
ਵੀਡੀਉਕਾਨ ਇੰਡਸਟਰੀ ਨੂੰ ਦਿਤੇ ਗਏ ਲੋਨ ਦੇ ਮਾਮਲੇ 'ਚ ਜਾਂਚ ਦਾ ਸਾਹਮਣਾ ਕਰ ਰਹੀ ਆਈ.ਸੀ.ਆਈ.ਸੀ.ਆਈ. ਬੈਂਕ ਦੀ ਸੀ.ਈ.ਓ......
ਨਵੀਂ ਦਿੱਲੀ: ਵੀਡੀਉਕਾਨ ਇੰਡਸਟਰੀ ਨੂੰ ਦਿਤੇ ਗਏ ਲੋਨ ਦੇ ਮਾਮਲੇ 'ਚ ਜਾਂਚ ਦਾ ਸਾਹਮਣਾ ਕਰ ਰਹੀ ਆਈ.ਸੀ.ਆਈ.ਸੀ.ਆਈ. ਬੈਂਕ ਦੀ ਸੀ.ਈ.ਓ. ਅਤੇ ਐਮ.ਡੀ. ਚੰਦਾ ਕੋਛੜ ਦੇ ਹਿੱਤਾਂ ਦੇ ਟਕਰਾਅ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਆਮਦਨ ਕਰ ਵਿਭਾਗ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਚੰਦਾ ਕੋਛੜ ਪਰਵਾਰ ਵਲੋਂ ਸਾਊਥ ਮੁੰਬਈ ਦੇ ਸੀ.ਸੀ.ਆਈ. ਚੈਂਬਰਜ਼ ਅਪਾਰਟਮੈਂਟ 'ਚ ਮਕਾਨ ਖ਼ਰੀਦਣ 'ਚ ਵੀਡੀਉਕਾਨ ਨੇ ਮਦਦ ਕੀਤੀ ਹੈ? ਚੰਦਾ ਕੋਛੜ ਦਾ ਪਰਵਾਰ ਫਿਲਹਾਲ ਇਸੇ ਮਕਾਨ 'ਚ ਰਹਿੰਦਾ ਹੈ। ਜਾਣਕਾਰੀ ਮੁਤਾਬਕ ਇਸ ਮਕਾਨ ਦੀ ਖ਼ਰੀਦ 'ਚ ਵੀਡੀਉਕਾਨ ਨਾਲ ਜੁੜੀਆਂ ਕਈ ਕੰਪਨੀਆਂ ਵਲੋਂ ਕੀਤਾ ਗਿਆ
ਗੁੰਝਲਦਾਰ ਲੈਣ-ਦੇਣ ਸ਼ਾਮਲ ਹੈ। ਵੀਡੀਉਕਾਨ ਅਤੇ ਕੋਛੜ ਦੇ ਮਾਕਨ ਨਾਲ ਜੁੜੇ ਇਸ ਮਾਮਲੇ ਨਾਲ ਹਿੱਤਾਂ ਦੇ ਟਕਰਾਅ ਦਾ ਉਹ ਮਸਲਾ ਹੋਰ ਮਜਬੂਤ ਹੋ ਜਾਂਦਾ ਹੈ, ਜਿਸ 'ਚ ਫਿਲਹਾਲ ਚੰਦਾ ਕੋਛੜ ਫਸੀ ਹੋਈ ਹੈ ਅਤੇ ਜਿਸ ਦੀ ਜਾਂਚ ਚੱਲ ਰਹੀ ਹੈ। ਆਈ.ਸੀ.ਆਈ.ਸੀ.ਆਈ. ਇਸ ਮਾਮਲੇ ਦੀ ਆਜ਼ਾਦ ਤੌਰ 'ਤੇ ਜਾਂਚ ਕਰ ਰਿਹਾ ਹੈ ਅਤੇ ਜਾਂਚ ਹੋਣ ਤਕ ਚੰਦਾ ਕੋਛੜ ਨੂੰ ਛੁਟੀ 'ਤੇ ਭੇਜ ਦਿਤਾ ਗਿਆ ਹੈ। ਜਾਣਕਾਰੀ ਮੁਤਾਬਕ 45, ਸੀ.ਸੀ.