
ਅਨਜਾਣ ਵਿਅਕਤੀ ਵੱਲੋਂ ਕੀਤੀ ਗਈ ਘੁਸਪੈਠ
ਨਵੀਂ ਦਿੱਲੀ: ਫ੍ਰਾਂਸ ਦੀ ਰਾਜਧਾਨੀ ਪੈਰਿਸ ਸਥਿਤ ਭਾਰਤੀ ਹਵਾਈ ਫ਼ੌਜ ਦੇ ਉਸ ਦਫ਼ਤਰ ਵਿਚ ਬੀਤੇ ਐਤਵਾਰ ਕੁਝ ਲੋਕਾਂ ਨੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਭਾਰਤ ਲਈ 36 ਰਫਾਲ ਲੜਾਕੂ ਜਹਾਜ਼ਾਂ ਦੇ ਉਤਪਾਦਨ ਦੀ ਨਿਗਰਾਨੀ ਕਰ ਰਿਹਾ ਹੈ। ਫ਼ੌਜੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਜਾਸੂਸੀ ਦਾ ਮਾਮਲਾ ਹੋ ਸਕਦਾ ਹੈ।
Rafel
ਉਹਨਾਂ ਦਸਿਆ ਕਿ ਕੁਝ ਅਨਜਾਣ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਪੈਰਿਸ ਦੇ ਉਪਨਗਰ ਇਲਾਕੇ ਵਿਚ ਭਾਰਤੀ ਹਵਾਈ ਫ਼ੌਜ ਦੀ ਰਫਾਲ ਪ੍ਰਾਜੈਕਟ ਪ੍ਰਬੰਧਨ ਟੀਮ ਦੇ ਦਫ਼ਤਰ ਵਿਚ ਦਾਖਲ ਹੋਏ ਸਨ। ਸਥਾਨਕ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੀ ਜਹਾਜ਼ਾਂ ਨਾਲ ਜੁੜੇ ਗੁਪਤ ਡਾਟਾ ਨੂੰ ਚੋਰੀ ਕਰਨ ਦੀ ਕੋਸ਼ਿਸ਼ ਨਾਲ ਇਹ ਘੁਸਪੈਠ ਕੀਤੀ ਗਈ ਸੀ। ਸੂਤਰਾਂ ਨੇ ਦਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਕੋਈ ਡਾਟਾ ਜਾਂ ਹਾਰਡਵੇਅਰ ਨਹੀਂ ਚੋਰੀ ਕੀਤਾ ਗਿਆ।
Narendra Modi
ਇਸ ਘਟਨਾ ਬਾਰੇ ਰੱਖਿਆ ਮੰਤਰੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੈਰਿਸ ਸਥਿਤ ਭਾਰਤੀ ਦੂਤਾਵਾਸ ਫ੍ਰਾਂਸ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹਨ। ਇਸ ਦੇ ਚਲਦੇ ਫ੍ਰਾਂਸ ਦੀ ਨਿਊਜ਼ ਏਜੰਸੀ ਏਐਫਪੀ ਨੇ ਨਾਨਤੇਰੇ ਸ਼ਹਿਰ ਤੋਂ ਖਬਰ ਦਿੱਤੀ ਹੈ ਕਿ ਪੈਰਿਸ ਦੇ ਕੋਲ ਭਾਰਤੀ ਫ਼ੌਜ ਦੁਆਰਾ ਇਸਤੇਮਾਲ ਕੀਤੇ ਜਾ ਰਹੇ ਇਕ ਦਫ਼ਤਰ ਤੋਂ ਦਸਤਾਵੇਜ਼ ਅਤੇ ਪੈਸੇ ਚੋਰੀ ਹੋਏ ਹਨ।
