਣ ਵਾਲਾ ਹੈ
UP Police paper leak case: ਯੂਪੀ ਐਸਟੀਐਫ ਨੇ ਯੂਪੀ ਪੁਲਿਸ ਭਰਤੀ ਪੇਪਰ ਲੀਕ ਮਾਮਲੇ ਵਿਚ ਇਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਐਸਟੀਐਫ ਨੇ ਮੁਲਜ਼ਮ ਨੂੰ ਬਾਗਪਤ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਪੁਲਿਸ ਭਰਤੀ ਪ੍ਰੀਖਿਆ ਦਾ ਪੇਪਰ, ਉੱਤਰ ਪੱਤਰੀ, ਇਕ ਮੋਬਾਈਲ ਅਤੇ ਇਕ ਆਧਾਰ ਕਾਰਡ ਬਰਾਮਦ ਹੋਇਆ ਹੈ। ਮੁਲਜ਼ਮ ਵਿਕਰਮ ਸਿੰਘ ਪਹਿਲ ਜੀਂਦ, ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਦਿੱਲੀ ਪੁਲਿਸ ਵਿਚ ਕਾਂਸਟੇਬਲ ਹੈ। ਪੇਪਰ ਲੀਕ 'ਚ ਨਾਂ ਆਉਣ ਤੋਂ ਬਾਅਦ ਉਹ ਕਰੀਬ ਇਕ ਮਹੀਨੇ ਤੋਂ ਫਰਾਰ ਸੀ।
STF ਨੇ ਦਸਿਆ ਕਿ 18 ਫਰਵਰੀ ਨੂੰ ਯੂਪੀ ਪੁਲਿਸ ਕਾਂਸਟੇਬਲ ਦੀ ਭਰਤੀ ਦੀ ਦੂਜੀ ਸ਼ਿਫਟ ਦਾ ਪੇਪਰ ਲੀਕ ਹੋ ਗਿਆ ਸੀ। ਇਸ ਨੂੰ ਲੀਕ ਕਰਨ ਵਿਚ ਹਰਿਆਣਾ ਦੇ ਕੁੱਝ ਲੋਕਾਂ ਦਾ ਹੱਥ ਹੈ। ਇਸ ਵਿਚ ਹਰਿਆਣਾ ਦੇ ਮਹਿੰਦਰ ਸ਼ਰਮਾ ਨੂੰ ਮੁੱਖ ਮੁਲਜ਼ਮ ਮੰਨਿਆ ਜਾ ਰਿਹਾ ਹੈ। 16 ਫਰਵਰੀ ਨੂੰ ਵਿਕਰਮ ਨੇ ਹਰਿਆਣਾ ਦੇ ਇਕ ਰਿਜ਼ੋਰਟ ਵਿਚ 800 ਉਮੀਦਵਾਰਾਂ ਨੂੰ ਪੇਪਰ ਪੜ੍ਹਵਾਇਆ ਸੀ।
ਯੂਪੀ ਐਸਟੀਐਫ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ 18 ਫਰਵਰੀ ਨੂੰ ਲੀਕ ਹੋਏ ਪੇਪਰ ਦੀ ਉੱਤਰ ਪੱਤਰੀ ਲਗਭਗ 400 ਉਮੀਦਵਾਰਾਂ ਨੂੰ ਗੁਰੂਗ੍ਰਾਮ ਦੇ ਮਾਨੇਸਰ ਵਿਚ ਇਕ ਰਿਜੋਰਟ ਵਿਚ ਬਿਠਾ ਕੇ ਉਨ੍ਹਾਂ ਨੂੰ ਯਾਦ ਕਰਵਾਈ ਗਈ ਸੀ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ STF ਨੇ ਜਾਂਚ ਦੌਰਾਨ ਕਰੀਬ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।
ਇਨ੍ਹਾਂ ਮੁਲਜ਼ਮਾਂ ਵਿਚੋਂ ਇਕ ਮਹਿੰਦਰ ਸ਼ਰਮਾ ਜੀਂਦ ਦਾ ਰਹਿਣ ਵਾਲਾ ਹੈ। ਉਸ ਨੇ ਟੀਮ ਨੂੰ ਦਸਿਆ ਕਿ ਯੂਪੀ ਕਾਂਸਟੇਬਲ ਭਰਤੀ ਦਾ ਪੇਪਰ ਗੁਰੂਗ੍ਰਾਮ ਦੇ ਇਕ ਰਿਜ਼ੋਰਟ ਵਿਚ ਲੀਕ ਹੋਇਆ ਸੀ। ਇਸ ਦੇ ਬਦਲੇ ਹਰੇਕ ਉਮੀਦਵਾਰ ਤੋਂ 7 ਲੱਖ ਰੁਪਏ ਲਏ ਗਏ। ਐਸਟੀਐਫ ਨੇ ਪੇਪਰ ਲੀਕ ਮਾਮਲੇ ਵਿਚ ਹੁਣ ਤਕ ਗਰੋਹ ਦੇ 14 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
STF ਨੇ ਦਸਿਆ ਕਿ ਮੁਖਬਰ ਤੋਂ ਸੂਚਨਾ ਮਿਲਣ ਤੋਂ ਬਾਅਦ ਵਿਕਰਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਵਿਕਰਮ ਨੇ ਦਸਿਆ ਕਿ 2010 'ਚ ਉਸ ਦੀ ਦਿੱਲੀ ਪੁਲਿਸ ਵਿਚ ਕਾਂਸਟੇਬਲ ਵਜੋਂ ਚੋਣ ਹੋਈ ਸੀ। ਇਸ ਸਮੇਂ ਦੌਰਾਨ ਉਨ੍ਹਾਂ ਦੀ ਤਾਇਨਾਤੀ ਤੀਜੀ ਬਟਾਲੀਅਨ, ਪਹਿਲੀ ਬਟਾਲੀਅਨ, ਟਰੈਫਿਕ ਅਤੇ ਫਿਰ ਮੁੱਖ ਮੰਤਰੀ ਬਟਾਲੀਅਨ ਵਿਚ ਰਹੀ।
2021 ਵਿਚ, ਉਸ ਦੀ ਮੁਲਾਕਾਤ ਸੋਨੀਪਤ ਦੇ ਰਹਿਣ ਵਾਲੇ ਨਿਤਿਨ ਨਾਲ ਹੋਈ। ਨਿਤਿਨ ਨੇ ਉਸ ਨਾਲ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕੀਤੀ ਸੀ। ਨਿਤਿਨ ਪੇਪਰ ਲੀਕ ਕਰਨ ਦਾ ਕੰਮ ਵੀ ਕਰਦਾ ਹੈ। ਨਿਤਿਨ ਨੇ ਹੀ ਵਿਕਰਮ ਨੂੰ ਰਵੀ ਅੱਤਰੀ ਨਾਲ ਮਿਲਾਇਆ ਸੀ। ਰਵੀ ਪੇਪਰ ਲੀਕ ਦਾ ਮਾਸਟਰਮਾਈਂਡ ਹੈ। ਪੁੱਛਗਿੱਛ ਦੌਰਾਨ ਵਿਕਰਮ ਨੇ STF ਨੂੰ ਦਸਿਆ ਕਿ ਰਵੀ ਅੱਤਰੀ ਨੇ ਉਸ ਨੂੰ ਲੀਕ ਹੋਏ ਪੇਪਰ ਉਮੀਦਵਾਰ ਨੂੰ ਭੇਜਣ ਲਈ ਕਿਹਾ ਸੀ।