ਆਈ. ਚੈਂਬਰਜ਼ ਸੀ.ਐਚ.ਐਸ. ਲਿਮਟਿਡ ਦੇ ਪਤੇ 'ਤੇ ਸਥਿਤ ਕੋਛੜ ਪਰਵਾਰ ਦਾ ਫ਼ਲੈਟ ਕ੍ਰਿਕਟ ਕਲੱਬ ਆਫ਼ ਇੰਡੀਆ ਸਾਹਮਣੇ ਚਰਚਗੇਟ ਇਲਾਕੇ 'ਚ ਹੈ। ਆਮਦਨ ਕਰ ਵਿਭਾਗ ਨੇ ਅਜੇ ਤਕ ਜਾਂਚ ਤੋਂ ਹਾਸਲ
ਜਾਣਕਾਰੀ ਕੇਂਦਰੀ ਪ੍ਰਤੱਖ ਕਰ ਬੋਰਡ (ਸੀ.ਬੀ.ਡੀ.ਟੀ.) ਨੂੰ ਭੇਜੀ ਹੈ। ਜ਼ਿਕਰਯੋਗ ਹੈ ਕਿ ਆਈ. ਸੀ. ਆਈ.ਸੀ.ਆਈ. ਬੈਂਕ ਨੇ ਸਾਲ 2012 'ਚ ਵੀਡੀਉਕਾਨ ਗਰੁਪ ਨੂੰ ਐਸ.ਬੀ.ਆਈ. ਦੀ ਅਗਵਾਈ 'ਚ ਬਣਾਏ ਗਏ ਇਕ ਕੰਸੋਰਸ਼ੀਅਮ 'ਚ ਸ਼ਾਮਲ ਹੋ ਕੇ 3250 ਕਰੋੜ ਰੁਪਏ ਦਾ ਲੋਨ ਦਿਤਾ ਸੀ। ਇਸ ਕੰਸੋਰਸ਼ੀਅਮ 'ਚ 20 ਬੈਂਕ ਸ਼ਾਮਲ ਸਨ, ਜਿਨ੍ਹਾਂ ਨੇ ਕੁਲ ਚਾਲੀ ਹਜ਼ਾਰ ਕਰੋੜ ਰੁਪਏ ਦਾ ਲੋਨ ਵੀਡੀਉਕਾਨ ਨੂੰ ਦਿਤਾ।
ਇਸ ਤੋਂ ਬਾਅਦ ਆਈ.ਸੀ.ਆਈ. ਸੀ.ਆਈ. ਬੈਂਕ ਅਤੇ ਵੀਡੀਉਕਾਨ ਦੇ ਨਿਵੇਸ਼ਕ ਅਰਵਿੰਦ ਗੁਪਤਾ ਨੇ 15 ਮਾਰਚ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਰੁਣ ਜੇਤਲੀ ਸਮੇਤ ਕਈ ਹੋਰ ਸਰਕਾਰੀ ਵਿਭਾਗਾਂ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਕੀ ਚੰਦਾ ਕੋਛੜ ਦੇ ਪਤੀ ਦੀਪਕ ਕੋਛੜ ਦੇ ਵੀਡੀਉਕਾਨ ਗਰੁਪ ਦੇ ਚੇਅਰਮੈਨ ਨਾਲ ਵਪਾਰਕ ਰਿਸ਼ਤੇ ਹਨ, ਅਜਿਹੇ 'ਚ ਵੀਡੀਉਕਾਨ ਗਰੁਪ ਨੂੰ ਦਿਤੇ ਗਏ 3250 ਕਰੋੜ ਰੁਪਏ ਦੇ ਲੋਨ 'ਚ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੋ ਸਕਦਾ ਹੈ। ਇਸ ਮਾਮਲੇ 'ਚ ਚੰਦਾ ਕੋਛੜ ਵਿਰੁਧ ਜਾਂਚ ਚੱਲ ਰਹੀ ਹੈ। (ਏਜੰਸੀ)