
ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਇਕ ਟੈਲੀਵਿਜ਼ਨ ਸੰਬੋਧਨ ਵਿਚ ਇਸ ਘਟਨਾ ਦੀ ਜਾਣਕਾਰੀ ਦਿਤੀ।
Kenya military helicopter crash: ਕੀਨੀਆ ਦੇ ਫ਼ੌਜ ਮੁਖੀ ਫਰਾਂਸਿਸ ਓਮੋਂਡੀ ਓਗੋਲਾ ਦੀ ਵੀਰਵਾਰ ਦੇਰ ਰਾਤ ਨੂੰ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ। ਉਨ੍ਹਾਂ ਨਾਲ ਹੈਲੀਕਾਪਟਰ 'ਚ ਸਵਾਰ 9 ਹੋਰ ਲੋਕਾਂ ਦੀ ਵੀ ਮੌਤ ਹੋ ਗਈ। ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਇਕ ਟੈਲੀਵਿਜ਼ਨ ਸੰਬੋਧਨ ਵਿਚ ਇਸ ਘਟਨਾ ਦੀ ਜਾਣਕਾਰੀ ਦਿਤੀ। ਉਨ੍ਹਾਂ ਨੇ ਸ਼ੁੱਕਰਵਾਰ ਤੋਂ ਅਗਲੇ ਤਿੰਨ ਦਿਨਾਂ ਲਈ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।
ਸੀਐਨਐਨ ਦੀ ਰਿਪੋਰਟ ਮੁਤਾਬਕ ਅਪਣੇ ਸੰਬੋਧਨ ਵਿਚ, ਰੂਟੋ ਨੇ ਕਿਹਾ ਕਿ ਜਨਰਲ ਫ੍ਰਾਂਸਿਸ ਓਗੋਲਾ ਅਤੇ ਫੌਜ ਦੇ ਨੌਂ ਹੋਰ ਮੈਂਬਰ ਇਕ ਹੈਲੀਕਾਪਟਰ ਹਾਦਸੇ ਵਿਚ ਮਾਰੇ ਗਏ। ਹਾਦਸੇ 'ਚ ਦੋ ਵਿਅਕਤੀ ਵਾਲ-ਵਾਲ ਬਚ ਗਏ। ਇਹ ਹਾਦਸਾ ਵੀਰਵਾਰ ਦੁਪਹਿਰ ਨੂੰ ਵਾਪਰਿਆ। ਰਾਸ਼ਟਰਪਤੀ ਰੂਟੋ ਨੇ ਅੱਗੇ ਕਿਹਾ - ਕਮਾਂਡਰ-ਇਨ-ਚੀਫ਼ ਦੇ ਤੌਰ 'ਤੇ ਮੇਰੇ ਅਤੇ ਪੂਰੇ ਕੀਨੀਆ ਰੱਖਿਆ ਬਲਾਂ ਲਈ ਇਹ ਦੁਖਦਾਈ ਸਮਾਂ ਹੈ। ਅੱਜ ਦੇਸ਼ ਲਈ ਸਭ ਤੋਂ ਮੰਦਭਾਗਾ ਦਿਨ ਹੈ। ਅਸੀਂ ਅਪਣੇ ਇਕ ਬਹਾਦਰ ਜਨਰਲ ਨੂੰ ਗੁਆ ਦਿਤਾ ਹੈ।
ਰੂਟੋ ਅਨੁਸਾਰ, ਮਿਲਟਰੀ ਚੀਫ ਓਗੋਲਾ ਦੇਸ਼ ਦੇ ਉੱਤਰੀ ਰਿਫਟ ਖੇਤਰ ਵਿਚ ਸੈਨਿਕਾਂ ਨੂੰ ਮਿਲਣ ਅਤੇ ਸਕੂਲ ਦੇ ਮੁਰੰਮਤ ਦੇ ਕੰਮ ਦਾ ਨਿਰੀਖਣ ਕਰਨ ਲਈ ਦੁਪਹਿਰ ਨੂੰ ਨੈਰੋਬੀ ਤੋਂ ਰਵਾਨਾ ਹੋਏ। ਹਾਲਾਂਕਿ, ਹੈਲੀਕਾਪਟਰ ਉਡਾਣ ਭਰਨ ਤੋਂ ਕੁੱਝ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਅਧਿਕਾਰੀਆਂ ਦੀ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਵੀਰਵਾਰ ਦੇਰ ਰਾਤ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਨੈਰੋਬੀ ਲਿਆਂਦਾ ਗਿਆ।
ਰਾਜ ਪ੍ਰਸਾਰਕ ਕੀਨੀਆ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਕੇਬੀਸੀ) ਦੇ ਅਨੁਸਾਰ, 61 ਸਾਲਾ ਓਗੋਲਾ ਸੇਵਾ ਵਿਚ ਮਰਨ ਵਾਲੇ ਦੇਸ਼ ਦੇ ਪਹਿਲੇ ਫੌਜੀ ਮੁਖੀ ਹਨ। ਉਹ 1984 ਵਿਚ ਕੀਨੀਆ ਰੱਖਿਆ ਬਲਾਂ ਵਿਚ ਸ਼ਾਮਲ ਹੋਏ ਸਨ। ਕੀਨੀਆ ਏਅਰ ਫੋਰਸ ਵਿਚ ਤਾਇਨਾਤ ਹੋਣ ਤੋਂ ਪਹਿਲਾਂ ਓਗੋਲਾ 1985 ਵਿਚ ਦੂਜੇ ਲੈਫਟੀਨੈਂਟ ਬਣੇ ਸਨ। ਰਾਸ਼ਟਰਪਤੀ ਵਿਲੀਅਮ ਰੂਟੋ ਨੇ ਓਮੋਂਡੀ ਓਗੋਲਾ ਨੂੰ 2023 ਵਿਚ ਜਨਰਲ ਦੇ ਅਹੁਦੇ ਲਈ ਤਰੱਕੀ ਦਿਤੀ ਸੀ। ਓਗੋਲਾ ਨੂੰ ਰੱਖਿਆ ਬਲ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਰੱਖਿਆ ਬਲ ਦੇ ਉਪ ਮੁਖੀ ਦਾ ਅਹੁਦਾ ਸੰਭਾਲ ਰਹੇ ਸਨ।
(For more Punjabi news apart from Kenya defense chief among 10 officers killed in military helicopter crash, stay tuned to Rozana Spokesman)