
19 ਸਾਲ ਪਹਿਲਾਂ ਇਸੇ ਪਿੰਡ ਵਿਚ ਅਤਿਵਾਦੀਆਂ ਨੇ ਕੀਤੀ ਸੀ ਪਿਤਾ ਦੀ ਹਤਿਆ
Jammu Kashmir News: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਗੁੱਜਰ ਭਾਈਚਾਰੇ ਦੇ ਇਕ ਵਿਅਕਤੀ ਦੀ ਹਤਿਆ 'ਚ ਸ਼ਾਮਲ ਅਤਿਵਾਦੀਆਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਤੇਜ਼ ਕਰ ਦਿਤੀ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਸੋਮਵਾਰ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਮੁਹੰਮਦ ਰਜ਼ਾਕ (40) ਥਾਨਾਮੰਡੀ ਥਾਣੇ ਦੇ ਅਧੀਨ ਅਪਣੇ ਪਿੰਡ ਕੁੰਡਾ ਟਾਪ ਵਿਖੇ ਇਕ ਮਸਜਿਦ ਤੋਂ ਬਾਹਰ ਆਇਆ। ਪੁਲਿਸ ਨੇ ਦਸਿਆ ਕਿ ਰਜ਼ਾਕ ਦਾ ਭਰਾ ਮੁਹੰਮਦ ਤਾਹਿਰ ਚੌਧਰੀ ਟੈਰੀਟੋਰੀਅਲ ਆਰਮੀ ਵਿਚ ਸਿਪਾਹੀ ਹੈ। ਪੁਲਿਸ ਨੇ ਦਸਿਆ ਕਿ ਇਸ ਘਟਨਾ ਵਿਚ ਰਜ਼ਾਕ ਦੀ ਮੌਤ ਹੋ ਗਈ, ਜਦਕਿ ਚੌਧਰੀ ਵਾਲ-ਵਾਲ ਬਚ ਗਿਆ।
ਪੁਲਿਸ ਨੇ ਦਸਿਆ ਕਿ ਘਟਨਾ ਦੇ ਤੁਰੰਤ ਬਾਅਦ ਪੁਲਿਸ, ਫੌਜ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੀ ਸਾਂਝੀ ਟੀਮ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਸੀਏਐਸਓ) ਸ਼ੁਰੂ ਕੀਤੀ ਅਤੇ ਅਤਿਵਾਦੀਆਂ ਨੂੰ ਲੱਭਣ ਲਈ ਖੋਜੀ ਕੁੱਤਿਆਂ ਅਤੇ ਹਵਾਈ ਨਿਗਰਾਨੀ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਤੇਜ਼ ਕਰ ਦਿਤੀ। ਅਧਿਕਾਰੀਆਂ ਮੁਤਾਬਕ ਨਿਸ਼ਾਨਾ ਤਾਹਿਰ ਹੋ ਸਕਦਾ ਹੈ ਪਰ ਗੋਲੀ ਉਸ ਦੇ ਭਰਾ ਨੂੰ ਲੱਗੀ। ਉਨ੍ਹਾਂ ਦਸਿਆ ਕਿ ਵਾਹਨਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਿਲ੍ਹੇ ਦੀਆਂ ਵੱਖ-ਵੱਖ ਨਾਕਿਆਂ 'ਤੇ ਲੋਕਾਂ ਦੀ ਤਲਾਸ਼ੀ ਲਈ ਜਾ ਰਹੀ ਹੈ।
ਅਧਿਕਾਰੀਆਂ ਨੇ ਦਸਿਆ ਕਿ ਥਾਨਾਮੰਡੀ ਥਾਣੇ 'ਚ ਧਾਰਾ 302, 120 ਏ, 121 ਬੀ, 122, 458, ਆਰਮਜ਼ ਐਕਟ ਅਤੇ ਗੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਰਜ਼ਾਕ ਦੇ ਪਿਤਾ ਮੁਹੰਮਦ ਅਕਬਰ ਦੀ ਵੀ 19 ਸਾਲ ਪਹਿਲਾਂ ਇਸੇ ਪਿੰਡ ਵਿਚ ਅਤਿਵਾਦੀਆਂ ਨੇ ਹਤਿਆ ਕਰ ਦਿਤੀ ਸੀ। ਅਕਬਰ ਸਮਾਜ ਭਲਾਈ ਵਿਭਾਗ ਵਿਚ ਕੰਮ ਕਰਦਾ ਸੀ ਅਤੇ ਰਜ਼ਾਕ ਨੂੰ ਸਰਕਾਰ ਨੇ ਤਰਸ ਦੇ ਆਧਾਰ 'ਤੇ ਉਸੇ ਵਿਭਾਗ ਵਿਚ ਨੌਕਰੀ ਦਿਤੀ ਸੀ।
ਇਸ ਦੌਰਾਨ ਸੁਰੱਖਿਆ ਬਲਾਂ ਨੇ ਪਿਛਲੇ ਹਫਤੇ ਰਾਜੌਰੀ ਜ਼ਿਲ੍ਹੇ ਦੇ ਅਜ਼ਮਤਾਬਾਦ ਪਿੰਡ 'ਚ ਅਤਿਵਾਦੀਆਂ ਦੇ ਇਕ ਟਿਕਾਣੇ ਦਾ ਪਰਦਾਫਾਸ਼ ਕੀਤਾ ਸੀ। ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਨੇ ਅੱਠ ਵਿਸਫੋਟਕ ਉਪਕਰਣ, ਦੋ ਵਾਇਰਲੈੱਸ ਸੈੱਟ ਅਤੇ ਕੁੱਝ ਗੋਲਾ-ਬਾਰੂਦ ਬਰਾਮਦ ਕੀਤੇ ਹਨ।