
ਰਿਜ਼ਰਵ ਬੈਂਕ ਨੇ ਸਸਤੇ ਮਕਾਨਾਂ ਦੇ ਖ਼ਰੀਦਦਾਰਾਂ ਲਈ ਲੋਨ ਸਹੂਲਤ ਹੋਰ ਬੇਹਤਰ ਬਣਾਉਂਦਿਆਂ 35 ਲੱਖ ਰੁਪਏ ਤਕ ਦੇ ਕਰਜ਼ ਨੂੰ ਪ੍ਰਾਇਓਰਿਟੀ.....
ਨਵੀਂ ਦਿੱਲੀ : ਰਿਜ਼ਰਵ ਬੈਂਕ ਨੇ ਸਸਤੇ ਮਕਾਨਾਂ ਦੇ ਖ਼ਰੀਦਦਾਰਾਂ ਲਈ ਲੋਨ ਸਹੂਲਤ ਹੋਰ ਬੇਹਤਰ ਬਣਾਉਂਦਿਆਂ 35 ਲੱਖ ਰੁਪਏ ਤਕ ਦੇ ਕਰਜ਼ ਨੂੰ ਪ੍ਰਾਇਓਰਿਟੀ ਸੈਕਟਰ ਲੈਂਡਿੰਗ ਦੇ ਲੋਨ ਦੀ ਕੈਟੇਗਰੀ 'ਚ ਸ਼ਾਮਲ ਕੀਤਾ ਹੈ। ਇਹ ਸਹੂਲਤ 45 ਲੱਖ ਰੁਪਏ ਦੀ ਕੀਮਤ ਵਾਲੇ ਮਕਾਨਾਂ ਲਈ ਉਪਲਬਧ ਹੋਵੇਗੀ। ਆਰ.ਬੀ.ਆਈ. ਦੇ ਇਸ ਫ਼ੈਸਲੇ ਤੋਂ ਬਾਅਦ 35 ਲੱਖ ਰੁਪਏ ਤਕ ਦੇ ਹੋਮ ਲੋਨ ਸਸਤੇ ਹੋ ਜਾਣਗੇ, ਕਿਉਂ ਕਿ ਬੈਂਕਾਂ ਤੋਂ ਪ੍ਰਾਇਓਰਿਟੀ ਸੈਕਟਰ ਦਾ ਕਰਜ਼ ਆਮ ਤੌਰ 'ਤੇ ਦੂਜੇ ਲੋਨ ਦੇ ਮੁਕਾਬਲੇ ਸਸਤਾ ਹੁੰਦਾ ਹੈ।
ਰਿਜ਼ਰਵ ਬੈਂਕ ਨੇ ਇਕ ਨੋਟੀਫ਼ੀਕੇਸ਼ਨ 'ਚ ਕਿਹਾ ਹੈ ਕਿ ਆਰਥਕ ਤੌਰ 'ਤੇ ਕਮਜ਼ੋਰ ਤਬਕੇ ਅਤੇ ਨਿਚਲੇ ਆਮਦਨ ਵਰਗ ਲਈ ਸਸਤੇ ਘਰ ਮੁਹਈਆ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਪ੍ਰਫੁਲਤ ਕਰਨ ਲਈ ਹੋਮਲ ਲੋਨ ਨਾਲ ਜੁੜੇ ਪ੍ਰਾਇਓਰਿਟੀ ਸੈਕਟਰ ਕਰਜ਼ ਦੇ ਦਿਸ਼ਾ-ਨਿਰਦੇਸ਼ਾਂ ਨੂੰ ਸਸਤੀ ਆਵਾਸ ਯੋਜਨਾ ਦੇ ਅਨੁਰੂਪ ਕੀਤਾ ਗਿਆ ਹੈ। ਇਸ ਲਈ ਪ੍ਰਾਇਓਰਿਟੀ ਸੈਕਟਰ ਲੋਨ ਤਹਿਤ ਹੋਮ ਲੋਨ ਹੱਦ ਮਹਾਂਨਗਰਾਂ ਲਈ 35 ਲੱਖ ਰੁਪਏ ਅਤੇ ਹੋਰ ਸ਼ਹਿਰਾਂ ਲਈ 25 ਲੱਖ ਰੁਪਏ ਕੀਤੀ ਜਾਵੇਗੀ।
ਹਾਲਾਂ ਕਿ ਇਸ ਲਈ ਸ਼ਰਤ ਰੱਖੀ ਗਈ ਹੈ ਕਿ ਦਸ ਲੱਖ ਅਤੇ ਉਸ ਤੋਂ ਜ਼ਿਆਦਾ ਆਬਾਦੀ ਵਾਲੇ ਸ਼ਹਿਰਾਂ 'ਚ ਅਜਿਹੇ ਮਕਾਨਾਂ ਦੀ ਕੁਲ ਕੀਮਤ 45 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਉਥੇ ਹੀ ਦੂਜੇ ਸ਼ਹਿਰਾਂ 'ਚ ਸਸਤੀ ਆਵਾਸ ਯੋਜਨਾ ਵਾਲੇ ਇਨ੍ਹਾਂ ਮਕਾਨਾਂ ਦੀ ਕੀਮਤ 30 ਲੱਖ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਉਦੋਂ ਉਨ੍ਹਾਂ ਨੂੰ ਪ੍ਰਾਇਓਰਿਟੀ ਸੈਕਟਰ ਲੈਂਡਿੰਗ ਦੇ ਦਾਇਰੇ 'ਚ ਲੋਨ ਦੀ ਸਹੂਲਤ ਉਪਲਬਧ ਹੋਵੇਗੀ। (ਏਜੰਸੀ)