ਇਹ ਲੁੱਟ ਫ੍ਰਾਂਸ ਦੀ ਕੰਪਨੀ ਦਾਸੋ ਐਵੀਏਸ਼ਨ ਦੇ ਦਫ਼ਤਰਾਂ ਕੋਲ ਪੈਰਿਸ ਦੇ ਪੱਛਮ ਵਿਚ ਸਥਿਤ ਉਪਨਗਰ ਇਲਾਕੇ ਸੈਂਟ ਕਲਾਉਡ ਵਿਚ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਦੇ ਸਮੇਂ ਵਿਚ ਵਾਪਰੀ। ਇਕ ਪੁਲਿਸ ਸੂਤਰ ਨੇ ਏਐਫਪੀ ਨੂੰ ਦਸਿਆ ਕਿ ਘਟਨਾ ਸਥਾਨ ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ ਅਤੇ ਦਾਸੋ ਐਵੀਏਸ਼ਨ ਦੇ ਇਕ ਕਰਮਚਾਰੀ ਦੁਆਰਾ ਸੋਮਵਾਰ ਨੂੰ ਸੁਰੱਖਿਆ ਸੇਵਾਵਾਂ ਨੂੰ ਚੌਕੰਨਾ ਕਰ ਦਿੱਤਾ ਗਿਆ ਸੀ।
Rafel
ਰਫਾਲ ਪ੍ਰੋਜੈਕਟ ਪ੍ਰਬੰਧਨਾਂ ਦਾ ਭਾਰਤੀ ਹਵਾਈ ਫ਼ੌਜ ਦਾ ਦਫ਼ਤਰ ਰਫਾਲ ਜਹਾਜ਼ ਬਣਾਉਣ ਵਾਲੀ ਕੰਪਨੀ ਦਾਸੋ ਐਵੀਏਸ਼ਨ ਦੇ ਕੰਪਲੈਕਸ ਵਿਚ ਸਥਿਤ ਹੈ। ਭਾਰਤੀ ਹਵਾਈ ਫ਼ੌਜ ਦੀ ਪ੍ਰੋਜੈਕਟ ਪ੍ਰਬੰਧਨ ਟੀਮ ਦੀ ਅਗਵਾਈ ਇਕ ਗਰੁਪ ਕੈਪਟਨ ਕਰ ਰਹੇ ਹਨ। ਇਸ ਵਿਚ ਦੋ ਪਾਇਲਟ, ਇਕ ਲਾਜੀਸਿਟਕ ਅਧਿਕਾਰੀ ਅਤੇ ਕਈ ਹਥਿਆਰ ਮਾਹਿਰ ਅਤੇ ਇੰਜੀਨੀਅਰ ਵੀ ਹਨ।
Rafel
ਇਹ ਟੀਮ ਰਫਾਲ ਜਹਾਜ਼ਾਂ ਦੇ ਨਿਰਮਾਣ ਅਤੇ ਇਸ ਵਿਚ ਹਥਿਆਰਾਂ ਦੇ ਪੈਕੇਜ ਦੇ ਮੁੱਦੇ ’ਤੇ ਦਾਸੋ ਐਵੀਏਸ਼ਨ ਨਾਲ ਤਾਲਮੇਲ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਅਪ੍ਰੈਲ 2015 ਨੂੰ ਪੈਰਿਸ ਵਿਚ ਤਤਕਾਲੀਨ ਫ੍ਰਾਂਸੀਸੀ ਰਾਸ਼ਟਰਪਤੀ ਫ੍ਰਾਂਸਵਾ ਓਲਾਂਦ ਨਾਲ ਗਲਬਾਤ ਕਰਨ ਤੋਂ ਬਾਅਦ 36 ਰਫਾਲ ਦੀ ਖਰੀਦ ਦਾ ਐਲਾਨ ਕੀਤਾ ਸੀ। ਕਰੀਬ 56000 ਕਰੋੜ ਰੁਪਏ ਦੀ ਲਾਗਤ ਵਾਲਾ ਆਖਰੀ ਕਰਾਰ 23 ਸਤੰਬਰ 2016 ਨੂੰ ਹੋਇਆ ਸੀ।
ਕਾਂਗਰਸ ਰਫਾਲ ਕਰਾਰ ਵਿਚ ਵੱਡੇ ਪੈਮਾਨੇ ’ਤੇ ਬੇਨਿਯਮਾਂ ਦਾ ਇਲਜ਼ਾਮ ਲਗਾਉਂਦੀ ਰਹੀ ਹੈ। ਉਹ ਦਾਸੋ ਐਵੀਏਸ਼ਨ ਦੇ ਆਫਸੇਟ ਪਾਰਟਨਰ ਲਈ ਅਨਿਲ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਡਿਫੈਂਸ ਲਈ ਮੋਦੀ ਸਰਕਾਰ ’ਤੇ ਹਮਲਾਵਰ ਰਹੀ ਹੈ। ਮੋਦੀ ਸਰਕਾਰ ਨੇ ਕਾਂਗਰਸ ਦੇ ਆਰੋਪਾਂ ਨੂੰ ਖਾਰਜ ਕੀਤਾ ਹੈ। ਭਾਰਤ ਨੂੰ ਪਹਿਲਾਂ ਰਫਾਲ ਜਹਾਜ਼ ਇਸ ਸਾਲ ਸਤੰਬਰ ਵਿਚ ਮਿਲਣ ਦੀ ਸੰਭਾਵਨਾ ਹੈ।